ਕਿਹਾ, ਰਾਹੁਲ ਨੇ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਇਤਿਹਾਸ ਸਿਰਜਿਆ
ਹੁਸ਼ਿਆਰਪੁਰ/ਬਿਊਰੋ ਨਿਊਜ਼
ਪਿ੍ਰਅੰਕਾ ਗਾਂਧੀ ਦੀ ਰੈਲੀ ਵਿਚ ਬੋਲਣ ਤੋਂ ਇਨਕਾਰ ਕਰਨ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਹੁਸ਼ਿਆਰਪੁਰ ਵਿਚ ਰਾਹੁਲ ਗਾਂਧੀ ਦੀ ਰੈਲੀ ਵਿਚ ਖੂਬ ਗਰਜੇ। ਸਿੱਧੂ ਨੇ ਕਿਹਾ ਕਿ ਇਕ ਵਾਰ ਉਨ੍ਹਾਂ ਨੇ ਵਿਧਾਨ ਸਭਾ ਵਿਚ ਝੋਲੀ ਅੱਡੀ ਸੀ, ਪਰ ਅੱਜ ਉਹ ਰਾਹੁਲ ਗਾਂਧੀ ਅੱਗੇ ਝੋਲੀ ਅੱਡ ਕੇ ਇਕ ਬਚਨ ਲੈਣਾ ਚਾਹੁੰਦੇ ਹਨ ਕਿ ਪੰਜਾਬ ’ਚ ਕਾਂਗਰਸ ਦੀ ਸਰਕਾਰ ਆਉਣ ’ਤੇ ਕਿਸੇ ਵਿਧਾਇਕ ਦੇ ਪੁੱਤਰ ਨੂੰ ਚੇਅਰਮੈਨੀ ਨਹੀਂ ਦਿੱਤੀ ਜਾਵੇਗੀ, ਸਗੋਂ ਪੁਲਿਸ ਦੇ ਡੰਡੇ ਖਾਣ ਵਾਲੇ ਕਾਂਗਰਸ ਪਾਰਟੀ ਦੇ ਆਮ ਵਰਕਰਾਂ ਨੂੰ ਚੇਅਰਮੈਨ ਬਣਾਇਆ ਜਾਵੇਗਾ। ਸਿੱਧੂ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਛੱਡ ਦੇਣਗੇ। ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕਾਂਗਰਸ ਨੇ ਕੈਪਟਨ ਨੂੰ ਫਕੀਰ ਬਣਾ ਕੇ ਰੱਖ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਰਾਹੁਲ ਨੇ ਕੈਪਟਨ ਅਮਰਿੰਦਰ ਨੂੰ ਕਾਂਗਰਸ ਵਿਚੋਂ ਕੱਢ ਕੇ ਗੱਦਾਰਾਂ ਨੂੰ ਪਾਸੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਕ ਨਵੀਂ ਕਹਾਣੀ ਲਿਖਣ ਜਾ ਰਹੀ ਹੈ, ਜਿਸ ਨੂੰ ਰਾਹੁਲ ਗਾਂਧੀ ਲਿਖ ਰਹੇ ਹਨ। ਸਿੱਧੂ ਨੇ ਕਿਹਾ ਕਿ ਰਾਹੁਲ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਇਤਿਹਾਸ ਰਚਿਆ ਹੈ।