ਕਣਕ ਦੇ ਰੇਟ ’ਚ ਕੀਤੀ ਕਟੌਤੀ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਕੇਂਦਰ ਖਿਲਾਫ਼ ਕੀਤੀ ਨਾਅਰੇਬਾਜ਼ੀ
ਚੰਡੀਗੜ੍ਹ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਮੁੱਚੇ ਪੰਜਾਬ ਦੇ ਰੇਲਵੇ ਟਰੈਕਾਂ ’ਤੇ 12 ਵਜੇ ਤੋਂ 4 ਵਜੇ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਵੱਲੋਂ ਕਣਕ ਦੇ ਰੇਟਾਂ ਕੀਤੀ ਗਈ ਕਟੌਤੀ ਨੂੰ ਲੈ ਕੇ ਕੀਤਾ ਗਿਆ ਅਤੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਇਕ ਤਾਂ ਕੁਦਰਤੀ ਕਰੋਪੀ ਕਾਰਨ ਉਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਅਤੇ ਉਪਰੋਂ ਕੇਂਦਰ ਸਰਕਾਰ ਨੇ ਕਣਕ ਦੇ ਖਰੀਦ ਮੁੱਲ ਵਿਚ ਕਟੌਤੀ ਕਰ ਦਿੱਤੀ ਜੋ ਕਿ ਸਰਾਸਰ ਗਲਤ ਹੈ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਬੇਮੌਸਮੀ ਬਰਸਾਤ ਕਾਰਨ ਹੋਏ ਨੁਕਸਾਨ ਨੂੰ ਕੁਦਰਤੀ ਆਫ਼ਤ ਐਲਾਨ ਅਤੇ ਪੂਰੀ ਫਸਲ ਨੂੰ ਬਿਨਾ ਕਿਸੇ ਕਟੌਤੀ ਤੋਂ ਖਰੀਦੇ। ਧਿਆਨ ਰਹੇ ਕਿ ਕੇਂਦਰ ਸਰਕਾਰ ਨੇ 6 ਤੋਂ 8 ਫੀਸਦੀ ਤੱਕ ਖਰਾਬ ਹੋਈ ਫ਼ਸਲ ’ਤੇ 5 ਰੁਪਏ 31 ਪੈਸੇ, 8 ਤੋਂ 10 ਫੀਸਦੀ ਤੱਕ ਖਰਾਬ ਹੋਈ ਫਸਲ ’ਤੇ 10 ਰੁਪਏ 62 ਪੈਸੇ ਜਦਕਿ 16 ਫੀਸਦੀ ਤੋਂ 80 ਫੀਸਦੀ ਤੱਕ ਖਰਾਬ ਹੋਈ ਫਸਲ ਦੇ ਦਾਣੇ ਸੁੱਕਣ ਜਾਂ ਟੁੱਟਣ ’ਤੇ 31 ਰੁਪਏ 87 ਪੈਸੇ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਟੌਤੀ ਕਰਨ ਦਾ ਐਲਾਨ ਕੀਤਾ ਸੀ, ਜਿਸ ਖਿਲਾਫ਼ ਅੱਜ ਪੰਜਾਬ ਦੇ ਸਮੂਹ ਕਿਸਾਨਾਂ ਵੱਲੋਂ 4 ਘੰਟੇ ਰੇਲਾਂ ਰੋਕ ਕੇ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ।