ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਤੋਂ ਪਿੱਛੇ ਨਹੀਂ ਹਟੇ : ਫੋਰਡ
ਟੋਰਾਂਟੋ/ਬਿਊਰੋ ਨਿਊਜ਼
ਪ੍ਰੀਮੀਅਰ ਡੱਗ ਫੋਰਡ ਨੇ ਹਾਈਡਰੋ ਵੰਨ ਦੇ ਸੀਈਓ ਦੀ ਫੌਰੀ ਰਿਟਾਇਰਮੈਂਟ ਤੇ ਸਮੁੱਚੇ ਬੋਰਡ ਆਫ ਡਾਇਰੈਕਟਰਜ਼ ਦੇ ਅਸਤੀਫੇ ਦੇ ਸਬੰਧ ਵਿੱਚ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਉਹ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਵਿੱਚ ਪਿੱਛੇ ਨਹੀਂ ਹਟੇ। ਜ਼ਿਕਰਯੋਗ ਹੈ ਕਿ ਫੋਰਡ ਨੇ ਇਹ ਵਾਅਦਾ ਕੀਤਾ ਸੀ ਕਿ ਜੇ ਉਹ ਚੁਣੇ ਜਾਂਦੇ ਹਨ ਤਾਂ ਹਾਈਡਰੋ ਵੰਨ ਦੇ ਸੀਈਓ ਮਾਇਓ ਸ਼ਮਿਡਟ ਨੂੰ ਨੌਕਰੀ ਤੋਂ ਕੱਢ ਦੇਣਗੇ। ਉਨ੍ਹਾਂ ਸ਼ਮਿਡਟ ਨੂੰ 6 ਮਿਲੀਅਨ ਡਾਲਰ ਵਾਲਾ ਵਿਅਕਤੀ ਵੀ ਆਖਿਆ ਸੀ। ਫੋਰਡ ਨੇ ਆਖਿਆ ਕਿ ਇਹ ਪ੍ਰੋਵਿੰਸ ਲਈ ਬਹੁਤ ਹੀ ਵਧੀਆ ਦਿਨ ਹੈ। ਨਵੀਂ ਟੋਰੀ ਸਰਕਾਰ ਤੇ ਅੰਸ਼ਕ ਤੌਰ ਉੱਤੇ ਪ੍ਰਾਈਵੇਟ ਪਾਵਰ ਯੂਟਿਲਿਟੀ ਦਰਮਿਆਨ ਹੋਏ ਸਮਝੌਤੇ ਤਹਿਤ ਸ਼ਮਿਡਟ ਦੇ ਰਿਟਾਇਰ ਹੋਣ ਦੀ ਸੂਰਤ ਵਿੱਚ ਉਨ੍ਹਾਂ ਦਾ ਸਮੁੱਚਾ ਬੋਰਡ ਆਫ ਡਾਇਰੈਕਟਰਜ਼ ਵੀ ਅਸਤੀਫਾ ਦੇਵੇਗਾ ਜਾਂ ਉਸ ਨੂੰ ਬਦਲਿਆ ਜਾਵੇਗਾ। ਫੋਰਡ ਨੇ ਕੇ ਆਖਿਆ ਕਿ ਉਨ੍ਹਾਂ ਇਹੋ ਆਖਿਆ ਸੀ ਕਿ ਹਾਈਡਰੋ ਵੰਨ ਦਾ ਸੀਈਓ ਹਰ ਹਾਲ ਜਾਵੇਗਾ ਤੇ ਬੋਰਡ ਵੀ ਜਾਵੇਗਾ। ਉਨ੍ਹਾਂ ਆਖਿਆ ਕਿ ਉਹ ਇਸ ਲਈ ਖੁਸ਼ ਹਨ। ਹੁਣ ਅਸੀਂ ਨਵੇਂ ਸਿਰੇ ਤੋਂ ਸਹੀ ਕੰਮ ਕਰ ਸਕਾਂਗੇ।
ਹਾਈਡਰੋ ਵੰਨ ਦੇ ਸੀਈਓ ਨੂੰ ਨੌਕਰੀ ਤੋਂ ਨਹੀਂ ਕੱਢੇਗੀ ਫੋਰਡ ਸਰਕਾਰ!
