ਪੰਜਾਬ ਵਿਚ ਦਿਨੋ ਦਿਨੀਂ ਗਰਮੀ ਵਧਦੀ ਜਾ ਰਹੀ ਹੈ ਅਤੇ ਤਾਪਮਾਨ ਵੀ 42 ਡਿਗਰੀ ਤੋਂ ਪਾਰ ਚਲਾ ਗਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਵੀਰਵਾਰ 23 ਅਪ੍ਰੈਲ ਦਾ ਦਿਨ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ। ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਕਿ ਆਮ ਨਾਲੋਂ 4.1 ਡਿਗਰੀ ਵੱਧ ਹੈ। ਸਿਰਫ ਦਿਨ ਹੀ ਨਹੀਂ, ਸਗੋਂ ਰਾਤਾਂ ਵੀ ਹੁਣ ਗਰਮ ਹੋਣ ਲੱਗੀਆਂ ਹਨ। ਬੁੱਧਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ 20.9 ਡਿਗਰੀ ਰਿਹਾ, ਜਿਸ ਦੇ ਵੀਕੈਂਡ ਤੱਕ 24 ਡਿਗਰੀ ਤੱਕ ਪਹੁੰਚਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਸ਼ਨਿੱਚਵਾਰ ਤੱਕ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ‘ਹੀਟਵੇਵ’ (ਲੂ) ਦਾ ਯੈੱਲੋ ਅਲਰਟ ਜਾਰੀ ਰੱਖਿਆ ਹੈ।
ਪੰਜਾਬ ਵਿੱਚ ਵੀ ਵੀਰਵਾਰ ਸਭ ਤੋਂ ਗਰਮ ਦਿਨ ਰਿਹਾ। ਬਠਿੰਡਾ 44 ਡਿਗਰੀ ਸੈਲਸੀਅਸ ਨਾਲ ਸੂਬੇ ਵਿੱਚ ਸਭ ਤੋਂ ਗਰਮ ਰਿਹਾ। ਇਸ ਤੋਂ ਇਲਾਵਾ ਫਰੀਦਕੋਟ ਵਿੱਚ 42 ਡਿਗਰੀ, ਪਟਿਆਲਾ ਵਿੱਚ 41.6, ਲੁਧਿਆਣਾ ਵਿੱਚ 40.6 ਅਤੇ ਅੰਮ੍ਰਿਤਸਰ ਵਿੱਚ 40.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਹਰਿਆਣਾ ਵਿੱਚ ਫਰੀਦਾਬਾਦ 43.4 ਡਿਗਰੀ ਨਾਲ ਸਭ ਤੋਂ ਗਰਮ ਰਿਹਾ, ਜਦਕਿ ਰੋਹਤਕ ਅਤੇ ਸਿਰਸਾ ਵਿੱਚ ਪਾਰਾ 43.3 ਡਿਗਰੀ ਤੱਕ ਪਹੁੰਚ ਗਿਆ।
ਗਰਮੀ ਦੇ ਇਸ ਕਹਿਰ ਦੇ ਵਿਚਕਾਰ ਮੌਸਮ ਵਿਭਾਗ ਨੇ ਰਾਹਤ ਦੀ ਖ਼ਬਰ ਵੀ ਦਿੱਤੀ ਹੈ। ਐਤਵਾਰ ਤੋਂ ਮੰਗਲਵਾਰ ਤੱਕ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਗਰਜ-ਚਮਕ ਦੇ ਨਾਲ ਮੀਂਹ ਅਤੇ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਹ ਬਦਲਾਅ ਹਫ਼ਤੇ ਭਰ ਤੋਂ ਜਾਰੀ ਭਿਆਨਕ ਗਰਮੀ ਤੋਂ ਰਾਹਤ ਦਿਵਾ ਸਕਦਾ ਹੈ।
ਟ੍ਰਾਈਸਿਟੀ (ਚੰਡੀਗੜ੍ਹ, ਮੋਹਾਲੀ, ਪੰਚਕੂਲਾ) ਵਿੱਚ ਸ਼ੁੱਕਰਵਾਰ, ਸ਼ਨਿੱਚਰਵਾਰ ਅਤੇ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਦੇ ਨੇੜੇ ਰਹੇਗਾ। ਮੰਗਲਵਾਰ ਨੂੰ ਬੱਦਲਵਾਈ ਅਤੇ ਮੀਂਹ ਕਾਰਨ ਤਾਪਮਾਨ ਡਿੱਗ ਕੇ 38 ਡਿਗਰੀ ਤੱਕ ਆ ਸਕਦਾ ਹੈ। ਫਿਲਹਾਲ ਸ਼ਨਿੱਚਵਾਰ ਤੱਕ ਲੋਕਾਂ ਨੂੰ ਸਖ਼ਤ ਧੁੱਪ ਅਤੇ ਗਰਮ ਹਵਾਵਾਂ ਦਾ ਸਾਹਮਣਾ ਕਰਨਾ ਪਵੇਗਾ।
ਇਸੇ ਦੌਰਾਨ ਭਿਆਨਕ ਗਰਮੀ ਦੇ ਦਿਨਾਂ ਵਿੱਚ ਰੱਖ-ਰਖਾਅ (ਮੇਨਟੇਨੈਂਸ) ਦੇ ਕੰਮਾਂ ਲਈ ਪੰਜਾਬ ਵਿੱਚ ਲੱਗਣ ਵਾਲੇ ਛੇ ਤੋਂ ਅੱਠ ਘੰਟੇ ਦੇ ਲੰਮੇ ਬਿਜਲੀ ਕੱਟਾਂ ਕਾਰਨ ਹੋਏ ਭਾਰੀ ਹੰਗਾਮੇ ਤੋਂ ਬਾਅਦ ਹੁਣ ਪੀ ਐੱਸ ਪੀ ਸੀ ਐੱਲ ਨੇ ਵੱਡੀ ਰਾਹਤ ਦਿੱਤੀ ਹੈ। ਵਿਭਾਗ ਨੇ ਨਵੀਆਂ ਹਦਾਇਤਾਂ ਜਾਰੀ ਕਰਦਿਆਂ ਅਜਿਹੇ ਕੰਮਾਂ (ਮੇਨਟੇਨੈਂਸ) ਨੂੰ ਸੀਮਤ ਕਰਨ ਅਤੇ ਦਿਨ ਵਿੱਚ ਚਾਰ ਘੰਟੇ ਤੋਂ ਵੱਧ ਬਿਜਲੀ ਕੱਟ ਨਾ ਲਗਾਉਣਾ ਯਕੀਨੀ ਬਣਾਉਣ ਲਈ ਕਿਹਾ ਹੈ। ਪੀ ਐੱਸ ਪੀ ਸੀ ਐੱਲ ਦੇ ਡਾਇਰੈਕਟਰ (ਜਨਰੇਸ਼ਨ) ਵੱਲੋਂ ਜਾਰੀ ਨਵੇਂ ਹੁਕਮਾਂ ਅਨੁਸਾਰ, ਰੱਖ-ਰਖਾਅ ਅਤੇ ਨਵੇਂ ਕੰਮਾਂ ਲਈ ਬਿਜਲੀ ਬੰਦ (ਆਊਟੇਜ) ਰੱਖਣ ਵਾਸਤੇ ਨਵੇਂ ਪ੍ਰੋਟੋਕੋਲ ਦੀ ਪਾਲਣਾ ਕਰਨੀ ਹੋਵੇਗੀ।
