Breaking News
Home / ਕੈਨੇਡਾ / ਕਲੀਵਵਿਊ ਸੀਨੀਅਰਜ਼ ਕਲੱਬ ਦੀ ਅਲਡਰੈਡੋ ਪਾਰਕ ਵਿਚ ਬੜੀ ਸਫਲ ਪਿਕਨਿਕ

ਕਲੀਵਵਿਊ ਸੀਨੀਅਰਜ਼ ਕਲੱਬ ਦੀ ਅਲਡਰੈਡੋ ਪਾਰਕ ਵਿਚ ਬੜੀ ਸਫਲ ਪਿਕਨਿਕ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਬੀਤੇ ਮੰਗਲਵਾਰ ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਅਲਡਰੈਡੋ ਪਾਰਕ ਵਿਚ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਸਾਰੇ ਮੈਂਬਰਾਂ ਨੇ ਖੂਬ ਆਨੰਦ ਮਾਣਿਆਂ। ਸ਼ਾਮਿਲ ਮਹਿਲਾਵਾਂ ਨੇ ਇਸ ਮੌਕੇ ਨੂੰ ਤੀਆਂ ਦਾ ਰੂਪ ਦੇ ਲਿਆ ਅਤੇ ਇਸ ਖੁੱਲ੍ਹੇ ਮੈਦਾਨ ਵਿਚ ਰੱਜ ਕੇ ਬੋਲੀਆਂ ਪਾਈਆਂ ਅਤੇ ਗਿੱਧਾ ਪਾਇਆ।
ਕਲੀਵਵਿਊ ਤੋਂ ਅਲਡਰੈਡੋ ਕੋਈ ਚਾਰ ਕੁ ਕਿਲੋਮੀਟਰ ਹੋਣ ਕਾਰਨ, ਜਿਨ੍ਹਾਂ ਮੈਂਬਰਾਂ ਕੋਲ ਜਾਣ ਦਾ ਸਾਧਨ ਨਹੀਂ ਸੀ, ਲਈ ਵਿਸ਼ੇਸ਼ ਤੌਰ ‘ਤੇ ਕੁਝ ਮੈਂਬਰਾਂ ਨੇ ਇਸ ਵਿਚ ਸਹਾਇਤਾ ਕੀਤੀ ਅਤੇ ਉਨ੍ਹਾਂ ਨੂੰ ਪਾਰਕ ਤੱਕ ਪਹੁੰਚਾਇਆ। ਬਰੈਂਪਟਨ ਦਾ ਅਲਡਰੈਡੋ ਪਾਰਕ ਬੜਾ ਰਮਣੀਕ ਸਥਾਨ ਹੈ, ਵੰਨ ਸਵੰਨੇ ਦਰੱਖਤਾਂ ਦੇ ਨਾਲ-ਨਾਲ ਇਸ ਵਿਚੋ ਦੀ ਕਲ-ਕਲ ਕਰਦਾ ਕਰੈਡਿਟ ਦਰਿਆ ਵਗਦਾ ਹੈ।
ਵੱਖ-ਵੱਖ ਗਰੁੱਪਾਂ ਵਿਚ ਮੈਂਬਰ ਇਸ ਦੇ ਆਲੇ ਦੁਆਲੇ ਦੇ ਸੰਘਣੇ ਜੰਗਲ ਅਤੇ ਦਰਿਆ ਦੇ ਦ੍ਰਿਸ਼ਾਂ ਦਾ ਅਨੰਦ ਮਾਣਦੇ ਰਹੇ। ਕੁਝ ਮੈਂਬਰਾਂ ਨੂੰ ਇਹ ਬੜਾ ਅਜੀਬ ਲੱਗਿਆ ਕਿ ਵੱਡੇ-ਵੱਡੇ ਦਰੱਖਤ ਜੰਗਲ ਵਿਚ ਡਿੱਗੇ ਹੋਏ ਹਨ, ਪਰ ਉਨ੍ਹਾਂ ਨੂੰ ਉਸੇ ਥਾਂ ਹੀ ਕੁਦਰਤ ਦੇ ਹਵਾਲੇ ਕੀਤਾ ਹੋਇਆ ਹੈ, ਲੱਕੜ ਵਰਤਣ ਦੀ ਨੀਤੀ ਨਾਲ ਵੱਢ ਟੁੱਕ ਕੇ ਜੰਗਲ ਵਿਚੋਂ ਬਾਹਰ ਨਹੀਂ ਕੀਤਾ ਗਿਆ, ਇਹ ਹੌਲੀ-ਹੌਲੀ ਕੁਦਰਤੀ ਜੀਵਾਂ ਦੀ ਖੁਰਾਕ ਬਣ ਕੇ ਮਿੱਟੀ ਵਿਚ ਰਲ ਰਹੇ ਹਨ। ਇਹੋ ਕੈਨੇਡਾ ਦਾ ਕੁਦਰਤੀ ਤਰੀਕੇ ਨਾਲ ਜੰਗਲ ਦੇ ਰੱਖ ਰੱਖਾਵ ਦਾ ਤਰੀਕਾ ਹੈ।
ਪਿਕਨਿਕ ਦੇ ਸ਼ੁਰੂ ਹੋਣ ਤੋਂ ਆਖੀਰ ਤੱਕ ਖਾਣ ਪੀਣ ਚਲਦਾ ਰਿਹਾ। ਇਸ ਵਾਰ ਕੁਝ ਮੈਂਬਰਾਂ ਦੇ ਸੁਝਾਅ ਤੇ ਗਰਮਾ ਗਰਮ ਚਾਹ ਪਿਕਨਿਕ ਵਾਲੀ ਥਾਂ ‘ਤੇ ਹੀ ਬਣਾਈ ਅਤੇ ਵਰਤਾਈ ਗਈ।
ਪਾਰਕ ਵਿਚ ਵੱਖ-ਵੱਖ ਥਾਂਈਂ ਬੈਠਣ ਲਈ ਬੈਂਚ ਰੱਖੇ ਹੋਏ ਹਨ, ਜੋ ਬੈਠਣ, ਚਾਹ ਜਾਂ ਖਾਣਾ ਲਾਉਣ ਲਈ ਵਾਧੂ ਸਨ, ਇਨ੍ਹਾਂ ਨਾਲ ਕਾਫੀ ਸੌਖ ਮਹਿਸੂਸ ਹੋਈ। ਪਿਕਨਿਕ ਲਈ ਇਸ ਦਿਨ ਮੌਸਮ ਵੀ ਬੜਾ ਵਧੀਆ ਰਿਹਾ। ਕਲੱਬ ਦੇ ਸਰਪ੍ਰਸਤ ਕਰਨਲ ਗੁਰਮੇਲ ਸਿੰਘ ਸੋਹੀ ਨੇ ਬਿੰਗੋ ਖੇਡ ਵਿਚ ਮੋਢੀ ਰੋਲ ਨਿਭਾਇਆ, ਜਿਸ ਦਾ ਸਾਰੀਆਂ ਮਹਿਲਾ ਮੈਂਬਰਾਂ ਨੇ ਖੂਬ ਅਨੰਦ ਮਾਣਿਆਂ। ਪਿਕਨਿਕ ਦੇ ਸ਼ੁਰੂ ਅਤੇ ਅਖੀਰ ਵਿਚ ਤੀਆਂ ਦਾ ਮਾਹੌਲ ਛਾਇਆ ਰਿਹਾ ਜਿਸ ਵਿਚ ਬਹੁਤ ਸਾਰੀਆਂ ਮਹਿਲਾਵਾਂ, ਜਿਨ੍ਹਾਂ ਵਿਚ ਕਿਰਨ, ਪੂਨਮ, ਮਨਜੀਤ, ਦਵਿੰਦਰ, ਹਰਜਿੰਦਰ, ਭੁਪਿੰਦਰ ਸ਼ਾਮਿਲ ਸਨ, ਨੇ ਪੰਜਾਬ ਦੇ ਪੁਰਾਣੇ ਸਭਿਆਚਾਰ ਨਾਲ ਜੁੜੀਆਂ ਬੋਲੀਆਂ ਪਾ ਕੇ ਰੰਗ ਬੰਨਿਆਂ ਅਤੇ ਖੂਬ ਗਿੱਧਾ ਪਾਇਆ। ਮਨੋਰੰਜਨ ਪ੍ਰੋਗਰਾਮ ਵਿਚ ਸੁਖਵਿੰਦਰ ਜੀਤ, ਖਾਣ ਪੀਣ ਦੇ ਪ੍ਰਬੰਧ ਵਿਚ ਮਿਸਟਰ ਜੇ, ਮਨਜੀਤ, ਹਰਜਿੰਦਰ, ਵਿਨੋਦ ਕਪਾਈ ਅਤੇ ਰਾਕੇਸ਼ ਜੈਨ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿਚ ਕਲੱਬ ਦੇ ਜਨਰਲ ਸਕੱਤਰ ਤਰਲੋਚਨ ਸਿੰਘ ਬਡਵਾਲ ਨੇ ਪ੍ਰਮੁੱਖ ਭੁਮਿਕਾ ਨਿਭਾਈ। ਦੂਸਰੇ ਮੈਂਬਰਾਂ ਨੇ ਰਲ-ਮਿਲ ਕੇ ਲੋੜੀਂਦੇ ਕੰਮਾਂ ਨੂੰ ਨੇਪਰੇ ਚਾੜ੍ਹਿਆ। ਕਲੱਬ ਦੇ ਪ੍ਰਧਾਨ ਡਾ. ਬਲਜਿੰਦਰ ਸੇਖੋਂ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਛੇਤੀ ਹੀ ਇੱਕ ਹੋਰ ਪ੍ਰੋਗਰਾਮ ਦੀ ਉਮੀਦ ਨਾਲ ਇਹ ਪਿਕਨਿਕ ਦੀ ਸਮਾਪਤੀ ਹੋਈ।
ਕਲੱਬ ਬਾਰੇ ਹੋਰ ਜਾਣਕਾਰੀ ਲਈ ਤਰਲੋਚਨ ਸਿੰਘ ਬਡਵਾਲ (647 960 9841) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …