Breaking News
Home / ਭਾਰਤ / ਵਿੱਤ ਮੰਤਰੀ ਜੇਤਲੀ ਵੱਲੋਂ 2017-18 ਦਾ ਬਜਟ ਪੇਸ਼

ਵਿੱਤ ਮੰਤਰੀ ਜੇਤਲੀ ਵੱਲੋਂ 2017-18 ਦਾ ਬਜਟ ਪੇਸ਼

Jetly copy copyਮੱਧ ਵਰਗ ਤੇ ਕਾਰੋਬਾਰੀਆਂ ਨੂੰ ਰਾਹਤ, ਟੈਕਸ ‘ਚ 5 ਫੀਸਦੀ ਦੀ ਛੋਟ
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਲ 2017-18 ਦੇ ਆਮ ਬਜਟ ਵਿੱਚ ਨੋਟਬੰਦੀ ਨਾਲ ਸੁਸਤ ਪਈ ਅਰਥ ਵਿਵਸਥਾ ਵਿੱਚ ਨਵੀਂ ਜਾਨ ਫੂਕਣ ਲਈ ਹੇਠਲੇ ਮੱਧ ਵਰਗ ਨੌਕਰੀਪੇਸ਼ਾ ਲੋਕਾਂ ਨੂੰ ਆਮਦਨ ਕਰ ਵਿੱਚ ਰਾਹਤ ਤੇ ਛੋਟੀਆਂ ਸਨਅਤਾਂ ਲਈ ਕੰਪਨੀ ਕਰ ਵਿੱਚ ਕਟੌਤੀ ਸਣੇ ਕਈ ਉਪਾਅ ਐਲਾਨੇ ਗਏ ਹਨ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਸਾਫ਼ ਸਫ਼ਾਈ, ਬਿਜਲੀ, ਰੇਲਵੇ, ਸੜਕ ਸਣੇ ਜ਼ਰੂਰੀ ਢਾਂਚਾਗਤ ਸਹੂਲਤਾਂ ਮੁਹੱਈਆ ਕਰਵਾਉਣ ਤੇ ਨੌਜਵਾਨਾਂ ਨੂੰ ਸਿੱਖਿਆ, ਹੁਨਰ ਵਿਕਾਸ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਪਹਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਉੱਤਰ ਪ੍ਰਦੇਸ਼ ਤੇ ਪੰਜਾਬ ਸਣੇ ਪੰਜ ਰਾਜਾਂ ਵਿੱਚ ਚੋਣਾਂ ਤੋਂ ਪਹਿਲਾਂ ਪੇਸ਼ ਕੀਤੇ ਗਏ ਬਜਟ ਵਿੱਚ ਢਾਈ ਲੱਖ ਤੋਂ ਪੰਜ ਲੱਖ ਰੁਪਏ ਦੀ ਸਾਲਾਨਾ ਆਮਦਨ ਵਰਗ ਵਿੱਚ ਕਰ ਦੀ ਮੌਜੂਦਾ ਦਰ ਦਸ ਫੀਸਦ ਤੋਂ ਘਟਾ ਕੇ ਪੰਜ ਫੀਸਦ ਕਰ ਦਿੱਤੀ। ਇਹ ਬਜਟ ਕਈ ਪੱਖਾਂ ਤੋਂ ਇਤਿਹਾਸਕ ਰਿਹਾ। ਪਹਿਲੀ ਵਾਰ ਆਮ ਬਜਟ ਨਾਲ ਰੇਲ ਬਜਟ ਮਿਲਾ ਕੇ ਪੇਸ਼ ਕੀਤਾ ਗਿਆ ਹੈ। ਫਰਵਰੀ ਦੇ ਅੰਤ ਦੀ ਥਾਂ ਪਹਿਲੀ ਫਰਵਰੀ ਨੂੰ ਬਜਟ ਪੇਸ਼ ਕੀਤਾ ਗਿਆ, ਜਿਸ ਵਿੱਚ ਢਾਂਚਾਗਤ ਯੋਜਨਾਵਾਂ ਲਈ 396135 ਕਰੋੜ ਰੁਪਏ ਰੱਖੇ ਗਏ ਹਨ। ਰੇਲਵੇ ਲਈ 131000 ਕਰੋੜ ਰੁਪਏ ਤੇ ਰਾਜ ਮਾਰਗਾਂ ਲਈ 64000 ਕਰੋੜ ਰੁਪਏ ਰੱਖੇ ਗਏ ਹਨ।
ਵਿੱਤ ਮੰਤਰੀ ਨੇ 50 ਕਰੋੜ ਰੁਪਏ ਤੱਕ ਦਾ ਸਾਲਾਨਾ ਕਾਰੋਬਾਰ ਕਰਨ ਵਾਲੀਆਂ ਛੋਟੀਆਂ ਇਕਾਈਆਂ ਲਈ ਕਰ ਦੀ ਦਰ ਘਟਾ ਕੇ 25 ਫੀਸਦ ਕਰ ਦਿੱਤੀ। 50 ਲੱਖ ਦੀ ਸਾਲਾਨਾ ਕਮਾਈ ਕਰਨ ਵਾਲਿਆਂ ਤੇ ਇਕ ਕਰੋੜ ਰੁਪਏ ਤੋਂ ਵੱਧ ਸਾਲਾਨਾ ਵਿਅਕਤੀਗਤ ਕਮਾਈ ਕਰਨ ਵਾਲਿਆਂ ‘ਤੇ 15 ਫੀਸਦ ਸਰਚਾਰਜ ਨੂੰ ਬਰਕਰਾਰ ਰੱਖਿਆ। ਬਜਟ ਵਿੱਚ ਸਿਗਰਟ, ਤੰਬਾਕੂ ਤੇ ਪਾਨ ਮਸਾਲਿਆਂ ‘ਤੇ ਕਰ ਵਧਾ ਦਿੱਤਾ ਗਿਆ ਹੈ। ਜੇਤਲੀ ਨੇ ਲੋਕ ਸਭਾ ਵਿੱਚ ਸਾਲ 2017-18 ਦਾ ਆਮ ਬਜਟ ਪੇਸ਼ ਕਰਦਿਆਂ ਕਾਲੇ ਧਨ ‘ਤੇ ਸ਼ਿਕੰਜਾ ਕਸਣ ਲਈ ਨਵੇਂ ਤਰੀਕਿਆਂ ਤਹਿਤ ਤਿੰਨ ਲੱਖ ਰੁਪਏ ਤੋਂ ਵੱਧ ਨਕਦ ਲੈਣ-ਦੇਣ ‘ਤੇ ਪਾਬੰਦੀ ਲਗਾਉਣ ਅਤੇ ਸਿਆਸੀ ਦਲਾਂ ਉਪਰ ਕਿਸੇ ਵਿਅਕਤੀ ਤੋਂ 2000 ਹਜ਼ਾਰ ਰੁਪਏ ਦਾ ਨਕਦ ਫੰਡ ਪ੍ਰਾਪਤ ਕਰਨ ‘ਤੇ ਲੋਕ ਲਗਾਉਣ ਦੀ ਤਜਵੀਜ਼ ਰੱਖੀ ਹੈ।
ਬਜਟ ਵਿੱਚ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਬਜਟ ਵਿੱਚ ਰਿਹਾਇਸ਼ੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਕਈ ਤਜਵੀਜ਼ਾਂ ਰੱਖੀਆਂ ਗਈਆਂ ਹਨ। ਵਿੱਤ ਮੰਤਰੀ ਨੇ ਬਜਟ ਵਿੱਚ ਖੇਤੀ, ਡੇਅਰੀ, ਸਿੱਖਿਆ, ਹੁਨਰ ਵਿਕਾਸ, ਰੇਲਵੇ ਤੇ ਹੋਰ ਬੁਨਿਆਦੀ ਢਾਂਚਾ ਖੇਤਰਾਂ ਲਈ ਪੈਸਾ ਵਧਾਉਣ ਦੀ ਤਜਵੀਜ਼ ਰੱਖੀ ਹੈ। ਇਸ ਦੇ ਨਾਲ ਸਿੱਧੇ ਵਿਦੇਸ਼ੀ ਨਿਵੇਸ਼ ਦੀ ਵਿਵਸਥਾ ਵਿੱਚ ਸੁਧਾਰ ਤੇ ਜਨਤਕ ਖੇਤਰਾਂ ਦੀਆਂ ਇਕਾਈਆਂ ਦੇ ਸ਼ੇਅਰਾਂ ਨੂੰ ਬਾਜ਼ਾਰ ਵਿੱਚ ਲਿਆਉਣ ਦੀ ਨਵੀਂ ਪਹਿਲ ਵਰਗੇ ਕਈ ਸੁਧਾਰਵਾਦੀ ਕਦਮਾਂ ਦਾ ਐਲਾਨ ਕੀਤਾ ਹੈ।ਜੇਤਲੀ ਨੇ ਕਿਹਾ ਕਿ 2.5-5 ਲੱਖ ਰੁਪਏ ਦੀ ਆਮਦਨ ਵਾਲੇ ਵਰਗ ਉਪਰ ਟੈਕਸ ਦੀ ਦਰ ਘਟਾਉਣ ਨਾਲ ਇਸ ਦੇ ਘੇਰੇ ਵਿੱਚ ਆਉਣ ਵਾਲੇ ਸਾਰੇ ਕਰਦਾਤਾਵਾਂ ਨੂੰ ਰਾਹਤ ਮਿਲੇਗੀ। ਸਿੱਧੇ ਕਰਾਂ ਵਿੱਚ ਛੋਟ ਨਾਲ 15,500 ਕਰੋੜ ਰੁਪਏ ਦਾ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਹੋਵੇਗਾ। 50 ਲੱਖ ਤੋਂ ਇਕ ਕਰੋੜ ਰੁਪਏ ਦੀ ਸਾਲਾਨਾ ਆਮਦਨ ‘ਤੇ 10 ਫੀਸਦ ਸਰਚਾਰਜ ਨਾਲ 2700 ਕਰੋੜ ਰੁਪਏ ਦਾ ਵਾਧੂ ਪੈਸਾ ਪ੍ਰਾਪਤ ਹੋਵੇਗਾ। ਮੰਤਰੀ ਨੇ ਕਿਹਾ ਕਿ ਤਿੰਨ ਲੱਖ ਦੀ ਆਮਦਨ ਵਾਲਿਆਂ ਦੀ ਕਰ ਦੇਣਦਾਰੀ ਸਿਫ਼ਰ ਤੇ 3.5-5 ਲੱਖ ਰੁਪਏ ਦੀ ਸਾਲਾਨਾ ਆਮਦਨ ਵਾਲਿਆਂ ਦੀ ਕਰ ਦੇਣਦਾਰੀ 2500 ਰੁਪਏ ਰਹੇਗੀ। ਪਾਨ ਮਸਾਲਿਆਂ ‘ਤੇ ਉਤਪਾਦ ਕਰ 6 ਤੋਂ 9 ਫੀਸਦ ਕੀਤਾ ਗਿਆ ਹੈ। ਮੋਬਾਈਲ ਫੋਨ ਮਹਿੰਗਾ ਹੋ ਸਕਦਾ ਹੈ। ਰੇਲਵੇ ਲਈ ਤਜਵੀਜ਼:ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਲਈ ਰੇਲਵੇ ‘ਤੇ ਖਰਚ ਅਤੇ ਵਿਕਾਸ ਲਈ 1,31,000 ਕਰੋੜ ਰੁਪਏ ਰੱਖੇ ਗਏ ਹਨ, ਜਿਸ ਵਿੱਚ 55000 ਕਰੋੜ ਰੁਪਏ ਕੇਂਦਰੀ ਬਜਟ ਵਿੱਚੋਂ ਦਿੱਤੇ ਜਾਣਗੇ। ਰੇਲਵੇ ਯਾਤਰੀ ਸੁਰੱਖਿਆ, ਸਾਫ ਸਫਾਈ ਤੇ ਵਿੱਤ ਤੇ ਲੇਖਾ ਸੁਧਾਰਾਂ ‘ਤੇ ਗੌਰ ਕਰੇਗੀ।
ਮਹਿੰਗਾ : ਸਿਗਰਟ, ਪਾਨ ਮਸਾਲਾ, ਬੀੜੀ, ਸਿਗਾਰ, ਚਿਲਮ ਅਤੇ ਖੈਨੀ, ਐਲਆਈਡੀ ਲੈਂਪ ਸਾਜ਼ੋ ਸਾਮਾਨ, ਕਾਜੂ (ਭੁੰਨਿਆ ਤੇ ਨਮਕੀਨ), ਐਲੂਮੀਨੀਅਮ ਖਣਿਜ, ਆਪਟੀਕਲ ਫਾਈਬਰ ਬਣਾਉਣ ਵਿੱਚ ਵਰਤਿਆ ਜਾਣ ਵਾਲਾ ਪਾਲੀਮਰ ਕੋਟੇਡ ਐਮਐਸ ਟੇਪ, ਚਾਂਦੀ ਦੇ ਸਿੱਕੇ ਤੇ ਤਗਮੇ।
ਸਸਤਾ : ਆਨਲਾਈਨ ਰੇਲਵੇ ਟਿਕਟ ਬੁਕਿੰਗ, ਘਰਾਂ ਵਿੱਚ ਵਰਤੇ ਜਾਣ ਵਾਲੇ ਆਰਓਜ਼ ਮੈਂਬਰੇਨ, ਸੌਰ ਊਰਜਾ ਪੈਨਲਾਂ ਵਿੱਚ ਵਰਤੇ ਜਾਣ ਵਾਲੇ ਸੋਲਰ ਟੈਂਪਰਡ ਗਲਾਸ, ਹਵਾ ਨਾਲ ਚੱਲਣ ਵਾਲੇ ਜੈਨਰੇਟਰ, ਚਮੜਾ ਉਤਪਾਦਾਂ ਨੂੰ ਬਣਾਉਣ ਵੇਲੇ ਸਾਫ ਕਰਨ ਲਈ ਵਰਤੇ ਜਾਣ ਵਾਲੇ ਕੈਮੀਕਲ, ਪੀਓਐਸ ਮਸ਼ੀਨ ਕਾਰਡ ਅਤੇ ਉਂਗਲੀ ਦੇ ਨਿਸ਼ਾਨਾਂ ਨੂੰ ਪੜ੍ਹਨ ਵਾਲੀ ਮਸ਼ੀਨ, ਰੱਖਿਆ ਸੇਵਾਵਾਂ ਲਈ ਸਮੂਹਿਕ ਬੀਮਾ।
ਭਵਿੱਖ ਦਾ ਬਜਟ : ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਨੂੰ ਸਾਰੇ ਵਰਗਾਂ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਨ ਵਾਲਾ ਦੱਸਿਆ ਅਤੇ ਕਿਹਾ ਕਿ ਇਹ ਭਵਿੱਖ ਦਾ ਬਜਟ ਹੈ। ਉਨ੍ਹਾਂ ਨੇ ਵਿੱਤ ਮੰਤਰੀ ਅਰੁਣ ਜੇਤਲੀ ਤੇ ਉਨ੍ਹਾਂ ਦੀ ਟੀਮ ਨੂੰ ‘ਇੰਨਾ ਸ਼ਾਨਦਾਰ ਬਜਟ’ ਬਣਾਉਣ ਲਈ ਵਧਾਈ ਦਿੱਤੀ।
ਬਜਟ ‘ਚ ਕੋਈ ਦ੍ਰਿਸ਼ਟੀਕੋਣ ਨਹੀਂ : ਰਾਹੁਲ ਗਾਂਧੀ
ਬਜਟ ‘ਚ ਕੋਈ ਦ੍ਰਿਸ਼ਟੀਕੋਣ ਅਤੇ ਸੋਚ ਨਾ ਹੋਣ ਦੀ ਗੱਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਇਸ ਬਜਟ ‘ਚ ਕਿਸਾਨਾਂ ਤੇ ਨੌਜਵਾਨਾਂ ਦੇ ਰੋਜ਼ਗਾਰ ਲਈ ਕੁਝ ਨਹੀਂ ਕੀਤਾ। ਰਾਹੁਲ ਨੇ ਕਿਹਾ ਕਿ ਸਿਰਫ ਸ਼ੇਅਰੋ-ਸ਼ੇਅਰੀ ਵਾਲਾ ਬਜਟ ਹੈ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …