Breaking News
Home / ਭਾਰਤ / ਅਲਵਿਦਾ! ਮਾਰਸ਼ਲ ਅਰਜਨ ਸਿੰਘ

ਅਲਵਿਦਾ! ਮਾਰਸ਼ਲ ਅਰਜਨ ਸਿੰਘ

1965 ਦੀ ਜੰਗ ‘ਚ ਭਾਰਤੀ ਹਵਾਈ ਫ਼ੌਜ ਦੀ ਅਗਵਾਈ ਕਰਨ ਵਾਲੇ 98 ਸਾਲਾ ਜੰਗੀ ਨਾਇਕ ਦਾ ਦੇਹਾਂਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਜੰਗੀ ਨਾਇਕ ਮਾਰਸ਼ਲ ਅਰਜਨ ਸਿੰਘ, ਜਿਨ੍ਹਾਂ ਨੇ 1965 ਭਾਰਤ-ਪਾਕਿਸਤਾਨ ਜੰਗ ਦੌਰਾਨ ਭਾਰਤੀ ਹਵਾਈ ਫ਼ੌਜ ਦੀ ਅਗਵਾਈ ਕੀਤੀ ਸੀ, ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਭਾਰਤੀ ਹਵਾਈ ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਾਮ ਤਕਰੀਬਨ ਸਾਢੇ ਸੱਤ ਵਜੇ ਸਵਾਸ ਤਿਆਗੇ। ਰੱਖਿਆ ਮੰਤਰਾਲੇ ਨੇ ਦੱਸਿਆ ਕਿ 98 ਸਾਲਾ ਮਾਰਸ਼ਲ ਅਰਜਨ ਸਿੰਘ ਭਾਰਤੀ ਹਵਾਈ ਫ਼ੌਜ ਦਾ ਇਕਲੌਤਾ ਅਫ਼ਸਰ ਸੀ, ਜਿਨ੍ਹਾਂ ਨੂੰ 5-ਸਟਾਰ ਰੈਂਕ ਤੱਕ ਤਰੱਕੀ ਮਿਲੀ ਸੀ। ਇਹ ਥਲ ਸੈਨਾ ਦੇ ਫੀਲਡ ਮਾਰਸ਼ਲ ਦੇ ਬਰਾਬਰ ਹੈ। ਦਿਲ ਦਾ ਦੌਰਾ ਪੈਣ ਬਾਅਦ ਉਨ੍ਹਾਂ ਨੂੰ ਫ਼ੌਜ ਦੇ ਰੀਸਰਚ ਐਂਡ ਰੈਫਰਲ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਮਾਰਸ਼ਲ ਅਰਜਨ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਲੈਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਤਿੰਨੇ ਸੈਨਾਵਾਂ ਦੇ ਮੁਖੀ ਜਨਰਲ ਬਿਪਿਨ ਰਾਵਤ, ਐਡਮਿਰਲ ਸੁਨੀਲ ਲਾਂਬਾ ਅਤੇ ਏਅਰ ਚੀਫ ਮਾਰਸ਼ਲ ਬਰਿੰਦਰ ਸਿੰਘ ਧਨੋਆ ਹਸਪਤਾਲ ਆਏ।ਮੁਲਕ ਦੇ ਫ਼ੌਜੀ ਇਤਿਹਾਸ ਦੇ ਧਰੂ-ਤਾਰੇ ਅਰਜਨ ਸਿੰਘ ਨੇ 1965 ਦੀ ਹਿੰਦ-ਪਾਕਿ ਜੰਗ ਸਮੇਂ ਤਜਰਬੇ ਵਿਹੂਣੀ ਭਾਰਤੀ ਹਵਾਈ ਫ਼ੌਜ ਦੀ ਅਗਵਾਈ ਕੀਤੀ ਸੀ ਅਤੇ ਉਹ ਮਹਿਜ਼ 44 ਸਾਲਾਂ ਦੇ ਸਨ। ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਬੇਹੱਦ ਅਹਿਮ ਸ਼ਹਿਰ ਅਖ਼ਨੂਰ ਉਤੇ ਅਪਰੇਸ਼ਨ ਗਰੈਂਡ ਸਲੈਮ ਤਹਿਤ ਧਾਵਾ ਬੋਲਿਆ ਤਾਂ ਉਨ੍ਹਾਂ ਨੇ ਹੌਸਲੇ, ਦਲੇਰੀ, ਦ੍ਰਿੜ੍ਹਤਾ ਅਤੇ ਪੇਸ਼ੇਵਰ ਹੁਨਰ ਦਾ ਮੁਜ਼ਾਹਰਾ ਕੀਤਾ। ਲੜਾਕੂ ਪਾਇਲਟ ਅਰਜਨ ਸਿੰਘ ਨੂੰ 1965 ਵਿੱਚ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਪਦਮ ਵਿਭੂਸ਼ਨ’ ਪੁਰਸਕਾਰ ਨਾਲ ਸਨਮਾਨਿਆ ਗਿਆ। ਉਹ ਪਹਿਲੀ ਅਗਸਤ, 1964 ਤੋਂ 15 ਜੁਲਾਈ, 1969 ਤੱਕ ਭਾਰਤੀ ਹਵਾਈ ਫ਼ੌਜ ਦੇ ਮੁਖੀ ਰਹੇ। ਦੱਸਣਯੋਗ ਹੈ ਕਿ ਫੀਲਡ ਮਾਰਸ਼ਲ ਸੈਮ ਮਾਨਕਸ਼ਾਅ ਅਤੇ ਫ਼ੌਜ ਦੇ ਕੇ ਐਮ ਕੈਰੀਅੱਪਾ ਦੋ ਹੋਰ ਅਫ਼ਸਰ ਸਨ, ਜੋ 5-ਸਟਾਰ ਰੈਂਕ ਤੱਕ ਪਹੁੰਚੇ। ਮਾਰਸ਼ਲ ਅਰਜਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਭਾਰਤੀ ਹਵਾਈ ਫ਼ੌਜ ਦੇ ਮਾਰਸ਼ਲ ਅਰਜਨ ਸਿੰਘ ਦੀ ਮੌਤ ‘ਤੇ ਭਾਰਤ ਹੰਝੂ ਕੇਰ ਰਿਹਾ ਹੈ। ਉਨ੍ਹਾਂ ਦੀਆਂ ਦੇਸ਼ ਪ੍ਰਤੀ ਅਨਿੱਖੜਵੀਆਂ ਸੇਵਾਵਾਂ ਨੂੰ ਅਸੀਂ ਸਿਜਦਾ ਕਰਦੇ ਹਾਂ। ਉਨ੍ਹਾਂ ਦੀ ਦ੍ਰਿੜ੍ਹ ਇੱਛਾ ਸ਼ਕਤੀ ਸਦਕਾ ਅੱਜ ਭਾਰਤੀ ਹਵਾਈ ਫ਼ੌਜ ਸਾਡੀ ਰੱਖਿਆ ਸਮਰੱਥਾ ਦਾ ਮਜ਼ਬੂਤ ਅੰਗ ਹੈ।’ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕੀਤਾ, ‘ਹਵਾਈ ਯੋਧੇ ਤੇ ਭਾਰਤੀ ਹਵਾਈ ਫ਼ੌਜ ਦੇ ਮਾਰਸ਼ਲ ਅਰਜਨ ਸਿੰਘ ਦਾ ਦੇਹਾਂਤ ਦੁਖਦਾਈ ਹੈ। ਮਾਰਸ਼ਲ ਅਰਜਨ ਸਿੰਘ ਦੂਜੀ ਵਿਸ਼ਵ ਜੰਗ ਦਾ ਨਾਇਕ ਸੀ ਅਤੇ 1965 ਦੀ ਜੰਗ ਵਿੱਚ ਫ਼ੌਜੀ ਅਗਵਾਈ ਲਈ ਮੁਲਕ ਉਨ੍ਹਾਂ ਦਾ ਸ਼ੁਕਰਗੁਜ਼ਾਰ ਹੈ।’ ਕੇਂਦਰੀ ਮੰਤਰੀਆਂ ਰਾਜਨਾਥ ਸਿੰਘ, ਅਰੁਣ ਜੇਤਲੀ ਤੇ ਰਵੀ ਸ਼ੰਕਰ ਪ੍ਰਸਾਦ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਮਾਰਸ਼ਲ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਪਹਿਲਾਂ ਦਿਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਤੇ ਤਿੰਨੇ ਸੈਨਾਵਾਂ ਦੇ ਮੁਖੀ: ਜਨਰਲ ਵਿਪਨ ਰਾਵਤ, ਐਡਮਿਰਲ ਸੁਨੀਲ ਲਾਂਬਾ ਤੇ ਏਅਰ ਚੀਫ ਮਾਰਸ਼ਲ ਵਰਿੰਦਰ ਸਿੰਘ ਧਨੋਆ ਹਸਪਤਾਲ ਵਿੱਚ ਉਨ੍ਹਾਂ ਨੂੰ ਦੇਖਣ ਗਏ।
ਭੱਦਰ ਪੁਰਸ਼ ਵੀ ਸਨ ਮਾਰਸ਼ਲ ਅਰਜਨ ਸਿੰਘ
ਭਾਰਤ ਨੇ ਫੌਜ ਦਾ ਇੱਕ ਮਹਾਨ ਨਾਇਕ ਗੁਆ ਦਿੱਤਾ ਹੈ। ਭਾਰਤੀ ਹਵਾਈ ਸੈਨਾ ਦੇ ਇੱਕਲੌਤੇ ਪੰਜ ਤਾਰਾ ਜਨਰਲ ਭਾਰਤੀ ਹਵਾਈ ਸੈਨਾ ਦੇ ਡੀਐਫਸੀ ਮਾਰਸ਼ਲ ਅਰਜਨ ਸਿੰਘ ਇੱਕ ਫੌਜੀ ਤੇ ਕੂਟਨੀਤਕ ਹੋਣ ਦੇ ਨਾਲ ਨਾਲ ਭੱਦਰਪੁਰਸ਼ ਵੀ ਸਨ। ਉਹ ਜੰਗ ਤੇ ਅਮਨ ਦੋਵਾਂ ਸਮਿਆਂ ਵਿਚ ਨਾਇਕ ਵਾਂਗ ਹੀ ਵਿਚਰੇ ਤੇ ਉਨ੍ਹਾਂ ਸਮਾਜ ਸੇਵਾ ਲਈ ਵੀ ਮਿਸਾਲੀ ਕੰਮ ਕੀਤੇ। ਲੜਾਕੂ ਜਹਾਜ਼ ਦੇ ਫੁਰਤੀਲੇ ਪਾਇਲਟ ਅਰਜਨ ਸਿੰਘ ਨੂੰ ਆਮ ਫੌਜੀਆਂ ਦੇ ਜਨਰਲ ਵਜੋਂ ਜਾਣਿਆ ਜਾਂਦਾ ਸੀ ਤੇ ਉਹ ਇੱਕ ਕਾਮਯਾਬ ਕੂਟਨੀਤਕ ਵੀ ਸਨ। ਉਹ ਆਪਣੇ ਮਜ਼ਬੂਤ ਜੁੱਸੇ ਤੇ ਤਿੱਖੀ ਨਜ਼ਰ ਕਾਰਨ ਸਖ਼ਤ ਸ਼ਖ਼ਸੀਅਤ ਦੇ ਮਾਲਕ ਦਿਖਾਈ ਦਿੰਦੇ ਸਨ, ਪਰ ਜਦ ਉਹ ਗੱਲਬਾਤ ਕਰਦੇ ਤਾਂ ਆਮ ਲੋਕਾਂ ਨੂੰ ਬਹੁਤ ਸਹਿਜ ਮਹਿਸੂਸ ਕਰਾਉਂਦੇ ਸਨ। ਉਹ ਦਿਲੋਂ ਬਹੁਤ ਸਾਦੇ ਵਿਅਕਤੀ ਸਨ, ਪਰ ਉਨ੍ਹਾਂ ਦੇ ਕਾਰਨਾਮੇ ਵਿਲੱਖਣ ਸਨ।
