Breaking News
Home / ਪੰਜਾਬ / 1971 ਦੀ ਜੰਗ ਵਿਚ ਹਿੱਸਾ ਲੈਣ ਵਾਲੇ ਫੌਜੀਆਂ ਨੂੰ ਕੀਤਾ ਯਾਦ

1971 ਦੀ ਜੰਗ ਵਿਚ ਹਿੱਸਾ ਲੈਣ ਵਾਲੇ ਫੌਜੀਆਂ ਨੂੰ ਕੀਤਾ ਯਾਦ

ਦੇਸ਼ ਨੂੰ ਆਪਣੇ ਫੌਜੀ ਜਵਾਨਾਂ ‘ਤੇ ਮਾਣ
ਜਲੰਧਰ/ਬਿਊਰੋ ਨਿਊਜ਼ : ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੋਂ ਇਕ ਦਿਨ ਪਹਿਲਾਂ ਹੀ ਦੇਸ਼ ਨੇ 1971 ਦੀ ਜੰਗ ਦੇ 50 ਸਾਲ ਪੂਰੇ ਹੋਣ ‘ਤੇ ਉਨ੍ਹਾਂ ਫ਼ੌਜੀ ਜਵਾਨਾਂ ਨੂੰ ਯਾਦ ਕੀਤਾ, ਜਿਨ੍ਹਾਂ ਇਸ ਜੰਗ ਵਿੱਚ ਹਿੱਸਾ ਲਿਆ ਸੀ।
ਜਲੰਧਰ ‘ਚ ਸਨਮਾਨ ਸਮਾਰੋਹ ਵਿੱਚ ਆਈ ਖੁਰਦਪੁਰ ਦੀ ਮਨਜੀਤ ਕੌਰ ਨੇ ਦੱਸਿਆ ਕਿ ਉਸ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਵੀ ਨਹੀਂ ਸੀ ਉਤਰਿਆ, ਜਦੋਂ ਉਸ ਦਾ ਪਤੀ ਕੈਪਟਨ ਹਰਭਜਨ ਸਿੰਘ ਜੰਗ ਵਿੱਚ ਸ਼ਾਮਲ ਹੋਣ ਲਈ ਸਰਹੱਦ ‘ਤੇ ਚਲਾ ਗਿਆ ਸੀ।
ਮਨਜੀਤ ਕੌਰ ਨੇ ਪੁਰਾਣੇ ਦਿਨ ਯਾਦ ਕਰਦਿਆਂ ਦੱਸਿਆ ਕਿ ਉਸ ਨੂੰ ਆਪਣੇ ਵਿਆਹ ਦੀ ਤਰੀਕ ਤਾਂ ਯਾਦ ਨਹੀਂ ਪਰ ਏਨਾ ਪੱਕੀ ਤਰ੍ਹਾਂ ਯਾਦ ਹੈ ਕਿ ਜਦੋਂ ਉਹ ਵਿਆਹੀ ਆਈ ਸੀ ਤਾਂ ਸੱਤਾਂ ਦਿਨਾਂ ਬਾਅਦ ਹੀ 1971 ਦੀ ਜੰਗ ਲੱਗ ਗਈ ਸੀ ਤੇ ਉਸ ਦੇ ਪਤੀ ਨੂੰ ਫ਼ੌਜ ਨੇ ਬੁਲਾ ਲਿਆ ਸੀ। ਉਨ੍ਹਾਂ ਦੱਸਿਆ ਕਿ ਇਸ ਲੜਾਈ ‘ਚ ਉਸ ਦੇ ਪਤੀ ਵੱਲੋਂ ਦਿਖਾਈ ਗਈ ਦਲੇਰੀ ਸਦਕਾ ਵੀਰ ਚੱਕਰ ਨਾਲ ਸਨਮਾਨਿਆ ਗਿਆ ਸੀ।
ਮਨਜੀਤ ਕੌਰ ਨੇ ਦੱਸਿਆ ਕਿ ਇਸ ਜੰਗ ਦੌਰਾਨ ਹੀ ਉਹ ਆਪਣੇ ਮਾਪਿਆਂ ਦੇ ਪਿੰਡ ਭਾਣੋ ਲੰਙਾ ਜ਼ਿਲ੍ਹਾ ਕਪੂਰਥਲਾ ਚਲੇ ਗਈ ਸੀ। ਉਸ ਨੂੰ ਗੁਆਂਢੀਆਂ ਤੋਂ ਪਤਾ ਲੱਗਾ ਸੀ ਕਿ ਉਸ ਦੇ ਪਤੀ ਕੈਪਟਨ ਹਰਭਜਨ ਸਿੰਘ ਦੀ ਸੱਜੀ ਬਾਂਹ ਅਤੇ ਖੱਬੀ ਲੱਤ ਵਿੱਚ ਪੰਜ ਗੋਲੀਆਂ ਲੱਗੀਆਂ ਸਨ। ਆਪਣੇ ਪਤੀ ਵੱਲੋਂ ਬਹਾਦਰੀ ਨਾਲ ਲੜੀ ਲੜਾਈ ਅਤੇ ਦੁਸ਼ਮਣ ਦੀਆਂ ਖਾਧੀਆਂ ਗੋਲੀਆਂ ਦਾ ਜ਼ਿਕਰ ਕਰਦਿਆਂ ਮਨਜੀਤ ਕੌਰ ਉਦੋਂ ਭਾਵੁਕ ਹੋ ਗਈ, ਜਦੋਂ ਉਸ ਨੇ ਦੱਸਿਆ ਕਿ ਕੈਪਟਨ ਹਰਭਜਨ ਸਿੰਘ ਵੱਲੋਂ ਖੱਬੇ ਹੱਥ ਨਾਲ ਆਪਣੇ ਸੁਖ-ਸਾਂਦ ਦੀ ਲਿਖੀ ਚਿੱਠੀ ਦੀ ਯਾਦ ਦਿਲ ਦੇ ਸੰਦੂਕ ਵਿੱਚ ਸਾਂਭੀ ਹੋਈ ਹੈ। ਮਨਜੀਤ ਕੌਰ ਨੇ ਕਿਹਾ ਕਿ ਉਸ ਦੇ ਪਤੀ ਦੀ ਮੌਤ 2019 ਵਿੱਚ ਹੋ ਗਈ ਸੀ ਅਤੇ ਉਸ ਨੂੰ ਅੱਜ ਵੀ ਉਨ੍ਹਾਂ ਵੱਲੋਂ ਦੇਸ਼ ਲਈ ਨਿਭਾਈਆਂ ਸੇਵਾਵਾਂ ‘ਤੇ ਮਾਣ ਹੈ।
ਇਥੇ ਲੱਧੇਵਾਲੀ ਦੇ ਰਹਿਣ ਵਾਲੇ ਵੀਰ ਚੱਕਰ ਪ੍ਰਾਪਤ ਬ੍ਰਿਗੇਡੀਅਰ ਜੋਗਿੰਦਰ ਸਿੰਘ ਜੈਸਵਾਲ ਨੇ 1971 ਦੀ ਜੰਗ ਨੂੰ ਯਾਦ ਕਰਦਿਆਂ ਦੱਸਿਆ ਕਿ ਉਸ ਦਾ ਜਨਮ 1947 ਦਾ ਹੈ ਤੇ 1970 ਵਿੱਚ ਉਹ ਫੌਜ ‘ਚ ਭਰਤੀ ਹੋ ਗਿਆ ਸੀ। ਬ੍ਰਿਗੇਡੀਅਰ ਜੈਸਵਾਲ ਨੇ ਦੱਸਿਆ ਕਿ 50 ਸਾਲ ਪਹਿਲਾਂ ਜਦੋਂ ਉਹ ਸਰਹੱਦ ‘ਤੇ ਲੜ ਰਿਹਾ ਸੀ ਤਾਂ ਉਨ੍ਹਾਂ ਦੀ ਤਾਇਨਾਤੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬੀਐੱਸਐਫ ਦੀ ਇਕ ਚੌਕੀ ‘ਤੇ ਸੀ। ਪਾਕਿਸਤਾਨ ਵਾਲੇ ਪਾਸਿਓਂ ਗੋਲੀਆਂ ਚੱਲ ਰਹੀਆਂ ਸਨ। ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਲੱਗਾ ਕਿ ਦੁਸ਼ਮਣ ਫ਼ੌਜ ਦਾ ਜਵਾਨ ਬਿਲਕੁਲ ਉਨ੍ਹਾਂ ਦੇ ਨੇੜੇ ਪਹੁੰਚ ਕੇ ਗੋਲੀਬਾਰੀ ਕਰ ਰਿਹਾ ਸੀ। ਬ੍ਰਿਗੇਡੀਅਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੱਛੇ ਸਿਪਾਹੀ ਸੁਰਜੀਤ ਸਿੰਘ ਖੜ੍ਹਾ ਸੀ, ਜਿਸ ਨੇ ਉਨ੍ਹਾਂ ਨੂੰ ਚੌਕਸ ਕਰਦਿਆਂ ਅਜੇ ‘ਸਾਬ੍ਹ ਜੀ’ ਸ਼ਬਦ ਹੀ ਬੋਲਿਆ ਸੀ ਤਾਂ ਉਹ ਇਕਦਮ ਬੈਠ ਗਏ ਤੇ ਗੋਲੀ ਦੀ ਮਾਰ ਤੋਂ ਬਚ ਗਏ ਪਰ ਸੁਰਜੀਤ ਸਿੰਘ ਖੜ੍ਹਾ ਹੋਣ ਕਰਕੇ ਗੋਲੀ ਉਸ ਦੇ ਜਾ ਵੱਜੀ ਤੇ ਉਹ ਦੇਸ਼ ਲਈ ਸ਼ਹੀਦ ਹੋ ਗਿਆ। ਸੁਰਜੀਤ ਦੀ ਕੁਰਬਾਨੀ ਨੂੰ ਉਹ ਕਦੇ ਵੀ ਨਹੀਂ ਭੁੱਲੇ। ਭਿੱਖੀਵਿੰਡ ਰੋਡ ‘ਤੇ ਅੱਜ ਵੀ ਉਸ ਦਾ ਪਰਿਵਾਰ ਰਹਿੰਦਾ ਹੈ, ਜਿਸ ਨੂੰ ਉਹ ਮਿਲਦੇ ਰਹਿੰਦੇ ਹਨ ਕਿਉਂਕਿ ਸੁਰਜੀਤ ਸਿੰਘ ਦੀ ਕੁਰਬਾਨੀ ਸਦਕਾ ਹੀ ਉਹ ਅੱਜ ਜ਼ਿੰਦਾ ਹੈ। ਉਨ੍ਹਾਂ ਨੇ ਸ਼ਹੀਦ ਸੁਰਜੀਤ ਸਿੰਘ ਨੂੰ ਵੀ ਸੈਨਾ ਮੈਡਲ ਦੁਆਇਆ ਸੀ।
ਰਾਜਪਾਲ ਵੱਲੋਂ ਵੀਰ ਨਾਰੀਆਂ ਦਾ ਵੀ ਸਨਮਾਨ
ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਜਲੰਧਰ ਛਾਉਣੀ ਵਿਚ ਵਜਰਾ ਕੋਰ ਦਾ ਦੌਰਾ ਕੀਤਾ ਅਤੇ ਵਜਰਾ ਕੋਰ ਵੱਲੋਂ ਕਰਵਾਏ ਸਮਾਗਮ ਵਿੱਚ ਵੈਟਰਨਜ਼ ਅਤੇ ਵੀਰ ਨਾਰੀਆਂ ਦਾ ਸਨਮਾਨ ਕੀਤਾ ਗਿਆ। 1971 ਦੇ ਭਾਰਤ-ਪਾਕਿ ਯੁੱਧ ਵਿੱਚ ਪਾਕਿਸਤਾਨ ਉੱਤੇ ਜਿੱਤ ਦੀ 50ਵੀਂ ਵਰ੍ਹੇਗੰਢ ਨੂੰ ਸੁਨਹਿਰੀ ਜਿੱਤ ਦੇ ਸਾਲ ‘ਸਵਰਨਿਮ ਵਿਜੈ ਵਰਸ਼’ ਵਜੋਂ ਮਨਾਉਣ ਲਈ ਇਹ ਸਮਾਗਮ ਕਰਵਾਇਆ ਗਿਆ ਸੀ। ਰਾਜਪਾਲ ਦਾ ਸਵਾਗਤ ਅਤੇ ਸੰਚਾਲਨ ਜਨਰਲ ਅਫਸਰ ਕਮਾਂਡਿੰਗ ਵਜਰਾ ਕੋਰ ਲੈਫਟੀਨੈਂਟ ਜਨਰਲ ਸੀ ਬੰਸੀ ਪੋਨੱਪਾ ਨੇ ਕੀਤਾ। ਰਾਜਪਾਲ ਨੇ ਭਾਰਤੀ ਫੌਜ ਦੇ ਬਹਾਦਰ ਸੈਨਿਕਾਂ ਨੂੰ ਵਜਰਾ ਸ਼ੌਰਿਆ ਸਥਲ ‘ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਫਿਰ ਉਨ੍ਹਾਂ ਵਜਰਾ ਅਜਾਇਬ ਘਰ ਦਾ ਦੌਰਾ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਭਾਰਤ ਮਾਤਾ ਦੇ ਸਪੂਤਾਂ ਨੂੰ ਯਾਦ ਕੀਤਾ, ਜਿਨ੍ਹਾਂ 1971 ਦੀ ਭਾਰਤ-ਪਾਕਿ ਜੰਗ ਦੌਰਾਨ ਕੁਰਬਾਨੀ ਦਿੱਤੀ ਸੀ। ਕੋਵਿਡ-19 ਸਬੰਧੀ ਸਾਰੀਆਂ ਸਾਵਧਾਨੀਆਂ ਨੂੰ ਯਕੀਨੀ ਬਣਾਉਂਦੇ ਹੋਏ ਸਮਾਗਮ ਵਿੱਚ ਸੀਨੀਅਰ ਫੌਜੀ ਅਧਿਕਾਰੀ, 1971 ਦੇ ਜੰਗੀ ਸੈਨਿਕ, ਵੀਰ ਨਾਰੀਆਂ, ਸੇਵਾ ਕਰ ਰਹੇ ਸਿਪਾਹੀ ਅਤੇ ਸਿਵਲ ਪਤਵੰਤੇ ਸ਼ਾਮਲ ਹੋਏ। ਗ੍ਰੀਨ ਅਰਥ ਮੁਹਿੰਮ ਨੂੰ ਸਮਰਥਨ ਦਿੰਦੇ ਹੋਏ ਰਾਜਪਾਲ ਨੇ ਇੱਕ ਬੂਟਾ ਲਾਇਆ ਅਤੇ ਹਰੇਕ ਨੂੰ ਵਾਤਾਵਰਨ ਦੀ ਰੱਖਿਆ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਉਤਸ਼ਾਹਿਤ ਕੀਤਾ।

 

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …