Breaking News
Home / ਮੁੱਖ ਲੇਖ / ਭਾਰਤ ‘ਚ ਮੌਜੂਦਾ ਸਿੱਖਿਆ ਪ੍ਰਣਾਲੀ ਤੇ ਵਿਦਿਆਰਥੀ

ਭਾਰਤ ‘ਚ ਮੌਜੂਦਾ ਸਿੱਖਿਆ ਪ੍ਰਣਾਲੀ ਤੇ ਵਿਦਿਆਰਥੀ

ਸ਼ਿਵਿੰਦਰ ਕੌਰ
ਪਿਛਲੇ ਕਾਫ਼ੀ ਸਮੇਂ ਤੋਂ ਅਖ਼ਬਾਰਾਂ ਵਿੱਚ ਭਾਰਤ ਦੀ ਨੌਜਵਾਨ ਪੀੜ੍ਹੀ ਬਾਰੇ ਅਜਿਹੀਆਂ ਅਣਸੁਖਾਵੀਆਂ ਖ਼ਬਰਾਂ ਪੜ੍ਹਨ ਨੂੰ ਮਿਲ ਰਹੀਆਂ ਹਨ ਕਿ ਮਨ ਬਹੁਤ ਉਦਾਸ ਹੋ ਜਾਂਦਾ ਹੈ। ਜਦੋਂ ਨੌਜਵਾਨ ਅਸਮਾਨ ਤੋਂ ਤਾਰੇ ਤੋੜਨ ਦੀਆਂ ਗੱਲਾਂ ਕਰਦੇ ਹਨ, ਉਸ ਉਮਰੇ ਮੌਤ ਨੂੰ ਆਪਣੇ ਆਪ ਹੀ ਗਲੇ ਲਗਾ ਲੈਣਾ, ਬੜਾ ਹੈਰਾਨ ਤੇ ਪਰੇਸ਼ਾਨ ਕਰਦਾ ਹੈ। ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਵੀ ਇਹ ਕਦਮ ਚੁੱਕ ਰਹੇ ਹਨ।
ਹੁਣ ਜਦੋਂ ਆਏ ਦਿਨ ਵਿਦਿਆਰਥੀਆਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਬਾਰੇ ਪੜ੍ਹਦੇ ਹਾਂ ਤਾਂ ਮਨ ਸੋਚਾਂ ਵਿੱਚ ਡੁੱਬ ਜਾਂਦਾ ਹੈ। ਸਮੇਂ ਨੇ ਕਿਹੋ ਜਿਹੀ ਕਰਵਟ ਲੈ ਲਈ ਹੈ ਕਿ ਦੇਸ਼ ਦੀ ਨੌਜਵਾਨੀ ਐਨੀ ਨਿਤਾਣੀ ਅਤੇ ਸਾਹਸਹੀਣ ਹੋ ਗਈ ਹੈ ਕਿ ਉਹ ਖ਼ੁਦਕੁਸ਼ੀਆਂ ਦੇ ਰਾਹ ਤੁਰ ਪਈ ਹੈ।
ਚਿੰਤਾਗ੍ਰਸਤ ਮਨ ਵਿੱਚ ਉਨ੍ਹਾਂ ਭਲੇ ਸਮਿਆਂ ਦੀ ਯਾਦ ਆਉਂਦੀ ਹੈ ਜਦੋਂ ਸਾਡੀ ਪੀੜ੍ਹੀ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਸੀ। ਉਹ ਕਿੰਨਾ ਬੇਫਿਕਰ ਅਤੇ ਮੌਜ ਮਸਤੀ ਵਾਲਾ ਸਮਾਂ ਸੀ। ਨਾ ਕੋਈ ਸਿਲੇਬਸ ਦਾ ਬੋਝ ਸਾਡੇ ‘ਤੇ ਹੁੰਦਾ ਸੀ ਤੇ ਨਾ ਹੀ ਪਹਿਲੇ ਸਥਾਨ ‘ਤੇ ਆਉਣ ਦਾ ਦਬਾਅ। ਜਮਾਤ ਪਾਸ ਕਰ ਲੈਣੀ ਹੀ ਸਾਡੇ ਲਈ ਅਤੇ ਸਾਡੇ ਪੇਂਡੂ ਮਾਪਿਆਂ ਲਈ ਵੱਡੀ ਖ਼ੁਸ਼ਖਬਰੀ ਹੁੰਦੀ ਸੀ। ਹੁਣ ਵਾਂਗ ਨਿੱਜੀਕਰਨ ਦਾ ਭੂਤ ਅਤੇ ਰਿਸ਼ਵਤਖੋਰੀ ਦਾ ਜਾਲ ਵੀ ਅਜੇ ਸਿੱਖਿਆ ਸੰਸਥਾਵਾਂ ਨੂੰ ਨਹੀਂ ਚਿੰਬੜਿਆ ਸੀ। ਨਾ ਹੀ ਅੱਜ ਵਾਂਗ ਦਾਖਲੇ ਲਈ ਕੋਈ ਟੈਸਟ ਦੇਣਾ ਪੈਂਦਾ ਸੀ। ਮੈਟ੍ਰਿਕ ਜਾਂ ਪ੍ਰੀ ਮੈਡੀਕਲ ਵਿੱਚੋਂ ਆਏ ਨੰਬਰਾਂ ਦੇ ਆਧਾਰ ‘ਤੇ ਹੀ ਉਚੇਰੀ ਪੜ੍ਹਾਈ ‘ਚ ਦਾਖਲਾ ਮਿਲ ਜਾਂਦਾ ਸੀ।
ਸਾਰੀਆਂ ਸਿੱਖਿਆ ਸੰਸਥਾਵਾਂ ਸਰਕਾਰੀ ਹੁੰਦੀਆਂ ਸਨ ਜਿਸ ਕਰ ਕੇ ਸਿੱਖਿਆ ਮਹਿੰਗੀ ਨਹੀਂ ਸੀ। ਮਾਪਿਆਂ ਉੱਤੇ ਅੱਜਕੱਲ੍ਹ ਵਾਂਗ ਬੋਝ ਨਹੀਂ ਸੀ ਪੈਂਦਾ। ਡਾਕਟਰ, ਇੰਜਨੀਅਰ ਜਾਂ ਚੰਗੀ ਕਮਾਈ ਵਾਲੇ ਖੇਤਰ ਵਿੱਚ ਹੀ ਬੱਚਿਆਂ ਨੂੰ ਭੇਜਣਾ ਹੈ, ਇਹੋ ਜਿਹੀ ਸੋਚ ਨੇ ਵੀ ਸਾਡੇ ਮਾਤਾ-ਪਿਤਾ ਦੇ ਦਿਮਾਗ਼ਾਂ ਵਿੱਚ ਘੁਸਪੈਠ ਨਹੀਂ ਕੀਤੀ ਸੀ। ਉਨ੍ਹਾਂ ਲਈ ਤਾਂ ਬੱਚੇ ਨੂੰ ਨੌਕਰੀ ਮਿਲ ਜਾਣਾ ਹੀ ਤਸੱਲੀ ਵਾਲੀ ਗੱਲ ਹੁੰਦੀ ਸੀ।
ਸਿੱਖਿਆ ਦਾ ਕੰਮ ਵਿਦਿਆਰਥੀਆਂ ਨੂੰ ਚੰਗਾ ਮਨੁੱਖ ਬਣਾਉਣਾ ਅਤੇ ਉਨ੍ਹਾਂ ਅੰਦਰ ਮਨੁੱਖੀ ਭਾਵਨਾਵਾਂ ਪੈਦਾ ਕਰਕੇ ਇੱਕ ਖ਼ੂਬਸੂਰਤ ਮਨੁੱਖ ਸਿਰਜਣਾ ਹੁੰਦਾ ਹੈ। ਸਾਡਾ ਅਜੋਕਾ ਸਿੱਖਿਆ ਪ੍ਰਬੰਧ ਵਿਦਿਆਰਥੀਆਂ ਅੰਦਰ ਹੱਲਾਸ਼ੇਰੀ, ਕਲਪਨਾ ਸ਼ਕਤੀ ਭਰਨ ਦੀ ਥਾਂ ਉਨ੍ਹਾਂ ਉੱਪਰ ਸਿਲੇਬਸ ਦਾ ਵਾਧੂ ਬੋਝ ਲੱਦ ਦਿੰਦਾ ਹੈ।
ਵਿਦਿਆਰਥੀ ਇਸ ਦੇ ਬੋਝ ਥੱਲੇ ਨੱਪੇ ਹੱਸਣਾ, ਖੇਡਣਾ, ਪਰਿਵਾਰ ਨਾਲ ਬੈਠ ਕੇ ਗੱਲਬਾਤ ਕਰਨਾ ਹੀ ਭੁੱਲ ਜਾਂਦੇ ਹਨ। ਸਾਰਾ ਦਿਨ ਕਿਤਾਬਾਂ ਨਾਲ ਮੱਥਾ ਮਾਰਦੇ ਉਹ ਇਨਸਾਨ ਦੀ ਥਾਂ ਮਸ਼ੀਨ ਬਣਾ ਦਿੱਤੇ ਜਾਂਦੇ ਹਨ। ਬੱਚਿਆਂ ‘ਤੇ ਸਿਲੇਬਸ ਦਾ ਐਨਾ ਬੋਝ ਹੁੰਦਾ ਹੈ ਕਿ ਉਨ੍ਹਾਂ ਦਾ ਬਚਪਨ ਟਿਊਸ਼ਨ ਅਤੇ ਬੈਗਾਂ ਦੇ ਵਾਧੂ ਬੋਝ ਥੱਲੇ ਦੱਬ ਜਾਂਦਾ ਹੈ।
ਉੱਧਰ ਮਾਪਿਆਂ ਵੱਲੋਂ ਵੀ ਬੱਚਿਆਂ ਨੂੰ ਅੱਗੇ ਜਾ ਕੇ ਲਾਹੇਵੰਦ ਪੈਕੇਜ ਹਾਸਲ ਕਰਨ ਵਾਲੀਆਂ ਨੌਕਰੀਆਂ ਵੱਲ ਭੇਜਣ ਦੀਆਂ ਖਾਹਿਸ਼ਾਂ ਦਾ ਬੋਝ ਵਧਦਾ ਜਾਂਦਾ ਹੈ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਹਮੇਸ਼ਾ ਪੌੜੀ ਦੇ ਸਿਖਰਲੇ ਡੰਡੇ ‘ਤੇ ਰਹੇ। ਇਸ ਤਰ੍ਹਾਂ ਸਿੱਖਿਆ ਕੁਝ ਸਿੱਖਣ ਸਿਖਾਉਣ ਜਾਂ ਜਾਣਨ ਸਮਝਣ ਦੀ ਥਾਂ ਇੱਕ ਦੂਜੇ ਦੇ ਸਿਰ ‘ਤੇ ਪੈਰ ਰੱਖ ਕੇ ਅੱਗੇ ਵਧਣ ਮਾਤਰ ਹੀ ਰਹਿ ਜਾਂਦੀ ਹੈ। ਵਿਦਿਆਰਥੀ ਅੰਦਰਲੀ ਸਾਰੀ ਸਮਰੱਥਾ ਅਤੇ ਸੁਭਾਵਿਕਤਾ ਖ਼ਤਮ ਹੋ ਜਾਂਦੀ ਹੈ। ਮੁਕਾਬਲੇਬਾਜ਼ੀ ਅਤੇ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਬਚਪਨ ਤੋਂ ਹੀ ਦੂਜੇ ਵਿਦਿਆਰਥੀਆਂ ਨਾਲ ਨਫ਼ਰਤ ਅਤੇ ਬੇਗਾਨਗੀ ਪੈਦਾ ਕਰ ਦਿੰਦੀ ਹੈ। ਅਜਿਹੇ ਵਿਦਿਆਰਥੀਆਂ ਅੰਦਰ ਮਨੁੱਖੀ ਭਾਵਨਾਵਾਂ ਖ਼ਤਮ ਹੋ ਜਾਂਦੀਆਂ ਹਨ। ਉਹ ਅੱਗੇ ਜਾ ਕੇ ਇਸ ਸਥਾਪਿਤ ਢਾਂਚੇ ਵਿੱਚ ਤਾਂ ਫਿੱਟ ਹੋ ਜਾਣ ਦੇ ਯੋਗ ਹੋ ਜਾਂਦੇ ਹਨ, ਪਰ ਚੰਗੇ ਮਨੁੱਖ ਬਣਨ ਤੋਂ ਵਾਂਝੇ ਰਹਿ ਜਾਂਦੇ ਹਨ।
ਸਾਡੀ ਸਿੱਖਿਆ ਪ੍ਰਣਾਲੀ ਵੱਲੋਂ ਪ੍ਰੀਖਿਆਵਾਂ ਅਤੇ ਦਾਖਲਿਆਂ ਦੀ ਪ੍ਰਕਿਰਿਆ ਐਨੀ ਗੁੰਝਲਦਾਰ ਬਣਾ ਦਿੱਤੀ ਗਈ ਹੈ ਕਿ ਮਾਪਿਆਂ ਵੱਲੋਂ ਆਪਣੇ ਬੱਚੇ ਨੂੰ ਹਰ ਜੋਖਿਮ ਉਠਾ ਕੇ ਮਹਿੰਗੀ ਸਿੱਖਿਆ ਅਤੇ ਕੋਚਿੰਗ ਸੈਂਟਰਾਂ ਵਿੱਚ ਲੱਖਾਂ ਰੁਪਏ ਲਾ ਕੇ ਸਫਲ ਬਣਾਉਣ ਲਈ ਜ਼ੋਰ ਲਾਇਆ ਜਾਂਦਾ ਹੈ। ਉਹ ਹਰ ਹਾਲਤ ਵਿੱਚ ਬੱਚਿਆਂ ਨੂੰ ਸਫਲ ਹੋਏ ਦੇਖਣਾ ਚਾਹੁੰਦੇ ਹਨ। ਅਸਫਲਤਾ ਦਾ ਸਾਹਮਣਾ ਕਿਵੇਂ ਕਰਨਾ ਹੈ ਇਹ ਸਬਕ ਨਾ ਮਾਪੇ ਅਤੇ ਨਾ ਹੀ ਅਧਿਆਪਕ ਦੇਣ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਸਫਲਤਾ ਨਾ ਮਿਲਣ ‘ਤੇ ਉਹ ਬੱਚੇ ਨਿਰਾਸ਼ ਹੋ ਕੇ ਸਿਰੇ ਦਾ ਕਦਮ ਉਠਾਉਣ ਲਈ ਮਜਬੂਰ ਹੋ ਜਾਂਦੇ ਹਨ।
ਸਿੱਖਿਆ ਦੇ ਨਿੱਜੀਕਰਨ ਨੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਦੇ ਖੇਤਰ ਵਿੱਚੋਂ ਬਾਹਰ ਕਰ ਦਿੱਤਾ ਹੈ। ਉਹ ਚਾਹੁੰਦੇ ਹੋਏ ਵੀ ਗ਼ਰੀਬੀ ਕਾਰਨ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੇ। ਆਪਣੇ ਅਰਮਾਨਾਂ ਨੂੰ ਮਿੱਟੀ ਵਿੱਚ ਮਿਲਦੇ ਤੱਕ ਕੇ ਉਹ ਆਪਣੀ ਬੇਵਸੀ ਅਤੇ ਲਾਚਾਰੀ ਤੋਂ ਪਰੇਸ਼ਾਨ ਹੋ ਕੇ ਅਪਰਾਧਬੋਧ ਦੀ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਆਪਣੀ ਸਮੱਸਿਆ ਦਾ ਕੋਈ ਹੱਲ ਨਾ ਮਿਲਦਾ ਦੇਖ ਕੇ ਮੌਤ ਨੂੰ ਗਲੇ ਲਗਾ ਲੈਂਦੇ ਹਨ।
ਮੁਕਾਬਲੇਬਾਜ਼ੀ ਦੀ ਭਾਵਨਾ, ਵਿੱਦਿਅਕ ਸੰਸਥਾਵਾਂ ਦਾ ਮਾਹੌਲ, ਨੀਰਸ ਅਤੇ ਜਟਿਲ ਪ੍ਰਬੰਧ, ਆਰਥਿਕ ਅਤੇ ਸਮਾਜਿਕ ਨਾ ਬਰਾਬਰੀ ਅਤੇ ਕੋਚਿੰਗ ਸਨਅਤ ਦਾ ਵਿਕਾਸ ਅਜਿਹੇ ਕਾਰਨ ਹਨ ਜੋ ਵਿਦਿਆਰਥੀਆਂ ਅੰਦਰ ਮਾਨਸਿਕ ਉਤਪੀੜਨ ਪੈਦਾ ਕਰਦੇ ਹਨ ਅਤੇ ਮਾਨਸਿਕ ਤੌਰ ‘ਤੇ ਉੱਖੜੇ ਵਿਦਿਆਰਥੀ ਖ਼ੁਦਕੁਸ਼ੀ ਦੇ ਰਾਹ ਪੈ ਜਾਂਦੇ ਹਨ। ਸਾਡੀ ਸਿੱਖਿਆ ਪ੍ਰਣਾਲੀ ਨੇ ਇਨ੍ਹਾਂ ਦਬਾਵਾਂ ਅਤੇ ਮਾਨਸਿਕ ਸਿਹਤ ਦੀਆਂ ਚੁਣੌਤੀਆਂ ਦੀ ਹਕੀਕਤ ਨੂੰ ਜਾਣਨ, ਸਮਝਣ ਦਾ ਕਦੇ ਯਤਨ ਹੀ ਨਹੀਂ ਕੀਤਾ। ਰਾਸ਼ਟਰੀ ਅਪਰਾਧ ਰਿਕਾਰਡ ਬਿਓਰੋ ਦੀ 2021 ਦੀ ਰਿਪੋਰਟ ਅਨੁਸਾਰ ਸਾਡੇ ਦੇਸ਼ ਵਿੱਚ ਹਰ ਚਾਲੀ ਮਿੰਟ ਬਾਅਦ ਇੱਕ ਵਿਦਿਆਰਥੀ ਖ਼ੁਦਕੁਸ਼ੀ ਕਰ ਜਾਂਦਾ ਹੈ। ਇਸ ਵਰਤਾਰੇ ਨੇ ਅਜੋਕੇ ਸਿੱਖਿਆ ਪ੍ਰਬੰਧਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ, ਪਰ ਨਾ ਹੀ ਸਾਡੇ ਸਮਾਜ ਤੇ ਨਾ ਹੀ ਸਿੱਖਿਆ ਦੇ ਮਾਪਦੰਡ ਤਿਆਰ ਕਰਨ ਵਾਲਿਆਂ ਦੇ ਮਨ ਮਸਤਕ ਵਿੱਚ ਇਨ੍ਹਾਂ ਸਮੱਸਿਆਵਾਂ ਬਾਰੇ ਸੋਚਣ ਨੂੰ ਕੋਈ ਜਗ੍ਹਾ ਮਿਲੀ ਹੈ ਜੋ ਵੱਡੀ ਚਿੰਤਾ ਦਾ ਵਿਸ਼ਾ ਹੈ।
ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ। ਜਿਸ ਦੇਸ਼ ਦੇ ਨੌਜਵਾਨ ਸਿੱਖਿਆ ਤੰਤਰ ਤੋਂ ਨਿਰਾਸ਼ ਅਤੇ ਹਤਾਸ਼ ਹੋ ਕੇ ਗੰਭੀਰ ਰੂਪ ਵਿੱਚ ਤਣਾਅ ਦਾ ਸ਼ਿਕਾਰ ਹੋ ਕੇ ਖ਼ੁਦਕੁਸ਼ੀਆਂ ਦੇ ਰਾਹ ਪੈ ਗਏ ਹੋਣ, ਉਸ ਦੇਸ਼ ਦਾ ਭਵਿੱਖ ਕਿਵੇਂ ਉੱਜਵਲ ਹੋ ਸਕਦਾ ਹੈ? ਜਦੋਂ ਵਰਤਮਾਨ ਤਣਾਅ ਦਾ ਸ਼ਿਕਾਰ ਹੋਵੇ ਤਾਂ ਨਰੋਏ ਭਵਿੱਖ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ।
ਉਂਜ ਵੀ ਸਿੱਖਿਆ ਪ੍ਰਾਪਤ ਕਰਨਾ ਹਰ ਨਾਗਰਿਕ ਦਾ ਮੁੱਢਲਾ ਅਧਿਕਾਰ ਹੈ। ਹਰ ਇੱਕ ਲਈ ਸਿੱਖਿਆ ਅਤੇ ਰੁਜ਼ਗਾਰ ਦੀ ਗਾਰੰਟੀ ਹੋਵੇ, ਇਸ ਲਈ ਸਿੱਖਿਆ ਨੂੰ ਪੈਦਾਵਾਰੀ ਸਰਗਰਮੀ ਨਾਲ ਜੋੜਨਾ ਜ਼ਰੂਰੀ ਹੈ। ਮਾਪਿਆਂ, ਸਮਾਜ, ਸਿੱਖਿਆ ਸ਼ਾਸਤਰੀਆਂ, ਮਨੋਰੋਗ ਮਾਹਿਰਾਂ, ਮੁਲਕ ਦੇ ਨੀਤੀ ਘਾੜਿਆਂ ਅਤੇ ਸਿਆਸਤਦਾਨਾਂ ਨੂੰ ਇਸ ਪਾਸੇ ਸੋਚਣ ਤੇ ਸਮਝਣ ਦੀ ਲੋੜ ਹੈ ਕਿ ਅੱਜ ਸਾਡੇ ਵਿਦਿਆਰਥੀ ਵਰਗ ਵਿੱਚ ਖ਼ੁਦਕੁਸ਼ੀਆਂ ਦਾ ਵਧ ਰਿਹਾ ਰੁਝਾਨ ਸਿੱਖਿਆ ਪ੍ਰਣਾਲੀ ਅਤੇ ਪ੍ਰੀਖਿਆ ਪ੍ਰਣਾਲੀ ਦੇ ਨੁਕਸਦਾਰ ਅਤੇ ਦਿਆਨਤਦਾਰ ਨਾ ਹੋਣ ਕਾਰਨ ਹੈ ਜਾਂ ਇਸ ਤੋਂ ਇਲਾਵਾ ਹੋਰ ਕਿਹੜੇ ਕਾਰਨ ਹਨ? ਉਨ੍ਹਾਂ ਨੂੰ ਸਮਾਜ ਦੇ ਭਲੇ ਲਈ ਅਤੇ ਦੇਸ਼ ਦੇ ਉੱਜਵਲ ਭਵਿੱਖ ਲਈ ਵਿਦਿਆਰਥੀਆਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਦੇ ਕਾਰਨਾਂ ਨੂੰ ਪਛਾਣਦਿਆਂ ਅਜਿਹੀ ਸਿੱਖਿਆ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਜੋ ਵਿਦਿਆਰਥੀਆਂ ਨੂੰ ਤਣਾਅ-ਮੁਕਤ ਰੱਖੇ।
ਸੰਪਰਕ: 76260-63596
(ਪੁਸਤਕ ਪੜਚੋਲ : ਬਰਫ਼ ‘ਚ ਉੱਗੇ ਅਮਲਤਾਸ)

 

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …