ਵਿਧਾਇਕ ਸੁਰਿੰਦਰ ਚੌਧਰੀ ਲਈ ਮੁਸੀਬਤ ਹੋਈ ਖੜ੍ਹੀ
ਜਲੰਧਰ/ਬਿਊਰੋ ਨਿਊਜ਼
ਜਲੰਧਰ ਦੇ ਨੇੜਲੇ ਪਿੰਡ ਲਾਂਬੜਾ ਦੇ ਕਾਂਗਰਸੀ ਵਰਕਰ ਧਰਮਵੀਰ ਧੰਮਾ ਦੀ ਅੱਜ ਮੰਗਲਵਾਰ ਸਵੇਰੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਧਿਆਨ ਰਹੇ ਕਿ ਧਰਮਵੀਰ ਨੇ ਲੰਘੇ ਕੱਲ੍ਹ ਫੇਸਬੁੱਕ ’ਤੇ ਲਾਈਵ ਹੋ ਕੇ ਜ਼ਹਿਰ ਨਿਗਲ ਲਿਆ ਸੀ ਅਤੇ ਜ਼ਹਿਰ ਪੀਣ ਤੋਂ ਪਹਿਲਾਂ ਉਸ ਨੇ ਹਲਕਾ ਵਿਧਾਇਕ ਸੁਰਿੰਦਰ ਚੌਧਰੀ ਅਤੇ ਸੀ.ਆਈ.ਏ. ਸਟਾਫ ਜਲੰਧਰ ਦੇ ਇੰਚਾਰਜ ਸਣੇ ਕਈ ਕਾਂਗਰਸੀਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ। ਜ਼ਿਕਰਯੋਗ ਹੈ ਕਿ ਫੇਸਬੁੱਕ ’ਤੇ ਲਾਈਵ ਹੋ ਕੇ ਧਰਮਵੀਰ ਨੇ ਕਿਹਾ ਸੀ ਕਿ ਉਹ ਲੰਬੇ ਸਮੇਂ ਤੋਂ ਲਾਂਬੜਾ ਵਿਚ ਇਕ ਗਊਸ਼ਾਲਾ ਚਲਾ ਰਿਹਾ ਹੈ ਤੇ ਉਸ ਨੇ ਗਊਸ਼ਾਲਾ ਦੇ ਨਾਲ ਹੀ ਸ੍ਰੀ ਹਨੂਮਾਨ ਮੰਦਰ ਦੀ ਉਸਾਰੀ ਵੀ ਕੀਤੀ। ਉਸਨੇ ਆਰੋਪ ਲਗਾਇਆ ਕਿ ਹਲਕਾ ਕਰਤਾਰਪੁਰ ਦੇ ਕਾਂਗਰਸੀ ਵਿਧਾਇਕ ਸੁਰਿੰਦਰ ਚੌਧਰੀ ਅਤੇ ਸੀਆਈਏ ਸਟਾਫ ਜਲੰਧਰ ਦੇ ਇੰਚਾਰਜ ਪੁਸ਼ਪ ਬਾਲੀ ਅਤੇ ਹੋਰ ਕਾਂਗਰਸੀ ਆਗੂਆਂ ਵਲੋਂ ਉਸ ਨੂੰ ਲੰਬੇ ਸਮੇਂ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਉਹ ਇਨ੍ਹਾਂ ਆਗੂਆਂਤੋਂ ਤੰਗ ਹੋ ਕੇ ਜ਼ਹਿਰ ਪੀ ਕੇ ਆਤਮ ਹੱਤਿਆ ਕਰ ਰਿਹਾ ਹੈ। ਧਰਮਵੀਰ ਧੰਮਾ ਦੀ ਖੁਦਕੁਸ਼ੀ ਨੇ ਵਿਧਾਇਕ ਸੁਰਿੰਦਰ ਚੌਧਰੀ ਤੇ ਹੋਰ ਕਾਂਗਰਸੀਆਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ, ਕਿਉਂਕਿ ਵਿਧਾਨ ਸਭਾ ਚੋਣਾਂ ਵੀ ਨੇੜੇ ਆ ਰਹੀਆਂ ਹਨ।