ਰਾਜਾ ਵੜਿੰਗ ਬੋਲੇ, ਮੈਂ ਪੁੱਛਗਿੱਛ ਲਈ ਹਾਂ ਤਿਆਰ
ਲਾਲਜੀਤ ਸਿੰਘ ਭੁੱਲਰ ਨੇ ਵੜਿੰਗ ’ਤੇ ਚੁੱਕੇ ਸਨ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਲਈ ਖਰੀਦੀਆਂ ਗਈਆਂ ਸਰਕਾਰੀ ਬੱਸਾਂ ਦੀ ਬਾਡੀ ਜੈਪੁਰ ਤੋਂ ਲਗਵਾਉਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ’ਚ ਟਰਾਂਸਪੋਰਟ ਮੰਤਰੀ ਰਹੇ ਰਾਜਾ ਵੜਿੰਗ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਲਈ ਤਿਆਰ ਹਨ। ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਰਾਜਾ ਵੜਿੰਗ ਨੇ ਕਿਹਾ ਕਿ ਜਦ ਉਹ ਰਾਜਨੀਤੀ ਵਿਚ ਉਪਰ ਜਾਂਦੇ ਹਨ ਤਾਂ ਉਨ੍ਹਾਂ ਦੀ ਪੁੱਛਗਿੱਛ ਕੁਝ ਵਧ ਜਾਂਦੀ ਹੈ। ਵੜਿੰਗ ਨੇ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਜੋ ਕੁਝ ਵੀ ਪੁੱਛਣਾ ਹੈ, ਉਸ ਲਈ ਉਹ ਤਿਆਰ ਹਨ। ਇਸ ਤੋਂ ਪਹਿਲਾਂ ਮਾਨ ਸਰਕਾਰ ’ਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਸੀ ਕਿ ਕਾਂਗਰਸ ਸਰਕਾਰ ਵੇਲੇ ਖਰੀਦੀਆਂ ਗਈਆਂ ਸਰਕਾਰੀ ਬੱਸਾਂ ਦੀ ਬਾਡੀ ਦੀ ਖਰੀਦ ਅਤੇ ਕੁਆਲਟੀ ਵਿਚ ਗੜਬੜ ਹੈ ਅਤੇ ਇਸਦੀ ‘ਆਪ’ ਸਰਕਾਰ ਜਾਂਚ ਕਰਵਾਏਗੀ। ਉਨ੍ਹਾਂ ਕਿਹਾ ਸੀ ਕਿ ਇਸ ਮਾਮਲੇ ਵਿਚ ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਕੋਲੋਂ ਵੀ ਪੁੱਛਗਿੱਛ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸਨ। ਉਨ੍ਹਾਂ ਦੀ ਕੈਬਨਿਟ ਵਿਚ ਰਾਜਾ ਵੜਿੰਗ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਸੀ ਅਤੇ ਉਹ 3 ਮਹੀਨੇ ਟਰਾਂਸਪੋਰਟ ਮੰਤਰੀ ਰਹੇ। ਜਿਸ ਦੌਰਾਨ ਉਨ੍ਹਾਂ ਕਰੀਬ 825 ਨਵੀਆਂ ਸਰਕਾਰੀ ਬੱਸਾਂ ਦੀ ਖਰੀਦ ਕੀਤੀ ਸੀ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …