Breaking News
Home / ਭਾਰਤ / ਸੋਨਾਰੀਆ ਜੇਲ੍ਹ ਵਿਚ ਰਾਮ ਰਹੀਮ ਨੂੰ ਮਿਲ ਕੇ ਮਾਂ ਨੇ ਲਈ ਪੋਤੇ ਨੂੰ ਡੇਰਾ ਸੌਂਪਣ ਦੀ ਸਲਾਹ

ਸੋਨਾਰੀਆ ਜੇਲ੍ਹ ਵਿਚ ਰਾਮ ਰਹੀਮ ਨੂੰ ਮਿਲ ਕੇ ਮਾਂ ਨੇ ਲਈ ਪੋਤੇ ਨੂੰ ਡੇਰਾ ਸੌਂਪਣ ਦੀ ਸਲਾਹ

ਹਰਮਿੰਦਰ ਜੱਸੀ ਦੇ ਭਰਾ ਨੇ ਕਰਵਾਈ ਰਾਮ ਰਹੀਮ ਤੇ ਮਾਂ ਦੀ ਮਿਲਣੀ
ਮੁਲਾਕਾਤ ਲਈ ਜੇਲ੍ਹ ਅਧਿਕਾਰੀਆਂ ਨੂੰ ਦਿੱਤਾ ਕਿਸੇ ਹੋਰ ਦਾ ਸਿਰਨਾਵਾਂ
ਬਠਿੰਡਾ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਦੇ ਕੁੜਮ ਤੇ ਸਾਬਕਾ ਮੰਤਰੀ ਹਰਮਿੰਦਰ ਜੱਸੀ ਦੇ ਭਰਾ ਗੋਪਾਲ ਸਿੰਘ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ‘ਮਾਂ-ਪੁੱਤ’ ਦਾ ਮੇਲ ਕਰਾਇਆ ਹੈ।
ਬਲਾਤਕਾਰ ਲਈ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਮਾਂ ਨਸੀਬ ਕੌਰ ਨੇ ਲੰਘੇ ਦਿਨ ਪੁੱਤ ਨਾਲ ਮੁਲਾਕਾਤ ਕੀਤੀ ਸੀ। ਮੁਲਾਕਾਤ ਦੇ ਵੇਰਵੇ ਭਾਵੇਂ ਬਾਹਰ ਨਹੀਂ ਆ ਸਕੇ, ਪਰ ਇਸ ਮਿਲਣੀ ਨਾਲ ਕਈ ਤਰ੍ਹਾਂ ਦੇ ਚਰਚੇ ਛਿੜ ਗਏ ਹਨ। ਡੇਰਾ ਮੁਖੀ ਦੀ ਮਾਂ ਨਾਲ ਜਾਣ ਵਾਲੇ ਇੱਕ ਨਾਮ ‘ਇਕਬਾਲ ਸਿੰਘ’ ਬਾਰੇ ਭੇਤ ਬਰਕਰਾਰ ਹੈ।
ਜਾਣਕਾਰੀ ਅਨੁਸਾਰ ਡੇਰਾ ਮੁਖੀ ਦੇ ਕੁੜਮ ਕਾਂਗਰਸੀ ਆਗੂ ਹਰਮਿੰਦਰ ਜੱਸੀ ਦਾ ਭਰਾ ਗੋਪਾਲ ਸਿੰਘ ਪਿੰਡ ਗੁਰੂਸਰ ਮੋਡੀਆ (ਰਾਜਸਥਾਨ) ਤੋਂ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਨੂੰ ਲੈ ਕੇ ਰਵਾਨਾ ਹੋਇਆ ਸੀ। ਗੋਪਾਲ ਸਿੰਘ ਹੀ ਨਸੀਬ ਕੌਰ ਨੂੰ ਰੋਹਤਕ ਤੱਕ ਲੈ ਕੇ ਗਿਆ ਅਤੇ ਮਗਰੋਂ ਮੁੜ ਪਿੰਡ ਛੱਡ ਕੇ ਵੀ ਗਿਆ। ਔਖ ਦੀ ਘੜੀ ਵਿੱਚ ਜੱਸੀ ਦਾ ਪਰਿਵਾਰ ਡੇਰਾ ਮੁਖੀ ਦੇ ਪਰਿਵਾਰ ਨਾਲ ਖੜ੍ਹਾ ਹੈ। ਵੇਰਵਿਆਂ ਅਨੁਸਾਰ ਰੋਹਤਕ ਜੇਲ੍ਹ ਵਿੱਚ ਜੋ ਸ਼ਨਾਖਤੀ ਕਾਰਡ ਦਿੱਤਾ ਗਿਆ ਹੈ, ਉਸ ਉਪਰ ਇਕਬਾਲ ਸਿੰਘ ਵਾਸੀ ਭਾਰਤ ਨਗਰ ਬਠਿੰਡਾ ਦੇ ਵੇਰਵੇ ਦਰਜ ਹਨ, ਜਿਸ ਤੋਂ ਕਾਫ਼ੀ ਉਲਝਣ ਪੈਦਾ ਹੋ ਗਈ ਹੈ।
ਭਾਵੇਂ ਇਕਬਾਲ ਸਿੰਘ, ਸਾਬਕਾ ਮੰਤਰੀ ਹਰਮਿੰਦਰ ਜੱਸੀ ਦੇ ਕਾਫੀ ਨੇੜੇ ਹੈ, ਪ੍ਰੰਤੂ ਉਸ ਦਾ ਕਹਿਣਾ ਸੀ ਕਿ ਹਰਮਿੰਦਰ ਜੱਸੀ ਦਾ ਚੋਣ ਦਫ਼ਤਰ ਪੁਰਾਣੇ ਸਮੇਂ ਤੋਂ ਭਾਰਤ ਨਗਰ ਦੀ ਕੋਠੀ ਨੰਬਰ 332 ਵਿੱਚ ਚੱਲ ਰਿਹਾ ਹੈ ਅਤੇ ਹੋ ਸਕਦਾ ਹੈ ਕਿ ਇਹੋ ਸਿਰਨਾਵਾਂ ਜੇਲ੍ਹ ਅੰਦਰ ਦਿੱਤਾ ਗਿਆ ਹੋਵੇ। ਉਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਰੋਹਤਕ ਜੇਲ੍ਹ ਨਹੀਂ ਗਿਆ। ਸੂਤਰਾਂ ਮੁਤਾਬਕ ਜੇਕਰ ਇਕਬਾਲ ਸਿੰਘ ਕਿਤੇ ਨਹੀਂ ਗਿਆ ਤਾਂ ਉਸ ਦੇ ਸਿਰਨਾਵੇਂ ਵਾਲਾ ਸ਼ਨਾਖ਼ਤੀ ਕਾਰਡ ਕਿਉਂ ਵਰਤਿਆ ਗਿਆ।

23 ਨੂੰ ਡੇਰੇ ਦਾ ਗੁਰਤਾ ਗੱਦੀ ਦਿਵਸ, ਜਸਮੀਤ ਇੰਸਾਂ ਬਣ ਸਕਦਾ ਹੈ ਡੇਰਾਮੁਖੀ
ਸਿਰਸਾ : ਸਾਧਵੀ ਬਲਾਤਕਾਰ ਮਾਮਲੇ ਵਿਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਡੇਰੇ ਦੇ ਮੁਖੀ ਨੂੰ ਲੈ ਕੇ ਲਗਾਤਾਰ ਕਿਆਸ ਲਗਾਏ ਜਾ ਰਹੇ ਹਨ। ਇਸ ਨੂੰ ਲੈ ਕੇ 23 ਸਤੰਬਰ ‘ਤੇ ਸਭ ਦੀ ਨਜ਼ਰ ਟਿਕੀ ਹੋਈ ਹੈ। ਕਿਉਂਕਿ 23 ਸਤੰਬਰ ਨੂੰ ਡੇਰੇ ਦਾ ਗੁਰਤਾ ਗੱਦੀ ਦਿਵਸ ਹੈ। ਇਸੇ ਦਿਨ ਹੀ ਰਾਮ ਰਹੀਮ ਨੇ ਡੇਰੇ ਦੀ ਗੱਦੀ ਸੰਭਾਲੀ ਸੀ। ਹੁਣ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਸੇ ਦਿਨ ਰਾਮ ਰਹੀਮ ਦਾ ਬੇਟਾ ਜਸਮੀਤ ਇੰਸਾਂ ਡੇਰੇ ਦਾ ਕੇਅਰ ਟੇਕਰ ਬਣ ਸਕਦਾ ਹੈ। ਹਾਲਾਂਕਿ ਇਸਦਾ ਕੋਈ ਅਧਿਕਾਰਤ ਐਲਾਨ ਨਹੀਂ ਹੋਵੇਗਾ। ਕਿਉਂਕਿ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੇ ਕਿਹਾ ਕਿ 23 ਸਤੰਬਰ ਨੂੰ ਡੇਰੇ ਵਿਚ ਸਮਾਗਮ ਨਹੀਂ ਹੋਵੇਗਾ। ਹਰ ਡੇਰਾ ਪ੍ਰੇਮੀ ਨੂੰ ਘਰ ਵਿਚ ਹੀ ਸਤਸੰਗ ਕਰਨ ਲਈ ਕਿਹਾ ਗਿਆ ਹੈ। ਅਜਿਹੇ ਵਿਚ ਇਹ ਮੰਨਿਆ ਜਾ ਰਿਹਾ ਹੈ ਕਿ ਰਾਮ ਰਹੀਮ ਦੇ ਬੇਟੇ ਨੂੰ ਡੇਰੇ ਦਾ ਕੇਅਰ ਟੇਕਰ ਐਲਾਨ ਕਰਨ ਦੀ ਸੂਚਨਾ ਡੇਰੇ ਦੇ ਖਾਸ-ਖਾਸ ਵਿਅਕਤੀਆਂ ਤੱਕ ਪਹੁੰਚਾ ਦਿੱਤੀ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਰਾਮ ਰਹੀਮ ਦੀ ਮਾਂ ਨੇ ਜੇਲ੍ਹ ਵਿਚ ਰਾਮ ਰਹੀਮ ਨਾਲ ਮੁਲਾਕਾਤ ਕਰਕੇ ਇਸਦੀ ਆਗਿਆ ਲੈ ਲਈ ਹੈ। ਵੱਡਾ ਕਾਰਨ ਇਹ ਵੀ ਹੈ ਕਿ ਰਾਮ ਰਹੀਮ ਦੇ ਬੇਟੇ ਜਸਮੀਤ ਇੰਸਾਂ ‘ਤੇ ਸਿੱਧੇ ਤੌਰ ‘ਤੇ ਕੋਈ ਮੁਕੱਦਮਾ ਦਰਜ ਨਹੀਂ ਹੈ। ਇਸ ਤੋਂ ਪਹਿਲਾਂ ਸਰਕਾਰ ਸਰਕਾਰ ਡੇਰੇ ‘ਤੇ ਕੋਈ ਪ੍ਰਸ਼ਾਸਕ ਨਿਯੁਕਤ ਕਰੇ, ਡੇਰੇ ਦਾ ਕੋਈ ਨਾ ਕੋਈ ਉਤਰਾਧਿਕਾਰੀ ਐਲਾਨ ਦਿੱਤਾ ਜਾਵੇ।

 

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …