ਬਾਦਲ ਤੋਂ ਫ਼ਖ਼ਰ-ਏ-ਕੌਮ ਦਾ ਖ਼ਿਤਾਬ ਵਾਪਸ ਲੈਣ ਦੀ ਉਠੀ ਮੰਗ
ਪਟਿਆਲਾ/ਬਿਊਰੋ ਨਿਊਜ਼
ਦਮਦਮਾ ਸਾਹਿਬ ਤੋਂ 8 ਦਸੰਬਰ ਨੂੰ ਚਲੇ ਇਨਸਾਫ਼ ਮਾਰਚ ਦੀ ਐਤਵਾਰ ਨੂੰ ਸਮਾਪਤੀ ਮੌਕੇ ਇਥੇ ਕੀਤੀ ਗਈ ਰੈਲੀ ਦੌਰਾਨ ਸੁਖਪਾਲ ਸਿੰਘ ਖਹਿਰਾ ਧੜੇ, ਲੋਕ ਇਨਸਾਫ਼ ਪਾਰਟੀ ਅਤੇ ਪੰਜਾਬ ਮੰਚ ਨੇ ‘ਪੰਜਾਬ ਡੈਮੋਕ੍ਰੈਟਿਕ ਅਲਾਇੰਸ’ (ਪੀਡੀਏ) ਬਣਾਉਣ ਦਾ ਐਲਾਨ ਕੀਤਾ। ਆਉਂਦੇ ਦਿਨਾਂ ਵਿਚ ਅਲਾਇੰਸ ਦੇ ਮੁਖੀ ਦਾ ਐਲਾਨ ਕਰ ਦਿੱਤਾ ਜਾਵੇਗਾ। ਖਹਿਰਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਬਹਿਬਲ ਕਲਾਂ ਵਿਚ ਗੋਲੀ ਚਲਾਉਣ ਦਾ ਦੋਸ਼ੀ ਕਰਾਰ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਬਾਦਲ ਨੂੰ ਦਿੱਤਾ ਗਿਆ ਫ਼ਖ਼ਰ-ਏ-ਕੌਮ ਦਾ ਖ਼ਿਤਾਬ ਵਾਪਸ ਲਿਆ ਜਾਵੇ। ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਬੈਂਸ ਨੇ ਕਿਹਾ, ”ਸਾਡੇ ਨਾਲ ਲੋਕ ਆਪ ਮੁਹਾਰੇ ਹੀ ਤੁਰੇ ਹਨ ਕਿਉਂਕਿ ਪੰਜਾਬ ਨੂੰ ਲੁੱਟਣ ਵਾਲਿਆਂ ਦੀ ਉਨ੍ਹਾਂ ਨੂੰ ਪਛਾਣ ਹੋ ਗਈ ਹੈ।” ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਸੂਬਾ ਸਰਕਾਰਾਂ ਦੀਆਂ ਪੰਜਾਬ ਵਿਰੋਧੀ ਨੀਤੀਆਂ ਕਰਕੇ ਵੱਡੀ ਗਿਣਤੀ ਵਿਚ ਸਨਅਤੀ ਅਦਾਰੇ ਪੰਜਾਬ ਤੋਂ ਬਾਹਰ ਚਲੇ ਗਏ। ਬਸਪਾ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਅਚਾਨਕ ਰੈਲੀ ਵਿੱਚ ਪੁੱਜ ਕੇ ਪੀਡੀਏ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਹ ਇਸ ਅਲਾਇੰਸ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣਗੇ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …