ਹਰਪਾਲ ਚੀਮਾ ਨੇ ਕਿਹਾ – ਰੰਧਾਵਾ ਬੋਲ ਰਹੇ ਹਨ ਬਿੱਲਕੁਲ ਸੱਚ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਮੰਨਿਆ ਹੈ ਕਿ ਉਨ੍ਹਾਂ ਦੀ ਕਾਂਗਰਸ ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿਚ ਅਸਫਲ ਰਹੀ ਹੈ। ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲੀਆਂ ਤਾਂ ਉਹ ਮੰਤਰੀ ਦੀ ਕੁਰਸੀ ਵੀ ਛੱਡ ਦੇਣਗੇ। ਜ਼ਿਕਰਯੋਗ ਹੈ ਕਿ ਸਿੱਖ ਜਥੇਬੰਦੀਆਂ ਵਲੋਂ ਪਿੰਡ ਧਾਰੋਵਾਲੀ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਗਿਆ ਸੀ। ਰੰਧਾਵਾ ਨੇ ਇਸ ਧਰਨੇ ਨੂੰ ਬਿਲਕੁੱਲ ਜਾਇਜ਼ ਦੱਸਦਿਆਂ ਖੁਦ ਵੀ ਆਪਣੀ ਸਰਕਾਰ ਖਿਲਾਫ ਭੜਾਸ ਕੱਢੀ।
ਇਸਦੇ ਚੱਲਦਿਆਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਅਤੇ ‘ਆਪ’ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰੰਧਾਵਾ ਬਿਲਕੁਲ ਸੱਚ ਬੋਲ ਰਹੇ ਹਨ। ਚੀਮਾ ਨੇ ਕਿਹਾ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੋਇਆ ਸੀ, ਉਦੋਂ ਰੰਧਾਵਾ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ, ਪਰ ਅਜੇ ਕੋਈ ਕਾਰਵਾਈ ਨਹੀਂ ਹੋਈ। ਚੀਮਾ ਨੇ ਕੈਪਟਨ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਰੰਧਾਵਾ ਸਮੇਤ ਹੋਰ ਮੰਤਰੀਆਂ ਨੂੰ ਵੀ ਕੈਪਟਨ ਖਿਲਾਫ ਅਵਾਜ਼ ਚੁੱਕਣੀ ਚਾਹੀਦੀ ਹੈ।
ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਜਲੰਧਰ ‘ਚ ਵਰਕਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਵਰਕਰਾਂ ਨੇ ਪ੍ਰਧਾਨ ਨੂੰ ਨਸ਼ਾ, ਬੇਅਦਬੀ ਤੇ ਰੁਜ਼ਗਾਰ ਦੇ ਉਹ ਸਾਰੇ ਵਾਅਦੇ ਯਾਦ ਕਰਵਾਏ ਜਿਹੜੇ ਕਾਂਗਰਸ ਨੇ ਸਰਕਾਰ ਬਣਾਉਣ ਲਈ ਕੀਤੇ ਸਨ। ਵਰਕਰਾਂ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਇਸੇ ਤਰ੍ਹਾਂ ਚੱਲਦੀ ਰਹੀ ਤਾਂ 2022 ਵਿਚ ਚੋਣਾਂ ਜਿੱਤਣੀਆਂ ਔਖੀਆਂ ਹੋ ਜਾਣਗੀਆਂ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …