Breaking News
Home / ਕੈਨੇਡਾ / ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਦੀ ਕਨਵੈਨਸ਼ਨ ਹੋਈ

ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਦੀ ਕਨਵੈਨਸ਼ਨ ਹੋਈ

logo-2-1-300x105ਮਿਸੀਸਾਗਾ : ਵਰਲਡ ਸਿੱਖ ਆਰਗੇਨਾਈੇਸ਼ਨ ਕੈਨੇਡਾ ਦੀ ਦੋ-ਸਾਲਾ ਕਨਵੈਨਸ਼ਨ ਇਸ ਬੀਤੇ ਸ਼ਨਿਚਰਵਾਰ 27 ਫਰਵਰੀ 2016 ਨੂੰ ਮਿਸੀਸਾਗਾ ਵਿਚ ਆਯੋਜਿਤ ਕੀਤੀ ਗਈ ਸੀ ਜਿਸ ਵਿਚ ਸੰਸਥਾ ਦੇ 32 ਸਾਲ ਇਤਿਹਾਸ ਵਿਚ ਪਹਿਲੀ ਵਾਰ ਇਕ ਕੈਨੇਡੀਅਨ ਜੰਮਪਲ ਨੂੰ ਜਥੇਬੰਦੀ ਦੇ ਮੁੱਖ ਸੇਵਾਦਾਰ ਦੀ ਜਿੰਮੇਵਾਰੀ ਸੰਭਾਲੀ ਗਈ । ਮੁੱਖਬੀਰ ਸਿੰਘ ਨੂੰ ਆਉਣ ਵਾਲੇ ਦੋ ਸਾਲ ਲਈ ਜਥੇਬੰਦੀ ਦੇ ਮੁੱਖ-ਸੇਵਾਦਾਰ ਵਜੋਂ ਸਰਬ-ਸੰਮਤੀ ਨਾਲ ਨਿਯੁਕਤ ਕੀਤਾ ਗਿਆ ।
ਮੁੱਖਬੀਰ ਸਿੰਘ ਜੋ ਕਿ ਕਿਊਬੈਕ ਦੇ ਡੋਲਾਰਡ-ਡਿਸ-ਓਰਮੀਕਸ ਦਾ ਜੰਮਪਲ ਹੈ ਅੰਗਰੇਜ਼ੀ, ਫਰੈਂਚ ਅਤੇ ਪੰਜਾਬੀ ਭਾਸ਼ਾ ਵਿਚ ਪੂਰੀ ਮੁਹਾਰਤ ਰੱਖਦਾ ਹੈ । ਮੁੱਖਬੀਰ ਸਿੰਘ ਨੇ ਮੌਂਟਰੀਅਲ ਦੀ ਕੰਨਕੋਰਡੀਆ ਯੁਨੀਵਰਸਟੀ ਤੋਂ ਅਰਥ-ਸਾਸ਼ਤਰ ਵਿਚ ਮਾਸਟਰ ਆਫ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਉਹ ਸਰਕਾਰੀ ਵਿਭਾਗ ਵਿਚ ਪੈਨਸ਼ਨ ਮਾਹਿਰ ਵਜੋਂ ਕੰਮ ਰਿਹਾ ਹੈ । ਇਸ ਵਕਤ ਉਹ ਓਟਵਾ ਵਿਖੇ ਰਹਿੰਦਾ ਹੈ ਅਤੇ ਪਿਛੋਕੜ ਵਿਚ ਉਹ ਮੌਂਟਰੀਅਲ ਅਤੇ ਓਟਵਾ ਦੇ ਸਿੱਖ ਭਾਈਚਾਰੇ ਵਿਚ ਵੱਖੋ-ਵੱਖਰੇ ਮਸਲਿਆਂ ਵਿਚ ਯੋਗਦਾਨ ਪਾਂਉਦਾ ਆ ਰਿਹਾ ਹੈ। 2011 ਤੋਂ 2015 ਦੌਰਾਨ ਮੁੱਖਬੀਰ ਸਿੰਘ ਨੇ ਕਿਊਬੈਕ-ਅਟਲਾਂਟਿਕ ਇਲਾਕੇ ਦੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਮੀਤ-ਪ੍ਰਧਾਨ ਵਜੋਂ ਵੀ ਸੇਵਾ ਨਿਭਾਈ ਹੈ । ਮੁੱਖਬੀਰ ਸਿੰਘ ਦੇ ਨਾਲ ਸੀਨੀਅਰ ਮੀਤ-ਪ੍ਰਦਾਨ ਦੇ ਅਹੁਦੇ ਲਈ ਬੀਬੀ ਜਸਬੀਰ ਕੌਰ ਰੰਧਾਵਾ ਦੀ ਨਿਯੁਕਤੀ ਕੀਤੀ ਗਈ ਹੈ। ਉਹ ਬ੍ਰਿਟਿਸ਼ ਕੁਲੰਬੀਆ ਦੇ ਵਸਨੀਕ ਹਨ ਅਤੇ ਲੰਬਾ ਅਰਸਾ ਵਿਦਿਅਕ ਖੇਤਰ ਵਿਚ ਛੋਟੇ ਬੱਚਿਆਂ ਦੀ ਪੜਾਈ ਦੇ ਵਿਸ਼ੇ ਵਿਚ ਪਾਏ ਯੋਗਦਾਨ ਸਦਕਾ ਅਨੇਕਾਂ ਸਨਮਾਨ ਪ੍ਰਾਪਤ ਕਰ ਚੁੱਕੇ ਹਨ ।
ਸਮੁੱਚੇ ਕੈਨੇਡਾ ਦੀ ਪ੍ਰਤੀਨਿਧਤਾ ਕਰਨ ਵਾਲੇ 31 ਮੈਂਬਰੀ ਬੋਰਡ ਆਫ ਡਾਇਰੈਕਟਰ ਦੀ ਮੁੱਖਬੀਰ ਸਿੰਘ ਅਗਵਾਈ ਕਰੇਗਾ । ਇਸ ਵਾਰ ਜਥੇਬੰਦੀ ਦੇ ਇਤਿਹਾਹ ਵਿਚ ਪਹਿਲੀ ਵਾਰ ਸਭ ਤੋਂ ਜ਼ਿਆਦਾ ਗਿਣਤੀ ਵਿਚ ਦੂਸਰੀ ਅਤੇ ਤੀਸਰੀ ਪੀੜ੍ਹੀ ਦੇ ਨਾਲ ਸਬੰਧਤ ਕੈਨੇਡੀਅਨ ਪ੍ਰਤੀਨਿਧ ਸ਼ਾਮਲ ਹਨ।
ਵਰਲਡ ਸਿੱਖ ਆਰਗੇਨਾਈਜੇਸ਼ਨ ਦੇ 2016-2017 ਲਈ ਸੇਵਾਦਾਰਾਂ ਦੀ ਟੀਮ ਇਹ ਹੈ; ਪ੍ਰਧਾਨ : ਸ੍ਰ: ਮੁੱਖਬੀਰ ਸਿੰਘ, ਸੀਨੀਅਰ ਮੀਤ-ਪ੍ਰਧਾਨ : ਬੀਬੀ ਜਸਬੀਰ ਕੌਰ ਰੰਧਾਵਾ, ਡਾਇਰੈਕਟਰ ਆਫ ਫਾਇਨੈਂਸ : ਸ੍ਰ: ਜਗਦੀਪ ਸਿੰਘ ਮਾਨ, ਡਾਇਰੈਕਟਰ ਆਫ ਐਡਮਿਨਸਟਰੇਸ਼ਨ : ਬੀਬਾ ਰੁਪਿੰਦਰ ਕੌਰ ਧਾਲੀਵਾਲ, ਮੀਤ-ਪ੍ਰਧਾਨ ਬ੍ਰਿਟਿਸ਼ ਕੁਲੰਬੀਆ : ਸ੍ਰ਼ ਸੁਖਪ੍ਰੀਤ ਸਿੰਘ , ਮੀਤ-ਪ੍ਰਧਾਨ ਅਲਬਰਟਾ : ਸ੍ਰ: ਤੇਜਿੰਦਰ ਸਿੰਘ ਸਿੱਧੂ , ਮੀਤ-ਪ੍ਰਧਾਨ ਸੈਂਟਰਲ ਕੈਨੇਡਾ : ਸ੍ਰ: ਜਸਬੀਰ ਸਿੰਘ, ਮੀਤ-ਪ੍ਰਧਾਨ ਉਨਟਾਰੀਓ : ਸ੍ਰ਼: ਪ੍ਰਭਮੀਤ ਸਿੰਘ ਸਰਕਾਰੀਆ, ਮੀਤ-ਪ੍ਰਧਾਨ ਕਿਊਬੈਕ ਅਤੇ ਐਟਲਾਂਟਿਕ : ਬੀਬਾ ਅੰਮ੍ਰਿਤ ਕੌਰ।
ਸੇਵਾ-ਮੁਕਤ ਹੋ ਰਹੇ ਪ੍ਰਧਾਨ, ਡਾ: ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਨੇ ਇਸ ਮੌਕੇ ਕਿਹਾ ਕਿ ਪਿਛਲੇ ਦੋ ਸਾਲ ਦੇ ਅਰਸੇ ਦੌਰਾਨ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਨਿਭਾਉਣਾ ਉਨ੍ਹਾਂ ਲਈ ਫਖਰ ਵਾਲਾ ਸੀ ਅਤੇ ਕੈਨੇਡੀਅਨ ਸਿੱਖ ਭਾਈਚਾਰਾ ਬਹੁਤ ਹੀ ਖੁਸ਼ਕਿਸਮਤ ਹੈ ਕਿ ਸਾਡੇ ਕੋਲ ਭਾਈਚਾਰਕ ਸੇਵਾ ਅਤੇ ਸਮਾਜਿਕ ਭਲਾਈ ਪ੍ਰਤੀ ਦ੍ਰਿੜਤਾ ਰੱਖਣ ਵਾਲੇ ਅਨੇਕਾਂ ਨੌਜਵਾਨ ਹਨ । ਨਵੀਂ ਪੀੜ੍ਹੀ ਦੇ ਹੱਥ ਵਾਂਗਡੌਰ ਸੰਭਾਲਣ ਵਾਲੀ ਸਾਡੀ ਟੀਮ ਨੇ ਨਵੇਂ ਸੇਵਾਦਾਰਾਂ ਦੀ ਟੀਮ ਲਿਆਉਣ ਵਿਚ ਸੰਜ਼ਦੀਗੀ ਨਾਲ ਜ਼ਿੰਮੇਵਾਰੀ ਨਿਭਾਈ ਹੈ ।
