15.6 C
Toronto
Thursday, September 18, 2025
spot_img
Homeਭਾਰਤਲੋਕ ਸਭਾ 'ਚ ਗੂੰਜਿਆਂ ਨਸ਼ਿਆਂ ਦਾ ਮੁੱਦਾ

ਲੋਕ ਸਭਾ ‘ਚ ਗੂੰਜਿਆਂ ਨਸ਼ਿਆਂ ਦਾ ਮੁੱਦਾ

ਸੰਸਦ ਮੈਂਬਰਾਂ ਵਲੋਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਖਤ ਕਦਮ ਚੁੱਕਣ ਦੀ ਮੰਗ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਸਦ ਦੇ ਚੱਲ ਰਹੇ ਸਰਦ ਰੁੱਤ ਇਜਲਾਸ ਦੌਰਾਨ ਲੋਕ ਸਭਾ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਨਸ਼ੇੜੀਆਂ ਨੂੰ ਜੇਲ੍ਹ ਭੇਜਣ ਦੀ ਬਜਾਏ ਉਨ੍ਹਾਂ ਲਈ ਹੋਰ ਮੁੜ ਵਸੇਬਾ ਕੇਂਦਰ ਬਣਾਏ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹੋਰ ਖੇਡ ਕੰਪਲੈਕਸਾਂ ਦੀ ਉਸਾਰੀ ਕਰਨ ਦੀ ਵੀ ਮੰਗ ਕੀਤੀ। ਭਾਰਤ ‘ਚ ਨਸ਼ਾਖੋਰੀ ਦੀ ਸਮੱਸਿਆ ਤੇ ਇਸ ਨੂੰ ਕਾਬੂ ਕਰਨ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਬਾਰੇ ਲੋਕ ਸਭਾ ‘ਚ ਇਕ ਥੋੜ੍ਹੇ ਸਮੇਂ ਦੀ ਚਰਚਾ ‘ਚ ਹਿੱਸਾ ਲੈਂਦਿਆਂ ਪਾਰਟੀ ਲਾਈਨਾਂ ਨੂੰ ਤੋੜਦੇ ਹੋਏ ਸੰਸਦ ਮੈਂਬਰਾਂ ਨੇ ਮੰਗ ਕੀਤੀ ਕਿ ਕੇਂਦਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕੋਵਿਡ ਵਰਗੀ ਰਣਨੀਤੀ ਅਪਣਾਏ। ਲੋਕ ਸਭਾ ‘ਚ ਨਸ਼ਿਆਂ ਦੀ ਦੁਰਵਰਤੋਂ ਦੀ ਸਮੱਸਿਆ ‘ਤੇ ਮੰਗਲਵਾਰ ਨੂੰ ਹੋਈ ਚਰਚਾ ਉਸ ਵੇਲੇ ਪੰਜਾਬ ਅਧਾਰਤ ਚਰਚਾ ਬਣੀ ਨਜ਼ਰ ਆਈ। ਜਦੋਂ ਨਾ ਸਿਰਫ ਪੰਜਾਬ ਦੇ 5 ਸੰਸਦ ਮੈਂਬਰਾਂ ਨੇ ਇਸ ਚਰਚਾ ‘ਚ ਸੂਬੇ ਦੀ ਨਿੱਘਰ ਰਹੀ ਹਾਲਤ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ, ਸਗੋਂ ਕਈ ਸੰਸਦ ਮੈਂਬਰਾਂ ਨੇ ਆਪਣੀ ਚਰਚਾ ਦੌਰਾਨ ਪੰਜਾਬ ‘ਚ ਨਸ਼ਿਆਂ ਦੀ ਹਾਲਤ ਦਾ ਉਚੇਚੇ ਤੌਰ ‘ਤੇ ਜ਼ਿਕਰ ਕੀਤਾ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਨਸ਼ਿਆਂ ਤੋਂ ਪ੍ਰਭਾਵਿਤ ਹੋ ਰਹੇ ਛੋਟੇ ਬੱਚਿਆਂ ਲਈ ਵਿਸ਼ੇਸ਼ ਕਦਮ ਚੁੱਕਣ ਦੀ ਸਲਾਹ ਦਿੰਦਿਆਂ ਕਿਹਾ ਕਿ ਸਕੂਲਾਂ ‘ਚ ਪੰਜਵੀਂ ਜਮਾਤ ਤੋਂ ਹੀ ਬੱਚਿਆਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਦੀ ਲੋੜ ਹੈ ਤਾਂ ਜੋ ਉਹ ਇਸ ਦੇ ਬੁਰੇ ਪ੍ਰਭਾਵ ਨੂੰ ਸਮਝ ਸਕਣ।
ਨਸ਼ਿਆਂ ਦੀ ਸਪਲਾਈ ਨੂੰ ਰੋਕਣਾ ਬਹੁਤ ਜ਼ਰੂਰੀ : ਸੰਤੋਖ ਚੌਧਰੀ
ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਨਸ਼ਿਆਂ ਦੀ ਸਮੱਸਿਆ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਪਿਛਲੇ 10 ਸਾਲਾਂ ‘ਚ ਨਸ਼ਿਆਂ ਦੇ ਕੇਸਾਂ ‘ਚ ਦੁੱਗਣਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਨਸ਼ਿਆਂ ਦੀ ਘਰਾਂ ‘ਚ ਸਪਲਾਈ ਹੋ ਰਹੀ ਹੈ। ਚੌਧਰੀ ਨੇ ਪੰਜਾਬ ‘ਚ ਨਸ਼ਿਆਂ ਦੇ ਹਾਲਤ ਲਈ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੂੰ ਜ਼ਿੰਮੇਵਾਰੀ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਸਮੇਂ ‘ਚ ਨਸ਼ਿਆਂ ਦੀ ਇੰਝ ਡਿਲਵਰੀ ਹੁੰਦੀ ਸੀ, ਜਿਵੇਂ ਪੀਜ਼ਾ ਦੀ ਡਿਲਵਰੀ ਹੁੰਦੀ ਹੈ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਨੇ ਨਸ਼ਿਆਂ ਨਾਲ ਨਜਿੱਠਣ ਲਈ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਿਰਫ਼ ਕੇਂਦਰ ਜਾਂ ਸੂਬਾ ਸਰਕਾਰ ਹੀ ਇਸ ਸਮੱਸਿਆ ਨੂੰ ਖ਼ਤਮ ਨਹੀਂ ਕਰ ਸਕਦੀ। ਇਸ ਲਈ ਧਰਮ ਗੁਰੂਆਂ, ਸੁਸਾਇਟੀ ਆਗੂਆਂ, ਪੁਲਿਸ, ਮਾਂ-ਬਾਪ ਨੂੰ ਸਰਗਰਮ ਭੂਮਿਕਾ ਨਿਭਾਉਣੀ ਹੋਵੇਗੀ।
ਹਰਸਿਮਰਤ ਬਾਦਲ ਵਲੋਂ ਭਗਵੰਤ ਮਾਨ ‘ਤੇ ਤਨਜ਼
ਪੰਜਾਬ ਦੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਨਸ਼ਿਆਂ ਦੀ ਸਮੱਸਿਆ ‘ਤੇ ਪੰਜਾਬ ਦੀ ‘ਆਪ’ ਸਰਕਾਰ ‘ਤੇ ਸ਼ਬਦੀ ਤੀਰ ਚਲਾਉਂਦਿਆਂ ਕਿਹਾ ਕਿ ਪੰਜਾਬ ਦੀਆਂ ਸੜਕਾਂ ‘ਤੇ ਲਿਖਿਆ ਹੁੰਦਾ ਹੈ ‘ਡੌਂਟ ਡ੍ਰਿੰਕ ਅਤੇ ਡ੍ਰਾਈਵ’ ਭਾਵ ਸ਼ਰਾਬ ਪੀ ਕੇ ਗੱਡੀ ਨਾ ਚਲਾਓ। ਪਰ ਪੰਜਾਬ ‘ਚ ਤਾਂ ਸਰਕਾਰ ਹੀ ‘ਡ੍ਰਿੰਕ’ ਕਰਕੇ ਚੱਲ ਰਹੀ ਹੈ। ਹਰਸਿਮਰਤ ਕੌਰ ਨੇ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਲਈ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ‘ਨਾਰਕੋ ਟੈਰਾਰਿਜ਼ਮ’ ਦੀ ਇਹ ਸਮੱਸਿਆ ਸਿਰਫ ਪੰਜਾਬ ਲਈ ਨਹੀਂ ਸਗੋਂ ਪੂਰੇ ਦੇਸ਼ ਲਈ ਖ਼ਤਰਾ ਹੈ। ਹਰਸਿਮਰਤ ਕੌਰ ਨੇ ਸਦਨ ‘ਚ ਨੇਮ 193 ਤਹਿਤ ਦੇਸ਼ ‘ਚ ਨਸ਼ਿਆਂ ਦੀ ਸਮੱਸਿਆ ਅਤੇ ਇਸ ਸੰਬੰਧ ‘ਚ ਸਰਕਾਰ ਵਲੋਂ ਚੁੱਕੇ ਕਦਮਾਂ ਦੇ ਵਿਸ਼ੇ ‘ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ‘ਤੇ ਲੈਂਦਿਆਂ ਅਤੇ ਉਨ੍ਹਾਂ ਵਲੋਂ ਨਸ਼ਿਆਂ ਦੀ ਵਰਤੋਂ ਨੂੰ ਲੈ ਕੇ ਤਿੱਖੇ ਸ਼ਬਦੀ ਤੀਰ ਚਲਾਉਂਦਿਆਂ ਕਿਹਾ ਕਿ 6 ਮਹੀਨੇ ਪਹਿਲਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸੰਸਦ ਦੇ ਅੰਦਰ ਸਵੇਰੇ 11 ਵਜੇ ਹੀ ਨਸ਼ੇ ਦੀ ਹਾਲਤ ‘ਚ ਆਉਂਦੇ ਸਨ ਅਤੇ ਉਨ੍ਹਾਂ ਦੇ ਨਾਲ ਬੈਠੇ ਮੈਂਬਰ ਸੀਟ ਬਦਲਣ ਦੀ ਅਪੀਲ ਕਰਦੇ ਸਨ। ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਨੇ ਹਾਲ ਹੀ ‘ਚ ਮੁੱਖ ਮੰਤਰੀ ਦੇ ਵਿਦੇਸ਼ ਦੌਰੇ ਦਾ ਜ਼ਿਕਰ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਿਸ ‘ਚ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ਕਾਰਨ ਉਨ੍ਹਾਂ ਨੂੰ ਹਵਾਈ ਜਹਾਜ਼ ਤੋਂ ਉਤਾਰਿਆ ਗਿਆ ਸੀ। 21 ਸਤੰਬਰ 2022 ਦੀ ਇਸ ਘਟਨਾ ਮੁਤਾਬਿਕ ਭਗਵੰਤ ਮਾਨ ਨੂੰ ਫਰੈਂਕਫਰਟ ਤੋਂ ਦਿੱਲੀ ਦੀ ਉਡਾਣ ਤੋਂ ਇਸ ਲਈ ਉਤਾਰ ਦਿੱਤਾ ਗਿਆ ਕਿਉਂਕਿ ਉਹ ਨਸ਼ੇ ‘ਚ ਸਨ। ਹਾਲਾਂਕਿ ‘ਆਪ’ ਨੇ ਇਨ੍ਹਾਂ ਆਰੋਪਾਂ ਨੂੰ ਖਾਰਜ ਕੀਤਾ ਸੀ। ਹਰਸਿਮਰਤ ਕੌਰ ਨੇ ਕਿਹਾ ਕਿ ਪੰਜਾਬ ਲਈ ਅਜਿਹੀ ਨਮੋਸ਼ੀ ਕਦੇ ਨਹੀਂ ਹੋਈ ਕਿ ਮੁੱਖ ਮੰਤਰੀ ਦੇ ਅਹੁਦੇ ਵਾਲੇ ਵਿਅਕਤੀ ਨਾਲ ਅਜਿਹਾ ਕੀਤਾ ਗਿਆ ਹੋਵੇ।
ਹਰਸਿਮਰਤ ਕੌਰ ਬਾਦਲ ਨੇ ਆਪਣੇ ਭਾਸ਼ਨ ‘ਚ ਅੰਕੜਿਆਂ ਨਾਲ ਪੰਜਾਬ ਦੀ ਨਿੱਘਰ ਰਹੀ ਹਾਲਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿਹਾ ਨਸ਼ਿਆਂ ਦੀ ਤਸਕਰੀ ‘ਚ ਪੰਜਾਬ ਪਹਿਲੇ ਨੰਬਰ ‘ਤੇ ਹੈ। ਉਨ੍ਹਾਂ ਸੁਪਰੀਮ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਪਾਈ ਝਾੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਬਉੱਚ ਅਦਾਲਤ ਨੇ ਪੰਜਾਬ ਸਰਕਾਰ ਨੂੰ ਢਿੱਲੇ ਮੱਠੇ ਰਵੱਈਏ ‘ਤੇ ਝਾੜ ਪਾਉਂਦਿਆ ਕਿਹਾ ਸੀ ਕਿ ਰਾਜ ‘ਚ ਨਸ਼ਿਆਂ ਸੰਬੰਧੀ 31 ਹਜ਼ਾਰ ਐਫ. ਆਈ.ਆਰ.ਦਰਜ ਹੋਣ ਦੇ ਬਾਵਜੂਦ ਸਿਰਫ 3 ਮਾਮਲਿਆਂ ‘ਚ ਦੋਸ਼ ਪੱਤਰ ਦਾਇਰ ਕੀਤੇ ਗਏ।

RELATED ARTICLES
POPULAR POSTS