9.2 C
Toronto
Friday, April 24, 2026
spot_img
Homeਪੰਜਾਬਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉੱਘੇ ਹਾਕੀ ਖਿਡਾਰੀ ਬੋਵਲੈਂਡਰ ਨਾਲ...

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉੱਘੇ ਹਾਕੀ ਖਿਡਾਰੀ ਬੋਵਲੈਂਡਰ ਨਾਲ ਮੁਲਾਕਾਤ

ਪੰਜਾਬ ਦੇ ਖਿਡਾਰੀਆਂ ਨੂੰ ਸਿਖਲਾਈ ਦੇਣ ਦਾ ਸੱਦਾ ਦਿੱਤਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੀਦਰਲੈਂਡਜ਼ ਦੇ ਅਧਿਕਾਰਤ ਦੌਰੇ ਦੌਰਾਨ ਉਥੋਂ ਦੇ ਉੱਘੇ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਹਾਕੀ ਖੇਡ ਨੂੰ ਹੋਰ ਮਜ਼ਬੂਤ ਕਰਨ ਅਤੇ ਵੱਕਾਰੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਮੱਦੇਨਜ਼ਰ ਉਨ੍ਹਾਂ (ਬੋਵਲੈਂਡਰ) ਦੇ ਤਜਰਬੇ ਦਾ ਲਾਭ ਲੈਣ ਦੀ ਪੇਸ਼ਕਸ਼ ਕੀਤੀ। ਨੀਦਰਲੈਂਡਜ਼ ਦੇ ਸਾਬਕਾ ਹਾਕੀ ਖਿਡਾਰੀ ਨੇ ਮੁੱਖ ਮੰਤਰੀ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ।
ਮੁਲਕਾਤ ਦੇ ਵੇਰਵੇ ਐਕਸ ‘ਤੇ ਸਾਂਝੇ ਕਰਦਿਆਂ ਮਾਨ ਨੇ ਲਿਖਿਆ, ”ਨੀਦਰਲੈਂਡਜ਼ ਵਿੱਚ ਓਲੰਪੀਅਨ ਫਲੋਰਿਸ ਜਾਨ ਬੋਵਲੈਂਡਰ ਜੋ ਆਪਣੇ ਬੇਮਿਸਾਲ ਹੁਨਰ ਅਤੇ ਖੇਡ ਜਗਤ ‘ਚ ਯੋਗਦਾਨ ਲਈ ਜਾਣੇ ਜਾਂਦੇ ਹਨ, ਨੂੰ ਮਿਲ ਕੇ ਖੁਸ਼ੀ ਹੋਈ। ਉਨ੍ਹਾਂ ਦਾ ਤਜਰਬਾ ਸਾਡੇ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰੇਗਾ। ਉਨ੍ਹਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ, ਜੋ ਉਨ੍ਹਾਂ ਨੇ ਪ੍ਰਵਾਨ ਕਰ ਲਿਆ। ਉਹ ਸਾਡੇ ਖਿਡਾਰੀਆਂ ਨਾਲ ਜੁੜਨਗੇ ਅਤੇ ਆਗਾਮੀ ਏਸ਼ੀਆ ਹਾਕੀ ਚੈਂਪੀਅਨਸ਼ਿਪ ਦੇ ਮੱਦੇਨਜ਼ਰ ਉਨ੍ਹਾਂ ਨੂੰ ਪ੍ਰੇਰਿਤ ਕਰਨਗੇ। ਪੰਜਾਬ ਖੇਡਾਂ ਵਿਚਲੇ ਹੁਨਰ ਨੂੰ ਸੰਭਾਲਣ ਅਤੇ ਹਾਕੀ ਨੂੰ ਨਵੀਂਆਂ ਬੁਲੰਦੀਆਂ ‘ਤੇ ਲਿਜਾਣ ਲਈ ਵਚਨਬੱਧ ਹੈ।” ਦੱਸਣਯੋਗ ਹੈ ਕਿ ਹਾਕੀ ਦੇ ਇਤਿਹਾਸ ‘ਚ ਬੋਵਲੈਂਡਰ (60) ਦਾ ਬਿਹਤਰੀਨ ਪੈਨਲਟੀ ਕਾਰਨਰ ਮਾਹਿਰ ਵਜੋਂ ਸਤਿਕਾਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਨੀਦਰਲੈਂਡਜ਼ ਦੀ ਕੌਮੀ ਟੀਮ ਦੀ 1985 ਤੋਂ 1996 ਤੱਕ ਨੁਮਾਇੰਦਗੀ ਕੀਤੀ ਅਤੇ 241 ਕੌਮਾਂਤਰੀ ਮੈਚਾਂ ਵਿੱਚ 215 ਗੋਲ ਦਾਗ਼ੇ। ਉਨ੍ਹਾਂ ਨੇ ਨੀਦਰਲੈਂਡਜ਼ ਟੀਮ ਨੂੰ 1996 ਦੀਆਂ ਓਲੰਪਿਕਸ ‘ਚ ਸੋਨ ਤਗ਼ਮਾ, 1900 ਵਿੱਚ ਵਿਸ਼ਵ ਕੱਪ ਅਤੇ 1987 ‘ਚ ਯੂਰੋਪੀਅਨ ਚੈਂਪੀਅਨਸ਼ਿਪ ਸਣੇ ਕਈ ਖਿਤਾਬ ਜਿਤਾਉਣ ‘ਚ ਯੋਗਦਾਨ ਪਾਇਆ। ਮੁੱਖ ਮੰਤਰੀ ਭਗਵੰਤ ਮਾਨ ਦੀ ਬੋਵਲੈਂਡਰ ਨਾਲ ਮੁਲਾਕਾਤ ਨਾਲ ਹਾਕੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਹੁਲਾਰਾ ਮਿਲਣ ਦੀ ਉਮੀਦ ਹੈ, ਕਿਉਂਕਿ ਬੋਵਲੈਂਡਰ ਆਗਾਮੀ ਕੌਮਾਂਤਰੀ ਟੂਰਨਾਮੈਂਟਾਂ ਤੋਂ ਪਹਿਲਾਂ ਪੰਜਾਬ ਦਾ ਦੌਰਾ ਕਰਨਗੇ ਅਤੇ ਨੌਜਵਾਨ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣਗੇ।
ਮਾਨ ਨੇ ਕਿਹਾ ਕਿ ਪਹਿਲੀ ਵਾਰ ਪੰਜਾਬ ਹਾਕੀ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਕਰੇਗਾ, ਜੋ ਸੂਬੇ ਦੇ ਖੇਡ ਵਾਤਾਵਰਨ ਲਈ ਵੱਡਾ ਮੀਲ ਪੱਥਰ ਹੈ। ਚਾਰ ਦੇਸ਼ਾਂ ਦੇ ਇਸ ਟੂਰਨਾਮੈਂਟ ਨਾਲ ਪੰਜਾਬ ਦੀ ਸਥਿਤੀ ਵਿਸ਼ਵ ਪੱਧਰ ‘ਤੇ ਹਾਕੀ ਹੱਬ ਵਜੋਂ ਹੋਰ ਮਜ਼ਬੂਤ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਖਿਡਾਰੀਆਂ ਤੋਂ ਬਿਨਾਂ ਭਾਰਤੀ ਹਾਕੀ ਦੀ ਕਲਪਨਾ ਕਰਨੀ ਅਸੰਭਵ ਹੈ। ਪੰਜਾਬ ਦੇ 50 ਤੋਂ ਵੱਧ ਖਿਡਾਰੀਆਂ ਨੇ ਓਲੰਪਿਕ ਤਗਮੇ ਜਿੱਤੇ ਹਨ ਅਤੇ 10 ਪੰਜਾਬੀ ਖਿਡਾਰੀਆਂ ਨੇ ਉਲੰਪਿਕ ਵਿੱਚ ਭਾਰਤ ਦੀ ਕਪਤਾਨੀ ਕੀਤੀ ਹੈ।

 

RELATED ARTICLES
POPULAR POSTS