ਨਵੇਂ ਹੁਕਮਾਂ ਦੀ ਕਾਪੀ ਵਿੱਚ ਕਿਹਾ ਗਿਆ ਹੈ ਕਿ ਇਹ ਦੇਖਿਆ ਗਿਆ ਹੈ ਕਿ ਜ਼ੋਨਲ ਦਫ਼ਤਰਾਂ ਵੱਲੋਂ ਹਾਲ ਹੀ ਵਿੱਚ ਰੱਖ-ਰਖਾਅ ਅਤੇ ਨਵੇਂ ਕੰਮਾਂ ਲਈ ਜੋ ਬਿਜਲੀ ਕੱਟਾਂ ਦੀ ਤਜਵੀਜ਼ ਭੇਜੀ ਗਈ ਹੈ, ਉਹ ਛੇ ਤੋਂ ਅੱਠ ਘੰਟੇ ਦੀ ਹੈ। ਹਾਲਾਂਕਿ, ਤਾਪਮਾਨ ਵਿੱਚ ਅਚਾਨਕ ਹੋਏ ਵਾਧੇ ਦੇ ਮੱਦੇਨਜ਼ਰ ਅਤੇ ਜਨਤਾ ਨੂੰ ਰਾਹਤ ਦੇਣ ਲਈ, ਪ੍ਰਬੰਧਕਾਂ ਨੇ ਫੈਸਲਾ ਕੀਤਾ ਹੈ ਕਿ ਕੋਈ ਵੀ ਨਵਾਂ ਕੰਮ ਪ੍ਰਤੀ ਦਿਨ ਚਾਰ ਘੰਟੇ ਤੋਂ ਵੱਧ ਨਹੀਂ ਹੋਵੇਗਾ।
ਹੁਕਮਾਂ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਬਿਜਲੀ ਬੰਦ (ਸ਼ਟਡਾਊਨ) ਦੌਰਾਨ ਸਾਰਾ ਕੰਮ ਏ ਈ ਰੈਂਕ ਦੇ ਅਧਿਕਾਰੀ ਦੀ ਦੇਖ-ਰੇਖ ਵਿੱਚ ਹੋਣਾ ਚਾਹੀਦਾ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਮੇਂ ਦੀ ਬਚਤ ਲਈ, ਕੰਮ ਵਾਸਤੇ ਲੋੜੀਂਦਾ ਸਾਰਾ ਸਾਮਾਨ ਇੱਕ ਦਿਨ ਪਹਿਲਾਂ ਹੀ ਮੌਕੇ ‘ਤੇ ਪਹੁੰਚਣਾ ਲਾਜ਼ਮੀ ਹੈ। ਇਸ ਤੋਂ ਇਲਾਵਾ, ਸੀਨੀਅਰ ਐਕਸੀਅਨ ਪੱਧਰ ਦੇ ਅਧਿਕਾਰੀ ਕੰਮ ਦੇ ਮਿਆਰ ਅਤੇ ਰਫ਼ਤਾਰ ਦੀ ਜਾਂਚ ਕਰਨ ਲਈ ਕਿਸੇ ਵੀ ਸਮੇਂ ਅਚਾਨਕ ਦੌਰਾ ਕਰਨਗੇ। ਨਵੇਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਹਰ ਬਿਜਲੀ ਕੱਟ ਦੀ ਜਾਣਕਾਰੀ ਸਹੀ ਤਰੀਕੇ ਨਾਲ ਡਿਸਟ੍ਰੀਬਿਊਸ਼ਨ ਪੋਰਟਲ ‘ਤੇ ਦਰਜ ਹੋਣੀ ਚਾਹੀਦੀ ਹੈ। ਪੱਤਰ ਦੇ ਅੰਤ ਵਿੱਚ ਲਿਖਿਆ ਹੈ ਕਿ ਇਹ ਹਦਾਇਤਾਂ ਤੁਰੰਤ ਪ੍ਰਭਾਵ ਨਾਲ ਲਾਗੂ ਹਨ ਤਾਂ ਜੋ ਗਰਮੀ ਦੌਰਾਨ ਆਮ ਜਨਤਾ ਦੀਆਂ ਸ਼ਿਕਾਇਤਾਂ ਘੱਟ ਕੀਤੀਆਂ ਜਾ ਸਕਣ। ਇਹ ਹਦਾਇਤਾਂ ਇਸ ਹਫ਼ਤੇ ਲਈ ਪਹਿਲਾਂ ਹੀ ਭੇਜੇ ਗਏ ਬਿਜਲੀ ਕੱਟਾਂ ਦੇ ਸ਼ਡਿਊਲ ‘ਤੇ ਵੀ ਲਾਗੂ ਹੋਣਗੀਆਂ।
ਇਹ ਨਵਾਂ ਹੁਕਮ ਉਸ ਨੋਟਿਸ ਤੋਂ ਬਾਅਦ ਆਇਆ ਹੈ, ਜਦੋਂ ਪਾਵਰਕੌਮ ਨੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਸਮੇਤ ਮੁੱਖ ਸ਼ਹਿਰਾਂ ਵਿੱਚ 26 ਅਪਰੈਲ ਤੱਕ ਛੇ ਤੋਂ ਅੱਠ ਘੰਟੇ ਦੇ ਲੰਮੇ ਬਿਜਲੀ ਕੱਟਾਂ ਦਾ ਸਰਕੂਲਰ ਜਾਰੀ ਕੀਤਾ ਸੀ। ਹਾਲਾਂਕਿ, ਕੁਝ ਇਲਾਕਿਆਂ ਵਿੱਚ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਿਵਾਸੀਆਂ ਨੇ ਦੁਪਹਿਰ ਅਤੇ ਰਾਤ ਦੇ ਸਮੇਂ ਵਾਰ-ਵਾਰ ਅਤੇ ਲੰਮੇ ਕੱਟਾਂ ਦੀਆਂ ਸ਼ਿਕਾਇਤਾਂ ਕੀਤੀਆਂ ਸਨ। ਇਸ ਕਾਰਨ ਕਈ ਥਾਵਾਂ ‘ਤੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਹੋਏ ਅਤੇ ਵਿਰੋਧੀ ਪਾਰਟੀਆਂ ਨੇ ਵੀ ਗਰਮੀ ਦੇ ਦਿਨਾਂ ਵਿੱਚ ਬਿਜਲੀ ਸਪਲਾਈ ਵਿੱਚ ਵਿਘਨ ਪਾਉਣ ਦੇ ਫੈਸਲੇ ‘ਤੇ ਸਵਾਲ ਚੁੱਕੇ ਸਨ।
ਤਾਪਮਾਨ ਵਿਚ ਹੋ ਰਹੇ ਵਾਧੇ ਕਾਰਨ ਪੰਜਾਬ ਵਿਚ ਬਿਜਲੀ ਦੀ ਮੰਗ ਲਗਾਤਾਰ ਵਧਣ ਲੱਗੀ ਹੈ। ਅਪਰੈਲ ਦੇ ਪਹਿਲੇ ਦੋ ਹਫਤਿਆਂ ਵਿਚ ਮੌਸਮ ਠੰਡਾ ਰਹਿਣ ਕਾਰਨ ਬਿਜਲੀ ਦੀ ਮੰਗ ਘੱਟ ਰਹੀ ਸੀ। ਰੋਜ਼ਾਨਾ ਦੇ ਅੰਕੜਿਆਂ ਮੁਤਾਬਕ 20 ਅਪ੍ਰੈਲ ਨੂੰ ਬਿਜਲੀ ਦੀ ਵੱਧ ਤੋਂ ਵੱਧ ਮੰਗ 9360 ਮੈਗਾਵਾਟ ਰਹੀ, ਜਿਸਦੀ ਸਪਲਾਈ 1798 ਸੀ। ਇਸਦੇ ਚੱਲਦਿਆਂ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ 18 ਹਜ਼ਾਰ ਮੈਗਾਵਾਟ ਤੱਕ ਪਹੁੰਚ ਸਕਦੀ ਹੈ। ਇਸਦੇ ਚੱਲਦਿਆਂ ਮੌਸਮ ਵਿਭਾਗ ਵਲੋਂ ਇਹ ਵੀ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਆਮ ਨਾਲੋਂ ਵੱਧ ਲੂ ਚੱਲਣ ਦੀ ਸੰਭਾਵਨਾ ਹੈ।
ਤੰਦੂਰ ਵਾਂਗ ਤਪਣ ਲੱਗਾ ਪੰਜਾਬ ਤਾਪਮਾਨ 44 ਡਿਗਰੀ ਤੋਂ ਪਾਰ
RELATED ARTICLES