ਮੁੱਖਬੀਰ ਸਿੰਘ ਨੇ ਕਿਹਾ ਕਿ ਇਸ ਅਹਿਮ ਜਿੰਮੇਵਾਰੀ ਦੀ ਨਿਯੁਕਤੀ ਉਸ ਲਈ ਬਹੁਤ ਹੀ ਸਨਮਾਨ ਵਾਲੀ ਹੈ । ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਨੇ ਪਿਛਲੇ 30 ਸਾਲ ਦੇ ਕਰੀਬ ਇਤਿਹਾਸ ਵਿਚ ਸਿਰਫ ਸਿੱਖਾਂ ਲਈ ਹੀ ਨਹੀਂ ਬਲਕਿ ਸਮੁੱਚੇ ਕੈਨੇਡੀਅਨ ਭਾਈਚਾਰੇ ਲਈ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਪ੍ਰਭਾਵਸ਼ਾਲੀ ਪ੍ਰਾਪਤੀਆਂ ਕੀਤੀਆਂ ਹਨ ਅਤੇ ਮੈਂ ਪਿਛਲੇ 4 ਸਾਲ ਦੇ ਤਰਸੇ ਦੌਰਾਨ ਖੁਦ ਇਸ ਸੰਸਥਾਂ ਵਲੋਂ ਕੀਤੇ ਉਸਾਰੂ ਕੰਮਾਂ ਨੂੰ ਨੇੜਿਓ ਵੇਖਿਆ ਹੈ । ਰਲ ਮਿਲ ਕੇ ਆਉਣ ਵਾਲੇ 2 ਸਾਲ ਦੀ ਤਿਆਰੀ ਕਰਦੇ ਹੋਏ ਮੈਂ ਕੈਨੇਡੀਅਨ ਸਿੱਖਾਂ ਨਾਲ ਤਾਲਮੇਲ ਕਰਨ ਤੋਂ ਇਲਾਵਾ ਅਨੇਕਾਂ ਹੋਰ ਅਹਿਮ ਪ੍ਰਤੀਨਿਧੀਆਂ ਨਾਲ ਮਿਲ ਕੇ ਇਹ ਯਕੀਨੀ ਬਣਾਵਾਂਗਾ ਕਿ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਸਾਰਿਆਂ ਲਈ ਵਧੀਆ ਭਵਿੱਖ ਉਸਾਰ ਸਕੇ ।
ਵਰਲਡ ਸਿੱਖ ਆਰਗੇਨਾਈਜੇਸ਼ਨ ਇਕ ਗੈਰ-ਰਾਜਨੀਤਕ ਅਤੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਕੰਮ ਕਰਨ ਵਾਲੀ ਸੰਸਥਾਂ ਹੈ ਅਤੇ ਸਾਡਾ ਮਨੋਰਥ ਕਨੇਡੀਅਨ ਸਿੱਖਾਂ ਦੇ ਹੱਕਾਂ ਦੀ ਰਖਵਾਲੀ ਤੋਂ ਇਲਾਵਾ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ । ਇਨ੍ਹਾਂ ਤੋਂ ਇਲਾਵਾ ਜਥੇਬੰਦੀ ਹਰ ਵਿਅਕਤੀ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਜਾਤ, ਧਰਮ ਰੰਗ, ਆਰਥਿਕ ਹਾਲਾਤਾਂ ਨੂੰ ਬਰਾਬਰ ਮੰਨਦੇ ਹੋਏ ਉਨ੍ਹਾਂ ਦੇ ਹੱਕਾਂ ਲਈ ਜੂਝਦੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …