ਪੰਚਕੂਲਾ/ਬਿਊਰੋ ਨਿਊਜ਼ 12 ਅਕਤੂਬਰ : ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਤੇ ਚਾਰ ਹੋਰਨਾਂ ਨੂੰ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਸਜ਼ਾ ਸੁਣਵਾਉਣ ਦੇ ਅਮਲ ਨੂੰ 18 ਅਕਤੂਬਰ ਤੱਕ ਲਈ ਮੁਲਤਵੀ ਕਰ ਦਿੱਤਾ ਹੈ। ਸੀਬੀਆਈ ਦੇ ਵਕੀਲ ਮੁਤਾਬਕ ਡੇਰਾ ਮੁਖੀ ਨੇ ਡੇਰੇ ਵੱਲੋਂ ਕੀਤੇ ਸਮਾਜ ਭਲਾਈ ਦੇ ਕੰਮਾਂ ਦਾ ਹਵਾਲਾ ਦਿੰਦਿਆਂ ਨਰਮੀ ਵਰਤੇ ਜਾਣ ਦੀ ਮੰਗ ਕੀਤੀ ਹੈ।
ਹਾਲਾਂਕਿ ਸੀਬੀਆਈ ਨੇ ਡੇਰਾ ਮੁਖੀ ਦੀ ਇਸ ਅਪੀਲ ਦਾ ਵਿਰੋਧ ਕਰਦਿਆਂ ਮੰਗ ਕੀਤੀ ਕਿ ਆਈਪੀਸੀ ਦੀ ਧਾਰਾ 302 ਤਹਿਤ ‘ਸਿਖਰਲੀ ਸਜ਼ਾ’ ਦਿੱਤੀ ਜਾਵੇ। ਵਿਸ਼ੇਸ਼ ਸੀਬੀਆਈ ਕੋਰਟ ਨੇ ਪਿਛਲੇ ਦਿਨੀਂ ਡੇਰਾ ਮੁਖੀ ਤੇ ਚਾਰ ਹੋਰਨਾਂ ਨੂੰ ਡੇਰਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਹੋਰਨਾਂ ਮੁਲਜ਼ਮਾਂ ਵਿੱਚ ਕ੍ਰਿਸ਼ਨ ਲਾਲ, ਜਸਬੀਰ ਸਿੰਘ, ਅਵਤਾਰ ਸਿੰਘ ਤੇ ਸਬਦਿਲ ਸ਼ਾਮਲ ਹਨ। ਡੇਰਾ ਮੁਖੀ ਡੇਰੇ ਦੀਆਂ ਦੋ ਸਾਧਵੀਆਂ ਨਾਲ ਜਬਰ-ਜਨਾਹ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਮਗਰੋਂ ਸਾਲ 2017 ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।ਸੀਬੀਆਈ ਦੇ ਵਿਸ਼ੇਸ਼ ਪ੍ਰਾਸੀਕਿਊਟਰ ਐੱਚ.ਪੀ.ਐੱਸ.ਵਰਮਾ ਨੇ ਕੋਰਟ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ, ‘ਕੁਝ ਹੋਰਨਾਂ ਦੋਸ਼ੀਆਂ ਨੇ ਮੰਗਲਵਾਰ ਨੂੰ ਕੋਰਟ ਵਿੱਚ ਦਲੀਲ ਦਿੱਤੀ ਕਿ ਉਹ ਬਹਿਸ ਲਈ ਤਿਆਰ ਨਹੀਂ ਹਨ, ਕਿਉਂਕਿ ਉਨ੍ਹਾਂ ਪ੍ਰਾਸੀਕਿਊਸ਼ਨ ਵੱਲੋਂ ਹਵਾਲਾ ਦਿੱਤੇ ਫੈਸਲਿਆਂ ‘ਤੇ ਨਜ਼ਰਸਾਨੀ ਕਰਨੀ ਹੈ, ਲਿਹਾਜ਼ਾ ਉਨ੍ਹਾਂ ਨੂੰ ਅਜੇ ਹੋਰ ਸਮਾਂ ਦਿੱਤਾ ਜਾਵੇ।’ ਵਰਮਾ ਨੇ ਕਿਹਾ ਕਿ ਕੋਰਟ ਨੇ ਇਸ ਅਪੀਲ ‘ਤੇ ਗੌਰ ਕਰਦਿਆਂ ਸਜ਼ਾ ਦੇ ਐਲਾਨ ਦੇ ਅਮਲ ਨੂੰ 18 ਅਕਤੂਬਰ ਤੱਕ ਅੱਗੇ ਪਾ ਦਿੱਤਾ।
ਰਾਮ ਰਹੀਮ ਨੇ ਅਦਾਲਤ ਤੋਂ ਮੰਗੀ ਰਹਿਮ ਦੀ ਭੀਖ
ਡੇਰਾ ਸੱਚਾ ਸੌਦਾ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਗੁਰਮੀਤ ਰਾਮ ਰਹੀਮ ਨੇ ਅਦਾਲਤ ਤੋਂ ਰਹਿਮ ਦੀ ਭੀਖ ਮੰਗੀ ਹੈ। ਉਸ ਨੇ ਵਕੀਲ ਜ਼ਰੀਏ ਅਦਾਲਤ ਨੂੰ ਕਿਹਾ ਕਿ ਉਸ ਨੂੰ ਬਲੱਡ ਪ੍ਰੈਸ਼ਰ (ਬੀਪੀ) ਅਤੇ ਪੱਥਰੀ ਦੀ ਸਮੱਸਿਆ ਹੈ। ਅੱਖਾਂ ਕਮਜ਼ੋਰ ਹੋਣ ਕਾਰਨ ਘੱਟ ਦਿਸਦਾ ਹੈ। ਅਜਿਹੇ ‘ਚ ਉਸ ਨੂੰ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ। ਹਾਲਾਂਕਿ, ਦੂਸਰੇ ਪੱਖ ਨੇ ਇਸ ਦਾ ਵਿਰੋਧ ਕੀਤਾ ਅਤੇ ਵੱਧ ਤੋਂ ਵੱਧ ਸਜ਼ਾ ਸੁਣਾਏ ਜਾਣ ਦੀ ਮੰਗ ਕੀਤੀ।