9.2 C
Toronto
Friday, April 24, 2026
spot_img
Homeਕੈਨੇਡਾਪੀ.ਸੀ.ਐੱਚ.ਐੱਸ. ਦੇ ਸ਼ੁੱਕਰਵਾਰ ਵਾਲੇ ਗਰੁੱਪ ਨੇ ਵਿਸਾਖੀ ਦਾ ਤਿਓਹਾਰ ਮਨਾਇਆ

ਪੀ.ਸੀ.ਐੱਚ.ਐੱਸ. ਦੇ ਸ਼ੁੱਕਰਵਾਰ ਵਾਲੇ ਗਰੁੱਪ ਨੇ ਵਿਸਾਖੀ ਦਾ ਤਿਓਹਾਰ ਮਨਾਇਆ

ਵਿਸਾਖੀ ਬਾਰੇ ਵਿਚਾਰਾਂ ਤੇ ਗੀਤ-ਸੰਗੀਤ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਸ਼ੁੱਕਰਵਾਰ ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼ (ਪੀ.ਸੀ.ਐੱਚ.ਐੱਸ.) ਦੇ ਸ਼ੁੱਕਰਵਾਰ ਵਾਲੇ ਗਰੁੱਪ ਨੇ ਵਿਸਾਖੀ ਦਾ ਤਿਓਹਾਰ ਬੜੇ ਸ਼ੌਕ ਅਤੇ ਉਤਸ਼ਾਹ ਨਾਲ ਮਨਾਇਆ। ਪ੍ਰੋਗਰਾਮ ਦੀ ਕੋਆਰਡੀਨੇਟਰ ਆਸ਼ਾ ਅਸ਼ਵਾਲ ਅਤੇ ਉਨ੍ਹਾਂ ਦੀਆਂ ਸਹਿਯੋਗੀ ਵਾਲੰਟੀਅਰ ਸਾਥਣਾਂ ਨੇ ਮੀਟਿੰਗ-ਹਾਲ ਨੂੰ ਰੰਗ-ਬਿਰੰਗੇ ਫੁੱਲਾਂ-ਬੂਟਿਆਂ ਨਾਲ ਬਹੁਤ ਵਧੀਆ ਤਰ੍ਹਾਂ ਸ਼ਿੰਗਾਰਿਆ ਹੋਇਆ ਸੀ। ਵਿਚਕਾਰ ਇੱਕ ਵੱਡੇ ਮੇਜ਼ ਉੱਪਰ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ਚਰਖਾ, ਚੱਕੀ, ਚਾਟੀ, ਮਧਾਣੀ, ਵੇਲਣਾ, ਟਰੈਕਟਰ ਆਦਿ ਦੇ ਮਾਡਲ ਅਤੇ ਦੋ ਛੋਟੇ-ਛੋਟੇ ਗਮਲਿਆਂ ਵਿੱਚ ਕਣਕ ਦੇ ਉਗੇ ਹੋਏ ਬੂਟੇ ਰੱਖੇ ਹੋਏ ਸਨ। ਹਾਲ ਵਿੱਚ ਲੱਗੇ ਹੋਏ ਟੀ.ਵੀ. ਉੱਪਰ ਮਹਾਨ ਪੰਜਾਬੀ ਗਾਇਕਾ ‘ਪੰਜਾਬ ਦੀ ਕੋਇਲ’ ਦੇ ਪੰਜਾਬੀ ਸੱਭਿਆਚਾਰ ਵਿੱਚ ਡੁੱਬੇ ਗੀਤ ਚੱਲ ਰਹੇ ਸਨ ਜੋ ਇਸ ਸਮਾਗਮ ਵਿੱਚ ਸ਼ਾਮਲ ਹੋ ਰਹੇ ਮੈਂਬਰਾਂ ਦਾ ਸਵਾਗਤ ਕਰ ਰਹੇ ਸਨ।
ਗਿਆਰਾਂ ਵਜੇ ਦੇ ਕਰੀਬ ਗਰੁੱਪ ਦੇ ਸਾਰੇ ਮੈਂਬਰਾਂ ਦੀ ਆਮਦ ਤੋਂ ਬਾਅਦ ਪ੍ਰੋਗਰਾਮ ਦੀ ਕੋਆਰਡੀਨੇਟਰ ਵੱਲੋਂ ਵਿਸਾਖੀ ਦੇ ਸ਼ੁਭ ਤਿਓਹਾਰ ਦੀਆਂ ਮੁਬਾਰਕਾਂ ਸਾਂਝੀਆਂ ਕਰਦਿਆਂ ਹੋਇਆਂ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਪ੍ਰੋਗਰਾਮ ਦੀ ਰੂਪ-ਰੇਖ਼ਾ ਦੱਸੀ ਗਈ। ਪ੍ਰੋਗਰਾਮ ਦੇ ਆਰੰਭ ਵਿੱਚ 10 ਕੁ ਮਿੰਟਾਂ ਲਈ ਸਰੀਰਕ ਕਸਰਤਾਂ ਕਰਵਾਈਆਂ ਗਈਆਂ ਅਤੇ ਫਿਰ ਇੱਕ ਸਿਰੇ ਤੋਂ ਸ਼ੁਰੂ ਕਰਕੇ ਹਰੇਕ ਮੈਂਬਰ ਨੂੰ ਵਿਸਾਖੀ ਦੇ ਤਿਓਹਾਰ ਬਾਰੇ ਆਪਣੇ ਵਿਚਾਰ ਦੱਸਣ ਲਈ ਕਿਹਾ ਗਿਆ। ਇਸਦੀ ਵਾਰੀ ਪਹਿਲਾਂ ਬੀਬੀਆਂ ਵਾਲੇ ਪਾਸੇ ਦੀ ਆਈ ਜਿਨ੍ਹਾਂ ਵਿੱਚੋਂ ਦੋ-ਤਿੰਨ ਬੀਬੀਆਂ ਨੇ ਵਿਸਾਖੀ ਦੀ ਧਾਰਮਿਕ, ਇਤਹਾਸਕ ਅਤੇ ਸੱਭਿਆਚਾਰਕ ਅਹਿਮੀਅਤ ਬਾਰੇ ਸੰਖੇਪ ਗੱਲ ਕੀਤੀ। ਕਈਆਂ ਨੇ ਵਿਸਾਖੀ ਦੀਆਂ ਵਧਾਈਆਂ ਹੀ ਸਾਂਝੀਆਂ ਕੀਤੀਆਂ, ਜਦਕਿ ਕਈ ਹੋਰਨਾਂ ਨੇ ਵਿਸਾਖੀ ਨਾਲ ਸਬੰਧਿਤ ਗੀਤ ਗਾ ਕੇ ਅਤੇ ਮੇਲੇ ਵਾਲੀਆਂ ਬੋਲੀਆਂ ਪਾ ਕੇ ਮਾਹੌਲ ਨੂੰ ਸੰਗੀਤਕ ਰੂਪ ਦਿੱਤਾ।
ਮਰਦਾਂ ਵਾਲੇ ਪਾਸੇ ਵਾਰੀ ਆਉਣ ‘ਤੇ ਉਨ੍ਹਾਂ ਵੱਲੋਂ ਵਿਸਾਖੀ ਦੇ ਤਿਓਹਾਰ ਦੀ ਸ਼ੁਰੂਆਤ ਅਤੇ ਇਸਦੀ ਇਤਿਹਾਸਕ ਸਮਾਜਿਕ ਤੇ ਸੱਭਿਆਚਾਰ ਮਹੱਤਤਾ ਬਾਰੇ ਵਿਸਥਾਰ ਵਿੱਚ ਗੱਲ ਕੀਤੀ ਗਈ। ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਇਸ ਮੌਕੇ ਦੱਸਿਆ ਕਿ ਵਿਸਾਖੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 30 ਮਾਰਚ 1699 ਨੂੰ ਖਾਲਸੇ ਦੀ ਸਿਰਜਨਾ ਕਰਨ ਤੋਂ ਪਹਿਲਾਂ ਵੀ ਮਨਾਈ ਜਾਂਦੀ ਸੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ-ਪੁਰਬ ਜੋ ਅੱਜਕੱਲ੍ਹ ਸਮੂਹ ਸੰਗਤਾਂ ਵੱਲੋਂ ਕੱਤਕ ਦੇ ਮਹੀਨੇ ਮਨਾਇਆ ਜਾਂਦਾ ਹੈ, ਉਹ ਉੱਘੇ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਦੀ ਪੁਸਤਕ ‘ਕੱਤਕ ਕਿ ਵੈਸਾਖ’ ਅਨੁਸਾਰ ਪਹਿਲੀ ਵੈਸਾਖ ਬਣਦਾ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ‘ਖਾਲਸਾ ਸਾਜਨਾ’ ਲਈ ਇਹ ਦਿਹਾੜਾ ਸ਼ਾਇਦ ਏਸੇ ਲਈ ਹੀ ਚੁਣਿਆ ਗਿਆ ਹੋਵੇਗਾ। ਸੁਰਿੰਦਰ ਸਿੰਘ ਗਾਂਧੀ ਨੇ ਦੱਸਿਆ ਕਿ ਵਿਸਾਖੀ ਦਾ ਤਿਓਹਾਰ ਪਹਿਲੀ ਵਿਸਾਖ ਨੂੰ ਕਰਨਾਟਕਾ ਅਤੇ ਤਾਮਿਲਨਾਡੂ ਰਾਜਾਂ ਵਿੱਚ ਵੀ ਮਨਾਇਆ ਜਾਂਦਾਂ ਹੈ। ਹਰੀਸ਼ ਚੌਹਾਨ ਨੇ ਇਸ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਰਨਾਟਕਾ ਵਿੱਚ ਰਹਿੰਦਿਆਂ ਇਹ ਤਿਓਹਾਰ ਪਹਿਲੀ ਵਿਸਾਖ ਨੂੰ ਉੱਥੇ ਮਨਾਇਆ ਜਾਂਦਾ ਆਪਣੇ ਅੱਖੀਂ ਵੇਖਿਆ ਹੈ। ਇਹ ਵੱਖਰੀ ਗੱਲ ਹੈ ਕਿ ਉੱਥੇ ਇਸ ਦਾ ਨਾਂ ਉਨ੍ਹਾਂ ਦੀ ਸਥਾਨਕ ਬੋਲੀ ਵਿੱਚ ਵਿਸਾਖੀ ਨਹੀਂ, ਕੁਝ ਹੋਰ ਹੈ। ਡਾ. ਸੁਖਦੇਵ ਸਿੰਘ ਝੰਡ ਨੇ ਇਸ ਮੌਕੇ ਆਸਾ ਸਿੰਘ ਮਸਤਾਨਾ ਦਾ ਵਿਸਾਖੀ ਮੇਲੇ ਨਾਲ ਜੁੜਿਆ ਗਾਣਾ ”ਅੱਜ ਸਾਰੇ ਛੱਡ ਜੰਜਾਲ ਕੁੜੇ, ਮੇਲੇ ਨੂੰ ਚੱਲ ਮੇਰੇ ਨਾਲ਼ ਕੁੜੇ” ਗਾ ਕੇ ਸਾਰਿਆਂ ਨੂੰ ਝੂੰਮਣ ਲਾ ਦਿੱਤਾ। ਸਾਰੇ ਮੈਂਬਰ ਇਹ ਗੀਤ ਉਸਦੇ ਨਾਲ ਗਾਉਣ ਲੱਗ ਪਏ। ਰਜਿੰਦਰ ਸਿੰਘ ਸਰੋਏ ਨੇ ‘ਭੰਗੜਾ’ ਫ਼ਿਲਮ ਦਾ ਗੀਤ ‘ਚਿੱਟੇ ਦੰਦ ਹੱਸਣੋਂ ਨਹੀਉਂ ਰਹਿੰਦੇ ਤੇ ਲੋਕੀਂ ਭੈੜੇ ਸ਼ੱਕ ਕਰਦੇ’। ਯਸ਼ ਦੱਤਾ ਨੇ ਵਿਸਾਖੀ ਦਿਹਾੜੇ ਦੀਆਂ ਵਧਾਈਆਂ ਸਾਂਝੀਆਂ ਕਰਦਿਆਂ ਹੋਇਆਂ ਪਾਣੇ ਸਮਿਆਂ ਵਿੱਚ ਲੜਕੇ ਅਤੇ ਲੜਕੀ ਲਈ ਯੋਗ ਵਰ ਢੂੰਡਣ ਗਏ ਦੋ ਬ੍ਰਾਹਮਣਾਂ ਦੀ ਦਿਲਚਸਪ ਗੱਲ-ਬਾਤ ਸੁਣਾ ਕੇ ਸਾਰਿਆਂ ਦੇ ਢਿੱਡੀਂ ਪੀੜਾਂ ਪਾਈਆਂ।
ਪ੍ਰੋਗਰਾਮ ਦੇ ਅਖ਼ੀਰ ਵੱਲ ਵੱਧਦਿਆਂ ਪ੍ਰੋਗਰਾਮ ਕੋਆਰਡੀਨੇਟਰ ਆਸ਼ਾ ਅਸ਼ਵਾਲ ਵੱਲੋਂ ਇਹ ਤਿਓਹਾਰ ਏਨੇ ਸ਼ਾਨਦਾਰ ਤਰੀਕੇ ਨਾਲ ਮਨਾਉਣ ਲਈ ਗਰੁੱਪ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਏਨੇ ਚਿਰ ਨੂੰ ਸਥਾਨਕ ਰੈਸਟੋਰੈਂਟ ਤੋਂ ਆਰਡਰ ਕੀਤਾ ਹੋਇਆ ਭੋਜਨ ਵੀ ਆ ਗਿਆ ਅਤੇ ਸਾਰਿਆਂ ਨੇ ਮਿਲ਼ ਕੇ ਇਸਦਾ ਖ਼ੂਬ ਅਨੰਦ ਮਾਣਿਆਂ। ਇਸ ਤਰ੍ਹਾਂ ਇਸ ਗਰੁੱਪ ਵੱਲੋਂ ਵਿਸਾਖੀ ਮਨਾਉਣ ਦਾ ਇਹ ਸਮਾਗ਼ਮ ਇਸ ਗਰੁੱਪ ਦੇ ਮੈਂਬਰਾਂ ਤੇ ਸਟਾਫ਼ ਲਈ ਯਾਦਗਾਰੀ ਬਣ ਗਿਆ।

 

RELATED ARTICLES
POPULAR POSTS