Breaking News
Home / ਪੰਜਾਬ / ਭਾਰਤ ਦੀ ਇੱਕੋ-ਇੱਕ ਮੁਫ਼ਤ ਨੰਗਲ-ਭਾਖੜਾ ਰੇਲ ਹੋਈ ਬੰਦ

ਭਾਰਤ ਦੀ ਇੱਕੋ-ਇੱਕ ਮੁਫ਼ਤ ਨੰਗਲ-ਭਾਖੜਾ ਰੇਲ ਹੋਈ ਬੰਦ

ਸਥਾਨਕ ਲੋਕ ਅਤੇ ਮੁਲਾਜ਼ਮ ਪ੍ਰੇਸ਼ਾਨ
ਨੰਗਲ : ਭਾਖੜਾ ਬਿਆਸ ਪ੍ਰਬੰਧ ਬੋਰਡ ਵਲੋਂ ਚਲਾਈ ਜਾਂਦੀ ਹਿੰਦੁਸਤਾਨ ਦੀ ਇਕੋ-ਇਕ ਮੁਫ਼ਤ ਨੰਗਲ-ਭਾਖੜਾ ਡੈਮ ਰੇਲ ਸੇਵਾ ਕਰੋਨਾ ਕਹਿਰ ਕਾਰਨ ਮਾਰਚ ਤੋਂ ਬੰਦ ਪਈ ਹੈ। ਰੇਲ ਬੰਦ ਹੋਣ ਕਾਰਨ ਜਿਥੇ ਸਥਾਨਕ ਲੋਕ, ਸੈਲਾਨੀ ਅਤੇ ਮੁਲਾਜ਼ਮ ਪ੍ਰੇਸ਼ਾਨ ਹਨ, ਉੱਥੇ ਰੇਲ ਟਰੈਕ ਵੀ ਦੁਰਦਸ਼ਾ ਹੰਢਾਅ ਰਿਹਾ ਹੈ। ਰੇਲ ਟਰੈਕ ‘ਤੇ ਕਿੱਕਰਾਂ ਉੱਗ ਆਈਆਂ ਹਨ ਤੇ ਬਹੁਤੀ ਥਾਈਂ ਟਰੈਕ ਨੂੰ ਗਾਜਰ ਬੂਟੀ ਨੇ ਢਕ ਦਿੱਤਾ ਹੈ। ਪੰਜਾਬ-ਹਿਮਾਚਲ ਸਰਹੱਦ ‘ਤੇ ਸਥਿਤ ਨੈਲਾ ਰੇਲ ਸੁਰੰਗ ਦਾ ਬੁਰਾ ਹਾਲ ਹੈ ਤੇ ਪਹਾੜ ਤੋਂ ਸਿੰਮਦੇ ਪਾਣੀ ਕਾਰਨ ਚਿੱਕੜ ਹੋ ਗਿਆ ਹੈ। ਬਰਸਾਤ ਕਾਰਨ ਪਹਾੜਾਂ ਤੋਂ ਖੁਰ ਕੇ ਆਈ ਮਿੱਟੀ ਨੇ ਨੈਲਾ ਲਾਗੇ ਰੇਲ ਟਰੈਕ ਹੀ ਢਕ ਦਿੱਤਾ ਹੈ। ਭਾਖੜਾ ਬਿਆਸ ਪ੍ਰਬੰਧ ਬੋਰਡ ਕੋਲ ਵੱਡਾ ਬਜਟ ਹੈ ਪਰ ਰੇਲ ਟਰੈਕ ਦੇ ਨਵੀਨੀਕਰਨ ਦੇ ਕਿਸੇ ਵੀ ਪ੍ਰਾਜੈਕਟ ਨੂੰ ਫਲ ਨਹੀਂ ਲੱਗਾ। ਡਿਪਟੀ ਚੀਫ਼ ਇੰਜੀਨੀਅਰ ਕੇ.ਕੇ. ਸੂਦ ਦੇ ਯਤਨਾਂ ਨਾਲ ਨਵੇਂ ਪਲੇਟਫ਼ਾਰਮ ਬਣੇ ਹਨ ਅਤੇ ਇਕ ਖ਼ਾਸ ਰੇਲ ਡੱਬਾ ਵੀ ਬਣਿਆ ਹੈ ਪਰ ਟਰੈਕ ਬਹੁਤ ਮਾੜੀ ਹਾਲਤ ਵਿਚ ਹੈ। ਧਿਆਨ ਰਹੇ ਕਿ 1948-1963 ਤੱਕ ਇਸ ਰੇਲ ਨੇ ਭਾਖੜਾ ਡੈਮ ਦੀ ਉਸਾਰੀ ਸਮੇਂ ਅਹਿਮ ਭੂਮਿਕਾ ਨਿਭਾਈ। ਭਾਖੜਾ ਡੈਮ ਦੀ ਉਸਾਰੀ ਇੰਜੀਨੀਅਰ ਐਮ.ਐਚ. ਸਲੋਕਮ ਦੀ ਅਗਵਾਈ ਵਿਚ ਹੋਈ, ਜਿਸ ‘ਚ 30 ਵਿਦੇਸ਼ੀ ਮਾਹਿਰ, 300 ਇੰਜੀਨੀਅਰ ਅਤੇ 13000 ਮਜ਼ਦੂਰਾਂ ਨੇ ਦਿਨ-ਰਾਤ ਕੰਮ ਕੀਤਾ। ਭਾਖੜਾ ਡੈਮ ਦੇ ਨਿਰਮਾਣ ਸਮੇਂ ਇਹ ਰੇਲ ਰਾਤ ਨੂੰ ਵੀ ਚੱਲਦੀ ਸੀ ਤੇ ਮਸ਼ੀਨਰੀ, ਸਾਮਾਨ ਤੇ ਮਜ਼ਦੂਰਾਂ ਦੀ ਢੁਆਈ ਇਸ ਰੇਲ ਰਾਹੀਂ ਹੀ ਹੁੰਦੀ ਸੀ। ਇਹ ਰੇਲ ਕਦੇ ਵੀ ਏਨਾ ਲੰਮਾ ਸਮਾਂ ਬੰਦ ਨਹੀਂ ਰਹੀ। ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਏ.ਪੀ.ਆਰ.ਓ. ਸਤਨਾਮ ਸਿੰਘ ਨੇ ਦੱਸਿਆ ਕਿ ਕੇਂਦਰੀ ਊਰਜਾ ਮੰਤਰਾਲੇ ਦੇ ਹੁਕਮ ਅਨੁਸਾਰ ਹੀ ਭਾਖੜਾ ਡੈਮ ਨੂੰ ਸੈਲਾਨੀਆਂ ਲਈ ਬੰਦ ਕੀਤਾ ਗਿਆ ਹੈ। ਇਹ ਰੇਲ ਗੱਡੀ ਵੀ ਕੋਰੋਨਾ ਕਹਿਰ ਕਾਰਨ ਬੰਦ ਹੈ। ਜਿਵੇਂ ਹੀ ਸਰਕਾਰ ਦਾ ਨਵਾਂ ਹੁਕਮ ਆਏਗਾ ਗੱਡੀ ਮੁੜ ਚੱਲਣੀ ਸ਼ੁਰੂ ਹੋ ਜਾਵੇਗੀ।

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …