
ਚੰਡੀਗੜ੍ਹ/ਬਿਊਰੋ ਨਿਊਜ਼
ਜ਼ਿਲ੍ਹਾ ਰੂਪਨਗਰ ਵਿਚ ਪੈਂਦੇ ਕਸਬਾ ਨੰਗਲ ਦੇ ਐਸਡੀਐਮ ਪੀਸੀਐਸ ਅਧਿਕਾਰੀ ਉਦੇਦੀਪ ਸਿੰਘ ਸਿੱਧੂ ਨੂੰ ਡਿਊਟੀ ਵਿਚ ਗੈਰ ਜ਼ਿੰਮੇਵਾਰੀ ਵਾਲਾ ਰਵੱਈਆ ਅਪਣਾਉਣ ਦੇ ਮਾਮਲੇ ਵਿਚ ਸਸਪੈਂਡ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ’ਚ ਮੁੱਖ ਸਕੱਤਰ ਅਨੁਰਾਗ ਵਰਮਾ ਵਲੋਂ ਇਸ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਰੂਪਨਗਰ ਦੀ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਵਲੋਂ 17 ਅਗਸਤ ਨੂੰ ਇਕ ਰਿਪੋਰਟ ਦਾਇਰ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਦੱਸਿਆ ਸੀ ਕਿ ਉਦੇਦੀਪ ਸਿੰਘ ਸਿੱਧੂ ਜੋ ਕਿ ਨੰਗਲ ਉਪਮੰਡਲ ਮੈਜਿਸਟਰੇਟ ਦੇ ਤੌਰ ’ਤੇ ਕਾਰਜਸ਼ੀਲ ਹਨ, ਉਹ ਹੜ੍ਹਾਂ ਸਮੇਂ ਅਤੇ ਹੋਰ ਜ਼ਰੂਰੀ ਪ੍ਰਬੰਧਾਂ ਦੇ ਸਮੇਂ ਗੈਰਹਾਜ਼ਰ ਰਹੇ। ਉਨ੍ਹਾਂ ਇਹ ਵੀ ਦੱਸਿਆ ਕਿ ਉਪਮੰਡਲ ਮੈਜਿਸਟਰੇਟ ਦਾ ਰਵੱਈਆ ਬੇਹੱਦ ਗੈਰਜ਼ਿੰਮੇਵਾਰੀ ਵਾਲਾ ਰਿਹਾ। ਮੀਡੀਆ ਦੀ ਰਿਪੋਰਟ ਅਨੁਸਾਰ ਉਦੇਦੀਪ ਸਿੰਘ ਸਿੱਧੂ ਨੂੰ ਤੁਰੰਤ ਪ੍ਰਭਾਵ ਨਾਲ ਸਰਕਾਰੀ ਸੇਵਾ ਤੋਂ ਮੁਕਤ ਕਰ ਦਿੱਤਾ ਗਿਆ ਹੈ।