ਮਾਰਸ਼ਲ ਅਰਜਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲੱਗੇਗੀ : ਪ੍ਰੋ. ਬਡੂੰਗਰ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮਾਰਸ਼ਲ ਅਰਜਨ ਸਿੰਘ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਦੀ ਤਸਵੀਰ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਰਸ਼ਲ ਨੇ 1965 ਦੀ ਜੰਗ ਵਿਚ ਭਾਰਤੀ ਹਵਾਈ ਫ਼ੌਜ ਦੀ ਅਗਵਾਈ ਕਰਕੇ ਦੇਸ਼ ਦੀ ਰੱਖਿਆ ‘ਚ ਵੱਡਮੁੱਲਾ ਯੋਗਦਾਨ ਪਾਇਆ ਸੀ। ਉਨ੍ਹਾਂ ਨੇ ਅਰਜਨ ਸਿੰਘ ਨੂੰ ਸਿੱਖ ਕੌਮ ਦਾ ਮਾਣ ਅਤੇ ਭਾਰਤੀ ਹਵਾਈ ਫੌਜ ਦੀ ਸ਼ਾਨ ਦੱਸਿਆ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਕਿਹਾ ਕਿ 1965 ਦੀ ਜੰਗ ਦੇ ਨਾਇਕ ਮਾਰਸ਼ਲ ਅਰਜਨ ਸਿੰਘ, ਜਨਰਲ ਹਰਬਖ਼ਸ਼ ਸਿੰਘ ਅਤੇ 1971 ਦੀ ਜੰਗ ਦੇ ਨਾਇਕ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਸਿੱਖ ਕੌਮ ਦੇ ਅਨਮੋਲ ਹੀਰੇ ਹਨ।
ਮਾਰਸ਼ਲ ਅਰਜਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸਮੇਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਦਾ ਅੱਜ ਨਵੀਂ ਦਿੱਲੀ ਵਿਚ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਦਿੱਤਾ ਗਿਆ। ਮਾਰਸ਼ਲ ਅਰਜਨ ਸਿੰਘ ਨੂੰ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ, ਇਸ ਦੇ ਇਲਾਵਾ ਉਨ੍ਹਾਂ ਨੂੰ ਫਲਾਈ ਪਾਸਟ ਵੀ ਦਿੱਤਾ ਗਿਆ। ਅਰਜਨ ਸਿੰਘ ਦੇ ਸਨਮਾਨ ਵਿੱਚ ਨਵੀਂ ਦਿੱਲੀ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ‘ਤੇ ਲੱਗਿਆ ਰਾਸ਼ਟਰੀ ਤਿਰੰਗਾ ਅੱਧਾ ਝੁਕਾ ਦਿੱਤਾ ਗਿਆ ਸੀ। ਭਾਰਤ ਦੇ ਇੱਕਲੌਤੇ ਮਾਰਸ਼ਲ ਆਫ ਏਅਰਫੋਰਸ ਅਰਜਨ ਸਿੰਘ ਦਾ ਲੰਘੇ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ ਸੀ। ਚੇਤੇ ਰਹੇ ਕਿ ਤਿੰਨ ਸੈਨਾਵਾਂ ਵਿਚ 5 ਸਟਾਰ ਰੈਂਕ ਹਾਸਲ ਕਰਨ ਦਾ ਮਾਣ ਹੁਣ ਤੱਕ ਤਿੰਨ ਅਫਸਰਾਂ ਨੂੰ ਹੀ ਮਿਲਿਆ। ਅਰਜਨ ਸਿੰਘ ਉਨ੍ਹਾਂ ਵਿੱਚੋਂ ਇੱਕ ਸਨ ਅਤੇ ਮਾਰਸ਼ਲ ਕਦੇ ਸੈਨਾ ਤੋਂ ਰਿਟਾਇਰ ਨਹੀਂ ਹੁੰਦੇ। ਮਾਰਸ਼ਲ ਅਰਜਨ ਸਿੰਘ ਦੇ ਦੇਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਸੋਨੀਆ ਗਾਂਧੀ, ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ, ਸੁਖਪਾਲ ਸਿੰਘ ਖਹਿਰਾ ਅਤੇ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਾਰਸ਼ਲ ਅਰਜਨ ਦਾ ਪਿਛੋਕੜ ਅੰਮ੍ਰਿਤਸਰ ਜ਼ਿਲ੍ਹੇ ਨਾਲ ਹੈ।
ਮਾਰਸ਼ਲ ਅਰਜਨ ਸਿੰਘ ਕਹਿੰਦੇ ਸੀ
1965 ਦੀ ਜੰਗ ਛੇਤੀ ਖ਼ਤਮ ਨਾ ਹੁੰਦੀ ਤਾਂ ਪਾਕਿਸਤਾਨ ਨੂੰ ਖ਼ਤਮ ਕਰ ਦਿੰਦੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਦੇਸ਼ ਦੇ ਪਹਿਲੇ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ ਜਿਨ੍ਹਾਂ ਦਾ 98 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ, ਉਸ ਸਮੇਂ ਭਾਰਤੀ ਹਵਾਈ ਫ਼ੌਜ ਦੇ ਮੁਖੀ ਸਨ ਜਦ ਹਵਾਈ ਫ਼ੌਜ ਨੇ 1965 ਵਿਚ ਪਹਿਲੀ ਵਾਰ ਜੰਗ ਵਿਚ ਹਿੱਸਾ ਲਿਆ। ਜੰਗ ਸ਼ੁਰੂ ਹੋਣ ਸਮੇਂ ઠਰੱਖਿਆ ਮੰਤਰੀ ਯਸ਼ਵੰਤ ਰਾਉ ਚਵਾਨ ਨੇ ਅਰਜਨ ਸਿੰਘ ਨੂੰ ਆਪਣੇ ਦਫ਼ਤਰ ਵਿਚ ਬੁਲਾਇਆ। ਉਨ੍ਹਾਂ ਨੂੰ ਪੁੱਛਿਆ ਕਿ ਏਅਰਫ਼ੋਰਸ ਕਿੰਨੀ ਦੇਰ ਵਿਚ ਫ਼ੌਜ ਦੀ ਮਦਦ ਲਈ ਪਹੁੰਚ ਸਕਦੀ ਹੈ ਤਾਂ ਅਰਜਨ ਸਿੰਘ ਨੇ ਜਵਾਬ ਦਿਤਾ, ‘ਇਕ ਘੰਟੇ ਵਿਚ।’ ਪਰ ਮਹਿਜ਼ 26 ਮਿੰਟ ਬਾਅਦ ਭਾਰਤੀ ਲੜਾਕੂ ਜਹਾਜ਼ ਪਾਕਿਸਤਾਨ ਵੱਲ ਉਡਾਨ ਭਰ ਚੁੱਕੇ ਸਨ।ઠ
