ਸਿੱਧੂ ਨੇ 13 ਨੁਕਾਤੀ ਏਜੰਡੇ ਦੀ ਚਿੱਠੀ ਵੀ ਕੀਤੀ ਜਨਤਕ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਹਾਈਕਮਾਨ ਦੇ ਦਖਲ ਤੋਂ ਬਾਅਦ ਚੰਡੀਗੜ੍ਹ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਅਤੇ ਨਵਜੋਤ ਸਿੱਧੂ ਦੀ ਮੀਟਿੰਗ ਹੋਈ ਹੈ। ਇਸ ਮਟਿੰਗ ਵਿਚ ਹਰੀਸ਼ ਚੌਧਰੀ ਅਤੇ ਪਰਗਟ ਸਿੰਘ ਮੌਜੂਦ ਰਹੇ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਦੇ ਅਸਤੀਫ਼ੇ ਨੂੰ ਲੈ ਕੇ ਪਿਆ ਰੇੜਕਾ ਮੁਕਾਉਣ ਲਈ ਹਾਈਕਮਾਨ ਨੇ ਦੋਵਾਂ ਆਗੂਆਂ ਦੀ ਆਹਮੋ-ਸਾਹਮਣੀ ਮੀਟਿੰਗ ਕਰਵਾਈ ਹੈ। ਨਵਜੋਤ ਸਿੱਧੂ ਦੇ ਅਸਤੀਫ਼ੇ ਮਗਰੋਂ ਚੰਨੀ ਤੇ ਸਿੱਧੂ ਵਿਚਕਾਰ ਹੋਈ ਇਹ ਦੂਜੀ ਮੀਟਿੰਗ ਹੈ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ 13 ਨੁਕਾਤੀ ਏਜੰਡੇ ਦੀ ਚਿੱਠੀ ਜਨਤਕ ਕਰਕੇ ਸਪੱਸ਼ਟ ਇਸ਼ਾਰਾ ਕਰ ਦਿੱਤਾ ਸੀ ਕਿ ਉਹ ਮੁੱਦਿਆਂ ਦੇ ਨਜਿੱਠੇ ਜਾਣ ਮਗਰੋਂ ਹੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੰਭਾਲਣਗੇ। ਨਵਜੋਤ ਸਿੱਧੂ ਨੇ ਇਹ ਚਿੱਠੀ ਦਿੱਲੀ ਫੇਰੀ ਸਮੇਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹਵਾਲੇ ਕੀਤੀ ਸੀ, ਜਿਸ ਨੂੰ ਟਵੀਟ ਕਰਕੇ ਸਿੱਧੂ ਨੇ ਜਨਤਕ ਕਰ ਦਿੱਤਾ। ਇਸ ਤੋਂ ਲੱਗਦਾ ਹੈ ਕਿ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਛੇਤੀ ਮੁੱਕਣ ਵਾਲਾ ਨਹੀਂ ਹੈ।