ਓਨਟਾਰੀਓ : ਤਿੰਨ ਮਹੀਨੇ ਪਹਿਲਾਂ ਹਾਈਡਰੋ ਵੰਨ ਦੇ ਜਿਸ ਸੀਈਓ ਮਾਇਓ ਸ਼ਮਿਡਟ ਨੂੰ 6 ਮਿਲੀਅਨ ਡਾਲਰ ਮੈਨ ਦੱਸਕੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਗੱਦੀ ਤੋਂ ਉਤਾਰਨ ਦਾ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਨਹੀਂ ਹੋ ਸਕਦਾ ਕਿਉਂਕਿ ਫੋਰਡ ਸਰਕਾਰ ਦੀ ਤਰਜੀਹੀ ਸੂਚੀ ਵਿੱਚੋਂ ਹੁਣ ਇਹ ਨਾਂ ਕਿਰ ਗਿਆ ਹੈ।ਨਵੇਂ ਪ੍ਰੋਗਰੈਸਿਵ ਕੰਸਰਵੇਟਿਵ ਐਡਮਨਿਸਟ੍ਰੇਸ਼ਨ ਵੱਲੋਂ ਗਵਰਮੈਂਟ ਹਾਊਸ ਲੀਡਰ ਟੌਡ ਸਮਿੱਥ ਨੇ ਮੰਗਲਵਾਰ ਨੂੰ ਆਖਿਆ ਕਿ ਅਸੀਂ ਇਸ ਮੁੱਦੇ ਉੱਤੇ ਹਾਲ ਦੀ ਘੜੀ ਕੰਮ ਕਰ ਰਹੇ ਹਾਂ। ਸਮਿੱਥ ਨੇ ਆਖਿਆ ਕਿ ਸਰਕਾਰ ਹਾਲ ਦੀ ਘੜੀ ਕਈ ਹੋਰਨਾਂ ਮੁੱਦਿਆਂ ਵੱਲ ਧਿਆਨ ਦੇ ਰਹੀ ਹੈ ਜਿਸ ਕਾਰਨ ਇਸ ਪਾਸੇ ਥੋੜ੍ਹੀ ਦੇਰ ਹੋ ਰਹੀ ਹੈ। ਇਸ ਸਮੇਂ ਸਰਕਾਰ ਦਾ ਧਿਆਨ ਗ੍ਰੀਨ ਓਨਟਾਰੀਓ ਫੰਡ ਵਿੱਚ ਕਟੌਤੀ ਕਰਨ ਉੱਤੇ ਲੱਗਿਆ ਹੋਇਆ ਹੈ। ਇਸ ਨਾਲ ਕੰਜ਼ਿਊਮਰਜ਼ ਨੂੰ ਸਮਾਰਟ ਥਰਮੋਸਟੈਟਸ ਤੇ ਐਨਰਜੀ ਸਮਰੱਥ ਖਿੜਕੀਆਂ ਸਬੰਧੀ ਪੈਸੇ ਦੀ ਬਚਤ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਆਖਿਆ ਕਿ ਇਹ ਭਾਵੇਂ ਸਾਡੀਆਂ ਤਰਜੀਹਾਂ ਵਿੱਚੋਂ ਪਹਿਲੀ ਨਹੀਂ ਸੀ ਪਰ ਜਿਹੜੀਆਂ ਪ੍ਰਾਪਤੀਆਂ ਅਸੀਂ ਕੀਤੀਆਂ ਹਨ ਉਨ੍ਹਾਂ ਦੀ ਗਿਣਤੀ ਵੀ ਘੱਟ ਨਹੀਂ। ਉਨ੍ਹਾਂ ਸਪਸ਼ਟ ਕੀਤਾ ਕਿ ਹਾਈਡਰੋ ਵੰਨ ਦੇ ਹਾਲਾਤ ਨਾਲ ਨਜਿੱਠਣਾ ਸਾਡੀ ਤਰਜੀਹ ਹੈ ਪਰ ਇਸ ਨਾਲ ਹੌਲੀ-ਹੌਲੀ ਨਜਿੱਠਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸ਼ਮਿਡਟ ਨੂੰ ਨੌਕਰੀ ਤੋਂ ਕੱਢੇ ਜਾਣ ਦੇ ਪਲੈਨ ਦੀ ਆਲੋਚਨਾ ਵਿਰੋਧੀ ਧਿਰਾਂ ਵੱਲੋਂ ਵੀ ਕੀਤੀ ਗਈ। ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਨੂੰ ਕੱਢਣ ਨਾਲ ਬਿਜਲੀ ਦੀਆਂ ਕੀਮਤਾਂ ਘਟਾਉਣ ਵਿੱਚ ਤਾਂ ਕੋਈ ਮਦਦ ਨਹੀਂ ਮਿਲੇਗੀ ਸਗੋਂ ਸ਼ਮਿਡਟ ਨੂੰ ਬਿਨਾ ਕਾਰਨ ਕੱਢੇ ਜਾਣ ਨਾਲ ਉਸ ਨੂੰ 10.7 ਮਿਲੀਅਨ ਡਾਲਰ ਦੇਣਾ ਹੋਵੇਗਾ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …