
ਗੁਰਮੀਤ ਸਿੰਘ ਖੁੱਡੀਆਂ ਨਾਲ ਜਾਣ ਵਾਲੇ ਵਫਦ ਨੂੰ ਵੀ ਨਹੀਂ ਮਿਲੀ ਇਜਾਜ਼ਤ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਅਮਰੀਕਾ ਜਾਣ ਦੀ ਰਾਜਸੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਖੁੱਡੀਆਂ ਨੇ 29 ਮਾਰਚ ਨੂੰ ਅਮਰੀਕਾ ਲਈ ਸਰਕਾਰੀ ਦੌਰੇ ’ਤੇ ਰਵਾਨਾ ਹੋਣਾ ਸੀ। ਉਨ੍ਹਾਂ ਨਾਲ ਜਾਣ ਵਾਲੇ ਵਫਦ ਨੂੰ ਵੀ ਦੌਰੇ ਦੀ ਪ੍ਰਵਾਨਗੀ ਨਹੀਂ ਮਿਲੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਂਦਰ ਤੋਂ ਪੰਜਾਬ ਦੇ ਕਿਸੇ ਆਗੂ ਨੂੰ ਵਿਦੇਸ਼ ਦੌਰੇ ਦੀ ਮਨਜ਼ੂਰੀ ਨਹੀਂ ਮਿਲੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਵਜ਼ੀਰਾਂ ਨੂੰ ਵੀ ਵਿਦੇਸ਼ ਜਾਣ ਵਾਸਤੇ ਕੇਂਦਰ ਨੇ ਹਰੀ ਝੰਡੀ ਨਹੀਂ ਦਿੱਤੀ ਸੀ। ਵਿਦੇਸ਼ ਮੰਤਰਾਲੇ ਨੇ ਦੌਰੇ ਦੀ ਪ੍ਰਵਾਨਗੀ ਨਾ ਦੇਣ ਦੇ ਕਾਰਨਾਂ ਦਾ ਕੋਈ ਹਵਾਲਾ ਨਹੀਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਖੁੱਡੀਆਂ ਨੇ 29 ਮਾਰਚ ਤੋਂ 6 ਅਪਰੈਲ ਤੱਕ ਅਮਰੀਕਾ ਦੇ ਸਰਕਾਰੀ ਦੌਰੇ ’ਤੇ ਜਾਣਾ ਸੀ।