Home / ਮੁੱਖ ਲੇਖ / ਸਾਹਿਬਜ਼ਾਦਿਆਂ ਦੀ ਸ਼ਹਾਦਤ

ਸਾਹਿਬਜ਼ਾਦਿਆਂ ਦੀ ਸ਼ਹਾਦਤ

ਗੁਰਮੇਲ ਸਿੰਘ ਗਿੱਲ
ਸਿੱਖ ਧਰਮ ਵਿੱਚ ਸ਼ਹੀਦੀ ਪ੍ਰੰਪਰਾ ਦੇ ਆਗਾਜ਼ ਦਾ ਪ੍ਰਮਾਣ ਗੁਰੂ ਨਾਨਕ ਦੇਵ ਵੱਲੋਂ ਉਚਾਰਨ ਕੀਤੀ ਬਾਣੀ ‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨਾ ਕੀਜੈ॥” ਤੋਂ ਮਿਲ ਜਾਂਦਾ ਹੈ। ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਖਾਲਸੇ ਵੱਲੋਂ ਮੁਗਲਾਂ ਤੇ ਹੋਰ ਰਾਜਿਆਂ ਨਾਲ ਲੜੀਆਂ ਜੰਗਾਂ ਅਤੇ ਚਾਂਦਨੀ ਚੌਕ ਦੇ ਸਮੁੱਚੀ ਘਟਨਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਕੇ ਇਸ ਦੀਆਂ ਇਤਿਹਾਸਕ ਗਵਾਹੀਆਂ ਭਰਦੇ ਹਨ। ਸਾਰੇ ਸ਼ਹੀਦਾਂ ਦੀ ਸ਼ਹਾਦਤ ਆਪਣੀ-ਆਪਣੀ ਵਿਲੱਖਣਤਾ ਪੇਸ਼ ਕਰਦੀ ਹੈ ਪਰ ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹਿੰਦ ਅੱਜ ਵੀ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਨੇ 20 ਦਸੰਬਰ 1704 ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਦਿੱਤਾ ਸੀ। ਕਿਲ੍ਹਾ ਛੱਡਣ ਵੇਲੇ ਗੁਰੂ ਸਾਹਿਬ ਨਾਲ ਗਿਣਤੀ ਦੇ ਸਿੰਘ ਹੀ ਸਨ। ਜਦੋਂ ਉਹ ਸਰਸਾ ਪਾਰ ਕਰਨ ਲੱਗੇ ਤਾਂ ਨਦੀ ਪੂਰੀ ਚੜ੍ਹੀ ਹੋਈ ਸੀ ਤੇ ਪਾਣੀ ਛੱਲਾਂ ਮਾਰ ਰਿਹਾ ਸੀ। ਮੁਗਲ ਫ਼ੌਜਾਂ ਅਤੇ ਪਹਾੜੀ ਰਾਜਿਆਂ ਵੱਲੋਂ ਸਾਰੀਆਂ ਝੂਠੀਆਂ ਕਸਮਾਂ ਤੋੜ ਕੇ ਸਿੰਘਾਂ ‘ਤੇ ਕੀਤੇ ਹਮਲੇ ਦੌਰਾਨ ਸਾਹਿਤ ਦਾ ਅਨਮੋਲ ਖ਼ਜ਼ਾਨਾ, ਹੱਥ ਲਿਖਤ ਗ੍ਰੰਥ ਅਤੇ ਕਵੀਆਂ ਦੀਆਂ ਰਚਨਾਵਾਂ ਆਦਿ ਇਸ ਯੁੱਧ ਅਤੇ ਨਦੀ ਦੇ ਤੇਜ਼ ਵਹਾਅ ਦੀ ਭੇਟ ਚੜ੍ਹ ਗਏ। ਹਫੜਾ-ਤਫੜੀ ‘ਚ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ (ਜਨਮ 17 ਨਵੰਬਰ 1696), ਬਾਬਾ ਫ਼ਤਹਿ ਸਿੰਘ (ਜਨਮ 26 ਫਰਵਰੀ 1699) ਅਤੇ ਮਾਤਾ ਗੁਜਰੀ ਗੁਰੂ ਸਾਹਿਬ ਦੇ ਜਥੇ ਤੋਂ ਵੱਖ ਹੋ ਗਏ। ਇਸ ਬਾਰੇ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਇੰਝ ਲਿਖਦੇ ਹਨ:
ਜ਼ੋਰਾਵਰ ਔਰ ਫ਼ਤਹ ਜੋ ਦਾਦੀ ਕੇ ਸਾਥ ਥੇ।
ਦਾਯੇਂ ਕੀ ਜਗਹ ਚਲ ਦੀਯੇ ਵੁਹ ਬਾਯੇਂ ਹਾਥ ਥੇ।
ਕਵੀ ਸੰਤੋਖ ਸਿੰਘ ਦੀ ਰਚਨਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਬਹੁਤੇ ਉਤਰਕਾਲੀ ਇਤਿਹਾਸਕਾਰ ਲਿਖਦੇ ਹਨ ਕਿ ਇਸ ਦੌਰਾਨ ਗੁਰੂ ਘਰ ਵਿੱਚ ਲੰਗਰ ਦੀ ਸੇਵਾ ਕਰਨ ਵਾਲਾ ਗੰਗੂ ਨਾਂ ਦਾ ਵਿਆਕਤੀ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮਿਲਿਆ। ਉਸ ਨੇ ਮਾਤਾ ਜੀ ਨੂੰ ਕਿਹਾ ਕਿ ਇਸ ਔਖੀ ਘੜੀ ਵਿੱਚ ਉਹ ਉਸ ਦੇ ਘਰ ਟਿਕਾਣਾ ਕਰ ਲੈਣ। ਇਸ ਮਗਰੋਂ ਲਾਲਚ ਕਾਰਨ ਉਸ ‘ਤੇ ਗ੍ਰਿਫਤਾਰ ਕਰਾਉਣ ਦਾ ਦੋਸ਼ ਲੱਗਦਾ ਆਇਆ ਹੈ ਪਰ ਸਮਕਾਲੀ ਕਵੀ ਦੁੰਨਾ ਸਿੰਘ ਹੰਡੂਰੀਆ ਦੀ ਕ੍ਰਿਤ ‘ਕਥਾ ਗੁਰ ਕੇ ਸੂਤਨ ਕੀ’ ਅਨੁਸਾਰ ਚਮਕੌਰ ਦੀ ਜੰਗ ਸਮੇ ਦੋਵੇਂ ਛੋਟੇ ਸਾਹਿਬਜ਼ਾਦੇ, ਮਾਤਾ ਗੁਜਰੀ, ਇੱਕ ਦਾਸੀ ਅਤੇ ਖੁਦ ਕਵੀ ਦੁੰਨਾ ਸਿੰਘ ਹੰਡੂਰੀਆ ਕੁੰਮੇ ਮਾਸ਼ਕੀ ਦੇ ਘਰ ਠਹਿਰੇ ਹੋਏ ਸਨ। ਇੱਥੇ ਉਨ੍ਹਾਂ ਨੂੰ ਇੱਕ ਲੱਛਮੀ ਨਾਂ ਦੀ ਲੜਕੀ ਰੋਟੀ ਬਣਾ ਕੇ ਛਕਾਉਂਦੀ ਸੀ। ਇਸ ਗੱਲ ਦਾ ਪਤਾ ਸਹੇੜੀ ਦੇ ਰਹਿਣ ਵਾਲੇ ਦੋ ਮਸੰਦਾਂ ਧੁੰਮੇ ਤੇ ਦਰਬਾਰੀ (ਜੋ ਕਿ ਬੀਤੇ ਸਮੇਂ ਗੁਰੂ ਗੋਬਿੰਦ ਸਿੰਘ ਵੱਲੋਂ ਦਰਬਾਰ ‘ਚੋਂ ਕੱਢ ਦਿੱਤੇ ਗਏ ਸਨ) ਨੂੰ ਲੱਗਿਆ। ਉਹ ਮਾਤਾ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਗਏ। ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਹਨ। ਮਸੰਦਾਂ ਦਾ ਮਨ ਲਾਲਚ ਵੱਸ ਬੇਈਮਾਨ ਹੋ ਗਿਆ। ਉਨ੍ਹਾਂ ਨੇ ਰਾਤ ਨੂੰ ਸੁੱਤੇ ਪਏ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਮੋਹਰਾਂ ਚੁਰਾ ਲਈਆਂ। ਸਵੇਰ ਹੋਈ ਤਾਂ ਮਾਤਾ ਜੀ ਵੱਲੋਂ ਮੋਹਰਾਂ ਦੇ ਗੁੰਮ ਹੋ ਜਾਣ ਬਾਰੇ ਪੁੱਛਣ ‘ਤੇ ਉਹ ਕਹਿਣ ਲੱਗੇ, ”ਅਸੀਂ ਤੁਹਾਨੂੰ ਰਾਤ ਨੂੰ ਰਹਿਣ ਲਈ ਨਿਵਾਸ ਦਿੱਤਾ ਹੈ, ਫਿਰ ਤੁਸੀਂ ਹੀ ਸਾਡੇ ‘ਤੇ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ।” ਉਨ੍ਹਾਂ ਮੋਰਿੰਡੇ ਦੇ ਕੋਤਵਾਲ ਨੂੰ ਸੱਦਿਆ ਅਤੇ ਮਾਤਾ ਜੀ ਅਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਘਰੋਂ ਕੱਢ ਕੇ ਗ੍ਰਿਫ਼ਤਾਰ ਕਰਵਾ ਦਿੱਤਾ। ਕੋਤਵਾਲ ਨੇ ਉਨ੍ਹਾਂ ਨੂੰ 23 ਦਸੰਬਰ 1704 ਈਸਵੀ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ। ਪੋਹ ਦਾ ਮਹੀਨਾ ਅੰਤਾਂ ਦੀ ਠੰਢ, ਧੁੰਦ ਅਤੇ ਕੋਰੇ ਦੇ ਮੌਸਮ ਵਿੱਚ ਸਰਹਿੰਦ ਦੇ ਨਵਾਬ ਨੇ ਦਾਦੀ ਅਤੇ ਦੋਹਾਂ ਪੋਤਰਿਆਂ ਨੂੰ ‘ਠੰਢੇ ਬੁਰਜ’ ਵਿੱਚ ਕੈਦ ਕਰ ਲਿਆ। ਇਸ ਸਮੇਂ ਹੀ ਗੁਰੂ ਘਰ ਦਾ ਇੱਕ ਪ੍ਰੇਮੀ ਭਾਈ ਮੋਤੀ ਰਾਮ ਮਹਿਰਾ, ਜੋ ਵਜ਼ੀਰ ਖਾਂ ਦੇ ਲੰਗਰ ਵਿੱਚ ਨੌਕਰੀ ਕਰਦਾ ਸੀ, ਦੁੱਧ ਦਾ ਗੜਵਾ ਲੈ ਕੇ ਬੁਰਜ ਵਿੱਚ ਪਹੁੰਚਿਆ। ਰਸਤੇ ਵਿੱਚ ਕਿਸੇ ਪਹਿਰੇਦਾਰ ਨੇ ਭਾਈ ਸਾਹਿਬ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਮੋਹਰਾਂ ਅਤੇ ਪੈਸੇ ਦੇਣੇ ਪਏ। ਮਾਤਾ ਗੁਜਰੀ ਜੀ ਨੇ ਦੁੱਧ ਪੋਤਰਿਆਂ ਨੂੰ ਛਕਾਇਆ ਅਤੇ ਮੋਤੀ ਰਾਮ ਮਹਿਰਾ ਨੂੰ ਅਸੀਸ ਦਿੱਤੀ: ਪਿਖ ਕੇ ਪ੍ਰੇਮ ਸੂ ਮੋਤੀ ਕੇਰਾ, ਮਾਤਾ ਕਹਯੋ ਭਲਾ ਹੋਵੇ ਤੇਰਾ।
ਕੈਦ ਦੇ ਸਮੇ ਦੌਰਾਨ ਦਾਦੀ ਮਾਂ ਨੇ ਆਪਣੇ ਪੋਤਰਿਆਂ ਨੂੰ ਉਨ੍ਹਾਂ ਦੇ ਦਾਦਾ ਗੁਰੂ ਤੇਗ ਬਹਾਦਰ, ਪੰਜਵੇਂ ਗੁਰੂ ਅਰਜਨ ਦੇਵ ਤੇ ਹੋਰ ਸ਼ਹੀਦਾਂ ਦੀਆਂ ਕਹਾਣੀਆਂ ਸੁਣਾ ਕੇ ਉਨ੍ਹਾਂ ਨੂੰ ਹਮੇਸ਼ਾਂ ਦਲੇਰਾਨਾ ਸੋਚ ਰੱਖਣ ਦੀ ਪ੍ਰੇਰਨਾ ਦਿੱਤੀ। 24 ਦਸੰਬਰ 1704 ਦਾ ਦਿਨ ਆਇਆ, ਠੰਢੇ ਬੁਰਜ ‘ਚੋਂ ਦੋਵਾਂ ਸਾਹਿਬਜ਼ਾਦਿਆਂ ਨੂੰ ਲੈਣ ਲਈ ਮੁਗਲ ਹਕੂਮਤ ਦੇ ਸਿਪਾਹੀ ਆਏ। ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ। ਬਹਾਦਰ ਪਿਤਾ ਦੇ ਬਹਾਦਰ ਪੁੱਤਰਾਂ ਨੇ ਕਚਿਹਰੀ ਵਿੱਚ ਵਜ਼ੀਰ ਖਾਂ ਦੇ ਸਾਹਮਣੇ ਖੜ੍ਹ ਕੇ ਪੂਰੇ ਜੋਸ਼ ਨਾਲ ਗੱਜ ਕੇ ਫ਼ਤਹਿ ਬੁਲਾਈ ਅਤੇ ਆਪਣੇ ਜੋਸ਼ ਤੇ ਚੜ੍ਹਦੀਕਲਾ ਦਾ ਇਜ਼ਹਾਰ ਕੀਤਾ। ਨਿੱਕੇ-ਨਿੱਕੇ ਬੱਚਿਆਂ ਤੋਂ ਇਹ ਸੁਣ ਅਤੇ ਵੇਖ ਕੇ ਇੱਕ ਵਾਰ ਸੂਬਾ ਸਰਹਿੰਦ ਕੰਬ ਗਿਆ। ਉਸ ਨੇ ਸਾਹਿਬਜ਼ਾਦਿਆਂ ਨੂੰ ਧਰਮ ਛੱਡਣ ਲਈ ਅਨੇਕਾਂ ਯਤਨ ਕੀਤੇ:
ਸਾਹਿਬਜ਼ਾਦਿਓ ਪਿਤਾ ਤੁਹਾਰਾ।
ਗਢ ਚਮਕੌਰ ਘੇਰ ਗਹਿ ਮਾਰਾ।
ਤਹਿ ਤੁਮਰੇ ਦੈ ਭ੍ਰਾਤ ਪ੍ਰਹਾਰੇ।

Check Also

ਖੇਤੀ ਕਾਨੂੰਨਾਂ ਦਾ ਕਿਸਾਨਾਂ ਅਤੇ ਦੇਸ਼ ਦੀ ਆਰਥਿਕਤਾ ‘ਤੇ ਅਸਰ

ਡਾ. ਅਮਨਪ੍ਰੀਤ ਸਿੰਘ ਬਰਾੜ 96537-90000 ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਅੰਦੋਲਨ ਦੇਸ਼ ਭਰ …