ਅਰਜਨ ਸਿੰਘ ਨੂੰ ਉਹ ਜੰਗ ਛੇਤੀ ਖ਼ਤਮ ਹੋਣ ਦਾ ਸਦਾ ਹੀ ਅਫ਼ਸੋਸ ਰਿਹਾ। ਉਨ੍ਹਾਂ ਇਕ ਇੰਟਰਵਿਊ ਵਿਚ ਕਿਹਾ ਸੀ, ‘ਪਾਕਿਸਤਾਨ ਨਾਲ ਜੰਗ ਲੰਮੀ ਚਲਦੀ ਤਾਂ ਪਾਕਿਸਤਾਨ ਨੂੰ ਮਿਟਾ ਦੇਣਾ ਸੀ।’ ਅਰਜਨ ਸਿੰਘ ਦੂਜੀ ਸੰਸਾਰ ਜੰਗ ਤੋਂ ਲੈ ਕੇ ਆਪਣੀ ਆਖ਼ਰੀ ਜੰਗ ਤਕ ਅਜਿੱਤ ਰਹੇ। ਉਨ੍ਹਾਂ ਨੇ ਕਿਹਾ ਸੀ, ‘ਮੇਰਾ ਜਨਮ ਲਾਇਲਪੁਰ ਵਿਚ ਹੋਇਆ। ਘਰ ਲਾਹੌਰ-ਕਰਾਚੀ ਏਅਰ ਰੂਟ ਵਿਚ ਸੀ। ਜਹਾਜ਼ ਉਡਦਾ ਵੇਖ ਕੇ ਪਾਇਲਟ ਬਣਨ ਦਾ ਸੁਪਨਾ ਮੈਂ ਉਥੇ ਹੀ ਵੇਖਿਆ ਸੀ। ਮੈਨੂੰ 1938 ਵਿਚ ਮਹਿਜ਼ 19 ਸਾਲ ਦੀ ਉਮਰ ਵਿਚ ਫ਼ਲਾਈਟ ਕੈਡੇਟ ਚੁਣਿਆ ਗਿਆ। ਟਰੇਨਿੰਗ ਦੋ ਸਾਲ ਦੀ ਸੀ ਪਰ ਇਸ ਤੋਂ ਪਹਿਲਾਂ ਹੀ ਦੂਜੀ ਸੰਸਾਰ ਜੰਗ ਛਿੜ ਗਈ ਅਤੇ ਮੈਨੂੰ ਜੰਗ ਵਿਚ ਭੇਜ ਦਿਤਾ ਗਿਆ।’
ਉਨ੍ਹਾਂ ਕਿਹਾ ਸੀ, ‘ਮੈਨੂੰ ਇਸ ਗੱਲ ਦਾ ਅਫ਼ਸੋਸ ਵੀ ਹੈ ਕਿ ਜਦ ਅਸੀਂ 1965 ਦੀ ਜੰਗ ਜਿੱਤ ਚੁਕੇ ਸੀ ਅਤੇ ਪਾਕਿਸਤਾਨ ਨੂੰ ਤਬਾਹ ਕਰਨ ਦੀ ਹਾਲਤ ਵਿਚ ਸੀ ਤਾਂ ਜੰਗਬੰਦੀ ਹੋ ਗਈ ਜਦਕਿ ਉਸ ਵਕਤ ਪਾਕਿਸਤਾਨ ਦੇ ਕਿਸੇ ਵੀ ਹਿੱਸੇ ਨੂੰ ਨਸ਼ਟ ਕਰ ਸਕਦੇ ਸੀ। ਸਾਡੇ ਕੋਲ ਮੇਹਰ ਸਿੰਘ ਅਤੇ ਕੇ ਕੇ ਮਜਮੂਦਾਰ ਜਿਹੇ ਕਮਾਲ ਦੇ ਪਾਇਲਟ ਸਨ ਜਦਕਿ ਪਾਕਿਸਤਾਨ ਅੰਬਾਲਾ ਪਾਰ ਕਰਨ ਦੀ ਹਾਲਤ ਵਿਚ ਨਹੀਂ ਸੀ। ਸਾਡੇ ਸਿਆਸੀ ਆਗੂਆਂ ਨੇ ਜੰਗ ਖ਼ਤਮ ਕਰਨ ਦਾ ਫ਼ੈਸਲਾ ਲਿਆ।’

 

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧੀ

ਸ਼ਰਾਬ ਘੁਟਾਲਾ ਮਾਮਲੇ 23 ਫਰਵਰੀ 2023 ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ : …