Breaking News
Home / ਕੈਨੇਡਾ / ਸਕੂਲ ਬੋਰਡ ਟਰੱਸਟੀ ਸਤਪਾਲ ਸਿੰਘ ਜੌਹਲ ਵਲੋਂ ਲੋਕਾਂ ਦੇ ਮੁੱਦੇ ਉਭਾਰਨਾ ਜਾਰੀ

ਸਕੂਲ ਬੋਰਡ ਟਰੱਸਟੀ ਸਤਪਾਲ ਸਿੰਘ ਜੌਹਲ ਵਲੋਂ ਲੋਕਾਂ ਦੇ ਮੁੱਦੇ ਉਭਾਰਨਾ ਜਾਰੀ

ਲੋਕਾਂ ਦੇ ਟੈਕਸ ਡਾਲਰਾਂ ਦਾ ਮੁਫਤ ਮਿਲਦਾ ਆਈਫੋਨ ਲੈਣ ਤੋਂ ਕੀਤੀ ਕੋਰੀ ਨਾਂਹ
ਬੱਚਿਆਂ ਨੂੰ ਕੈਸ਼ ਤੇ ਕਰੈਡਿਟ ਕਾਰਡ ਦੇ ਕੇ ਸਕੂਲ ਨਾ ਭੇਜੋ : ਪ੍ਰਿੰਸੀਪਲ ਦੀ ਅਪੀਲ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ‘ਚ ਵਾਰਡ 9 ਅਤੇ 10 ਦੇ ਪੀਲ ਸਕੂਲ ਬੋਰਡ ਟਰੱਸਟੀ ਸਤਪਾਲ ਸਿੰਘ ਜੌਹਲ ਵਲੋਂ ਬੀਤੇ ਮਹੀਨੇ ਤੋਂ ਆਪਣੇ ਹਲਕੇ ਦੇ ਸਕੂਲਾਂ ਵਿੱਚ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨਾਲ ਮੀਟਿੰਗਾਂ ਕਰਕੇ ਲੋਕਾਂ ਦੇ ਚਰਚਿਤ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕਰਨਾ ਜਾਰੀ ਰੱਖਿਆ ਹੋਇਆ ਹੈ। ਜਿਸ ਨਾਲ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਮਿਲ ਰਹੀ ਹੈ। ਸਤਪਾਲ ਸਿੰਘ ਜੌਹਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਕਿਓਰਟੀ ਕੈਮਰੇ, ਡਰੱਗ, ਸਿਗਰਟਨੋਸ਼ੀ, ਵੇਪਿੰਗ, ਰੇਸਿਜ਼ਮ, ਡਰੱਗ, ਵਰਦੀ, ਟਰੈਫਿਕ ਸਮੇਤ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦੀਆਂ ਬਾਰੀਕੀਆਂ ਸਮਝ ਕੇ ਸੁਹਿਰਦਤਾ ਨਾਲ਼ ਕੰਮ ਕੀਤਾ ਜਾ ਰਿਹਾ ਹੈ। ਇਸ ਵਾਸਤੇ ਉਨ੍ਹਾਂ ਨੇ ਕਮਿਊਨਿਟੀ ਦੇ ਮਿਲੇ ਸਹਿਯੋਗ ਦਾ ਧੰਨਵਾਦ ਕੀਤਾ। ਇਕ ਖਾਸ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਆਖਿਆ ਕਿ ਹਰੇਕ ਸਕੂਲ ਟਰੱਸਟੀ ਨੂੰ ਬੋਰਡ ਵਲੋਂ ਇਕ ਨਵਾਂ (ਮਹਿੰਗਾ) ਆਈਫੋਨ ਮੁਫਤ ਦਿੱਤਾ ਜਾਂਦਾ ਹੈ। ਸਤਪਾਲ ਸਿੰਘ ਜੌਹਲ ਨੇ ਕਿਹਾ ਕਿ ਲੋਕਾਂ ਨਾਲ਼ ਕੀਤੇ ਹੋਏ ਵਾਅਦੇ ਮੁਤਾਬਿਕ ਉਨ੍ਹਾਂ ਨੇ ਆਪਣਾ ਟੈਲੀਫੋਨ ਨੰਬਰ ਬਦਲਣ ਨਹੀਂ ਦਿੱਤਾ ਅਤੇ ਸਰਕਾਰੀ (ਟੈਕਸ ਪੇਅਰ ਦੇ ਡਾਲਰਾਂ ਦਾ) ਆਈਫੋਨ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਟਰੱਸਟੀ ਜੌਹਲ ਦਾ ਫੋਨ ਨੰਬਰ 416 895 3784 ਹੀ ਰਹੇਗਾ ਜੋਕਿ ਸਰਕਾਰੀ ਨੰਬਰ ਨਾਲ਼ ਬਦਲਿਆ ਨਹੀਂ ਜਾਵੇਗਾ। ਉਨ੍ਹਾਂ ਦੇ ਲੋਕਹਿੱਤ ਵਿੱਚ ਲਏ ਗਏ ਇਸ ਫੈਸਲੇ ਦੀ ਸਥਾਨਕ ਵਿਅਕਤੀਆਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਜੌਹਲ ਨੇ ਦੱਸਿਆ ਕਿ ਵਾਰਡ 9 ਵਿੱਚ ਲੁਈਸ ਆਰਬਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨਾਲ਼ ਮੀਟਿੰਗ ਕਰਕੇ ਹੋਰਨਾਂ ਮੁਸ਼ਕਲਾਂ ਦੇ ਨਾਲ਼ ਡਰੱਗ ਅਤੇ ਰੇਸਿਜ਼ਮ ਦੇ ਮੁੱਦੇ ਉਭਾਰੇ ਗਏ ਸਨ। ਇਸ ਦੇ ਜਵਾਬ ਵਿੱਚ ਪ੍ਰਿੰਸੀਪਲ ਅਮਿਤ ਮਹਿਰੋਤਰਾ ਨੇ ਕਿਹਾ ਕਿ ਮਾਪੇ ਘਰਾਂ ਤੋਂ ਬੱਚਿਆਂ ਨੂੰ ਕੈਸ਼ ਡਾਲਰ ਅਤੇ ਕਰੈਡਿਟ ਕਾਰਡ ਦੇ ਦਿੰਦੇ ਹਨ ਜਿਨ੍ਹਾਂ ਦੀ ਮਦਦ ਨਾਲ਼ ਵਿਗੜੇ ਹੋਏ ਬੱਚੇ ਸਕੂਲ ਤੋਂ ਬਾਹਰ ਜਾ ਕੇ ਭੰਗ ਦੀਆਂ ਦੁਕਾਨਾਂ ਤੋਂ ਵੇਪਿੰਗ (ਸਿਗਰਟਾਂ) ਤੇ ਹੋਰ ਨਿਕਸੁਕ ਖਰੀਦਣ ਵਿੱਚ ਕਾਮਯਾਬ ਰਹਿੰਦੇ ਹਨ ਪਰ ਇਸ ਬਾਰੇ ਮਾਪਿਆਂ ਨੂੰ ਕੋਈ ਖਬਰ ਨਹੀਂ ਹੁੰਦੀ ਜਾਂ ਇਹ ਗੱਲ ਘਰ ਤੋਂ ਬਾਹਰ ਨਹੀਂ ਕੱਢੀ ਜਾਂਦੀ।
ਟਰੱਸਟੀ ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਸਕੂਲ ਦੇ ਅੰਦਰ ਅਤੇ ਬਾਹਰ ਸਕਿਓਰਟੀ ਕੈਮਰੇ ਲੱਗੇ ਹੋਏ ਹਨ ਅਤੇ ਵਾਸ਼ਰੂਮਾਂ ਦੇ ਬਾਹਰ ਵੀ ਕੈਮਰੇ ਹਨ। ਇਸ ਦੇ ਨਾਲ਼ ਹੀ ਪ੍ਰਿੰਸੀਪਲ ਮਹਿਰੋਤਰਾ ਵਲੋਂ ਵਾਸ਼ਰੂਮਾਂ ਦੀ ਅਚਾਨਕ ਚੈਕਿੰਗ ਵੀ ਕੀਤੀ ਜਾਂਦੀ ਹੈ ਅਤੇ ਓਥੋਂ ਬੱਚਿਆਂ ਦੇ ਇੱਕਠ ਨੂੰ ਖਦੇੜ ਕੇ ਉਨ੍ਹਾਂ ਨੂੰ ਕਲਾਸਾਂ ਵਿੱਚ ਭੇਜਿਆ ਜਾਂਦਾ ਹੈ। ਪ੍ਰਿੰਸੀਪਲ ਦਾ ਆਖਣਾ ਹੈ ਕਿ ਸਕੂਲ ‘ਚ ਪੜ੍ਹਦੇ ਬੱਚੇ ਨੂੰ ਕੈਸ਼ ਅਤੇ ਕਰੈਡਿਟ ਕਾਰਡ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਦੇ ਮਾਪੇ ਆਨਲਾਈਨ ਪੇਮੈਂਟ ਕਰ ਸਕਦੇ ਹਨ। ਇਹ ਵੀ ਸਕੂਲਾਂ ਵਿੱਚ ਪਨਪਦੀਆਂ ਕਈ ਸਮੱਸਿਆਵਾਂ ਦੀ ਸ਼ੁਰੂਆਤ ਅਕਸਰ ਬੱਚਿਆਂ ਦੇ ਘਰਾਂ (ਮਾਪਿਆਂ) ਤੋਂ ਹੁੰਦੀ ਹੈ ਜਿਸ ਬਾਰੇ ਕਮਿਊਨਿਟੀ ਨੂੰ ਚੌਕਸ ਹੋਣ ਅਤੇ ਚੌਕਸ ਰਹਿਣ ਦੀ ਲੋੜ ਹੈ।

 

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …