ਟਾਂਡਾ ਉੜਮੁੜ/ਬਿਊਰੋ ਨਿਊਜ਼
ਮਾਲਟਾ ਕਾਂਡ ਦੀ ਤਰਜ਼ ‘ਤੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾ ਰਹੇ ਨੌਜਵਾਨਾਂ ਦੀ ਭਰੀ ਕਿਸ਼ਤੀ ਦੇ ਪਨਾਮਾ ਬਾਰਡਰ ਨੇੜੇ ਪੈਂਦੀ ਨਹਿਰ ਨੂੰ ਪਾਰ ਕਰਦੇ ਸਮੇਂ ਵਾਪਰੇ ਹਾਦਸੇ ਵਿਚ ਜਿਥੇ ਪਿਛਲੇ ਦਿਨੀਂ ਟਾਂਡਾ ਦੇ ਪਿੰਡ ਜਲਾਲਪੁਰ ਦੇ ਨੌਜਵਾਨ ਦੀ ਡੁੱਬਣ ਨਾਲ ਮੌਤ ਹੋ ਗਈ ਸੀ, ਉੱਥੇ ਹੀ ਇਸੇ ਕਿਸ਼ਤੀ ਵਿਚ ਸਵਾਰ ਅੰਮ੍ਰਿਤਸਰ ਤੇ ਭੁਲੱਥ ਨਾਲ ਸਬੰਧਿਤ 2 ਹੋਰ ਨੌਜਵਾਨ ਅਜੇ ਲਾਪਤਾ ਦੱਸੇ ਜਾ ਰਹੇ ਹਨ। ਇਥੇ ਦੱਸਣਯੋਗ ਹੈ ਕਿ ਇਸ ਕਿਸ਼ਤੀ ਵਿਚ ਪੰਜਾਬ ਨਾਲ ਸਬੰਧਿਤ ਕੁਝ ਹੋਰ ਨੌਜਵਾਨ ਵੀ ਸਵਾਰ ਸਨ, ਜਿਨ੍ਹਾਂ ਦੀ ਗਿਣਤੀ ਦਰਜਨ ਦੇ ਕਰੀਬ ਹੋ ਸਕਦੀ ਹੈ। ਇਸ ਮਨੁੱਖੀ ਤਸਕਰੀ ਨਾਲ ਜੁੜੇ ਟਰੈਵਲ ਏਜੰਟ ਰੂਪੋਸ਼ ਹੋ ਚੁੱਕੇ ਹਨ। ਇਸ ਪਨਾਮਾ ਕਿਸ਼ਤੀ ਕਾਂਡ ਵਿਚ ਮਾਰੇ ਗਏ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਜਲਾਲਪੁਰ ਦੀ ਮਾਤਾ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਨੂੰ ਅਮਰੀਕਾ ਭੇਜਣ ਲਈ ਪਿੰਡ ਦੇ ਹੀ ਟਰੈਵਲ ਏਜੰਟ ਸਰਬਜੀਤ ਸਿੰਘ ਕਾਲੀ ਨਾਲ ਗੱਲ ਕੀਤੀ, ਜਿਸ ਮਗਰੋਂ ਇਸ ਟਰੈਵਲ ਏਜੰਟ ਨੇ 30 ਲੱਖ ਰੁਪਏ ਵਿਚ ਸਾਡੇ ਲੜਕੇ ਨੂੰ ਸਿੱਧਾ ਅਮਰੀਕਾ ਭੇਜਣ ਦੀ ਗੱਲ ਕਹਿ ਕੇ ਸਾਡੇ ਕੋਲੋਂ ਪੈਸੇ ਹਾਸਲ ਕੀਤੇ।