ਭਗਵੰਤ ਮਾਨ ਨੇ ਕਿਹਾ – ਬਾਦਲਾਂ ਨੇ ਕੈਪਟਨ ਦੇ ਕੇਸ ਵਾਪਸ ਕਰਾਏ ਅਤੇ ਹੁਣ ਕੈਪਟਨ ਵੀ ਉਸੇ ਰਾਹ ‘ਤੇ ਤੁਰੇ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਆਈਜੀ ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ਹੇਠ ਬਣਾਈ ਵਿਸ਼ੇਸ਼ ਜਾਂਚ ਕਮੇਟੀ ਦੀ ਰਿਪੋਰਟ ਖਾਰਜ ਕਰਨ ਦਾ ਫ਼ੈਸਲਾ ਹਾਈਕੋਰਟ ਦਾ ਘੱਟ ਅਤੇ ਕੈਪਟਨ ਸਰਕਾਰ ਤੇ ਬਾਦਲਾਂ ਦੇ ਗਠਜੋੜ ਦਾ ਜ਼ਿਆਦਾ ਲਗਦਾ ਹੈ। ਉਨ੍ਹਾਂ ਨੇ ਬਾਦਲ ਅਤੇ ਕੈਪਟਨ ‘ਤੇ ਆਪਸ ਵਿੱਚ ਮਿਲੇ ਹੋਣ ਦਾ ਆਰੋਪ ਲਾਉਂਦਿਆਂ ਕਿਹਾ ਕਿ ਬਾਦਲਾਂ ਨੇ ਆਪਣੀ ਸਰਕਾਰ ਦੇ ਆਖਰੀ ਸਮੇਂ ਕੈਪਟਨ ਦੇ ਸਾਰੇ ਕੇਸ ਵਾਪਸ ਲਏ ਸਨ ਤੇ ਹੁਣ ਕੈਪਟਨ ਆਪਣੀ ਸਰਕਾਰ ਦੇ ਆਖਰੀ ਵਰ੍ਹੇ ਬਾਦਲਾਂ ਦੇ ਸਾਰੇ ਕੇਸ ਵਾਪਸ ਲੈ ਰਹੇ ਹਨ। ਮਾਨ ਨੇ ਕਿਹਾ ਕਿ ਇੰਨੇ ਵੱਡੇ ਮਾਮਲੇ ਵਿੱਚ ਵੱਡਾ ਵਕੀਲ ਨਾ ਕਰਨਾ ਕੈਪਟਨ ਸਰਕਾਰ ਦੀ ਸਾਜ਼ਿਸ਼ ਸੀ। ਉਨ੍ਹਾਂ ਮੰਗ ਕੀਤੀ ਕਿ ਜੇ ਸਰਕਾਰ ਕੋਟਕਪੂਰਾ ਮਾਮਲੇ ਵਿੱਚ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਚਾਹੁੰਦੀ ਹੈ ਤਾਂ ਅਦਾਲਤ ਵਿੱਚ ਵੱਡਾ ਵਕੀਲ ਖੜ੍ਹਾ ਕਰੇ।