ਓਟਵਾ/ਬਿਊਰੋ ਨਿਊਜ਼
ਸਰਵੇਖਣ ਅਨੁਸਾਰ ਕੈਵਿਨ ਓਲਿਏਰੀ ਦੇ ਲੀਡਰਸ਼ਿਪ ਦੀ ਦੌੜ ਵਿੱਚ ਸ਼ਾਮਲ ਹੁੰਦੇ ਸਾਰ ਹੀ ਜਿੱਥੇ ਉਨ੍ਹਾਂ ਦੀ ਬੱਲੇ ਬੱਲੇ ਹੋ ਗਈ ਉੱਥੇ ਹੀ ਕੰਜ਼ਰਵੇਟਿਵ ਪਾਰਟੀ ਨੂੰ ਵੀ ਲਿਬਰਲਾਂ ਤੋਂ ਲੀਡ ਮਿਲ ਗਈ ਹੈ। ਓਲਿਏਰੀ ਇੱਕ ਸੈਲੇਬ੍ਰਿਟੀ ਕਾਰੋਬਾਰੀ ਹਨ ਤੇ ਉਹ ਅਜੇ ਪਿਛਲੇ ਹਫਤੇ ਹੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਏ ਹਨ। ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ 27 ਫੀਸਦੀ ਨੇ ਆਖਿਆ ਕਿ ਕੰਜ਼ਰਵੇਟਿਵ ਆਗੂ ਵਜੋਂ ਓਲਿਏਰੀ ਉਨ੍ਹਾਂ ਦੀ ਪਹਿਲੀ ਪਸੰਦ ਹਨ। ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਕਿ ਕਿਊਬਿਕ ਤੋਂ ਐਮਪੀ ਤੇ ਸਾਬਕਾ ਮੰਤਰੀ ਮੈਕਸਿਮ ਬਰਨੀਅਰ ਨੂੰ 11 ਫੀ ਸਦੀ ਲੋਕਾਂ ਵੱਲੋਂ ਵੋਟ ਕੀਤਾ ਗਿਆ ਹੈ ਤੇ ਓਲਿਏਰੀ ਉਨ੍ਹਾਂ ਤੋਂ ਵੀ ਅੱਗੇ ਰਹੇ ਹਨ। ਬਰਨੀਅਰ ਤੋਂ ਬਾਅਦ ਵਾਰੀ ਆਉਂਦੀ ਹੈ ਲੀਜ਼ਾ ਰਾਇਤ ਦੀ, ਜਿਸ ਨੂੰ 7 ਫੀ ਸਦੀ ਲੋਕਾਂ ਵੱਲੋਂ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਲੀਜ਼ਾ ਰਾਇਤ ਨੇ ਜਨਵਰੀ ਵਿੱਚ StopKevinOLeary.com ਲਾਂਚ ਕੀਤੀ ਸੀ। ਇਸ ਤੋਂ ਬਾਅਦ ਵਾਰੀ ਆਉਂਦੀ ਹੈ ਮਾਈਕਲ ਚੌਂਗ ਦੀ, ਜੋ ਕਿ 6 ਫੀ ਸਦੀ ਵੋਟਾਂ ਹਾਸਲ ਕਰ ਸਕੇ। ਲੀਡਰਸ਼ਿਪ ਸਰਵੇਖਣ ਕਰਵਾਉਣ ਵਾਲੇ ਫੋਰਮ ਰਿਸਰਚ ਦੇ ਪ੍ਰੈਜ਼ੀਡੈਂਟ ਲੌਰਨੇ ਬੋਜ਼ੀਨੌਫ ਨੇ ਆਖਿਆ ਕਿ ਓਲਿਏਰੀ ਨੇ ਕੰਜ਼ਰਵੇਟਿਵ ਦੌੜ ਵਿੱਚ ਨਵੀਂ ਰੂਹ ਫੂਕ ਦਿੱਤੀ ਹੈ।ਉਨ੍ਹਾਂ ਆਖਿਆ ਕਿ ਪਹਿਲਾਂ ਲਿਬਰਲਾਂ ਨੂੰ ਪੂਰੀ ਖੁੱਲ੍ਹੀ ਛੁੱਟੀ ਸੀ ਤੇ ਹੋਰਨਾਂ ਪਾਰਟੀਆਂ ਨਾਲ ਉਨ੍ਹਾਂ ਦਾ ਮੁਕਾਬਲਾ ਕਿਸੇ ਉੱਘੇ ਆਗੂ ਦੀ ਅਣਹੋਂਦ ਕਾਰਨ ਬੜਾ ਸੌਖਾ ਚੱਲ ਰਿਹਾ ਸੀ। ਪਰ ਹੁਣ ਟੋਰੀਜ਼ ਦਰਮਿਆਨ ਇੱਕ ਇਹੋ ਜਿਹਾ ਲੀਡਰਸ਼ਿਪ ਉਮੀਦਵਾਰ ਹੈ ਜਿਸ ਨੂੰ ਲੋਕ ਅਸਲ ਵਿੱਚ ਜਾਣਦੇ ਹਨ। ਇਸ ਤਰ੍ਹਾਂ ਦੇ ਪ੍ਰਚਾਰ ਨਾਲ ਟੋਰੀਜ਼ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 38 ਫੀ ਸਦੀ ਲੋਕ ਅਜੇ ਵੀ ਕਿਸੇ ਮੌਜੂਦਾ ਕੰਜ਼ਰਵੇਟਿਵ ਲੀਡਰਸ਼ਿਪ ਉਮੀਦਵਾਰ ਨਾਲੋਂ ਕਿਸੇ ਹੋਰ ਨੂੰ ਤਰਜੀਹ ਦੇਣਾ ਚਾਹੁੰਦੇ ਹਨ।
Check Also
ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …