ਬਰੈਂਪਟਨ ਤੋਂ ਮੇਅਰ ਲਈ ਉਮੀਦਵਾਰ ਲਿੰਡਾ ਜੈਫਰੀ ਨੇ ਕਿਹਾ ਕਿ ਜਦੋਂ ਮੇਰੇ ਕੋਲੋਂ ਇਹ ਪੁੱਛਿਆ ਜਾਂਦਾ ਹੈ ਕਿ ਮੈਂ ਮੇਅਰ ਦੀ ਚੋਣ ਮੁੜ ਕਿਉਂ ਲੜ ਰਹੀ ਹਾਂ ਤਾਂ ਮੇਰਾ ਸਪਸ਼ਟ ਉੱਤਰ ਹੁੰਦਾ ਹੈ ਕਿ ਸਿਟੀ ਵਿੱਚ ਅਜੇ ਵੀ ਬੜਾ ਕੰਮ ਕਰਨ ਵਾਲਾ ਹੈ।
ਇਸ ਇਲੈਕਸ਼ਨ ਵਿੱਚ ਕਿਸ ਨੂੰ ਵੋਟ ਪਾਉਣੀ ਹੈ ਅਤੇ ਕਿਸ ਨੂੰ ਨਕਾਰਨਾ ਹੈ ਇਹ ਬਿਲਕੁੱਲ ਸਪਸ਼ਟ ਹੈ; ਕਿਉਂਕਿ ਇਹ ਚੋਣ, ‘ਸਿੱਧ ਹੋ ਚੁੱਕੀ ਸਥਿਰ, ਜ਼ੁੰਮੇਵਾਰ ਲੀਡਰਸ਼ਿਪ’ ਅਤੇ ‘ਖਤਰਨਾਕ ਬਦਲਾਓ’, ਵਿੱਚੋਂ ਚੰਗੇ ਇੱਕ ਦੀ ਕਰਨੀ ਹੈ। ਚਾਰ ਸਾਲ ਪਹਿਲਾਂ, ਮੈਂ ਕਿਹਾ ਸੀ ਕਿ ਮੈਂ ਤੁਹਾਡੇ ਨਾਲ਼ ਆਪਣੇ ਸ਼ਹਿਰ ਦੀ ਸਹੀ ਤਸਵੀਰ ਦਾ ਗੰਭੀਰ, ਨਿਰਛਲ ਤੇ ਇਮਾਨਦਾਰ ਸੰਵਾਦ ਰਚਾਉਣ ਲਈ ਤਿਆਰ ਹਾਂ ਅਤੇ ਪਿਛਲੀ ਮਿਆਦ ਵਿੱਚ ਮੈਂ ਇਹੋ ਹੀ ਕੀਤਾ।ਮੈਨੂੰ ਭਾਰੀ ਗਿਣਤੀ ਵਿੱਚ ਇਸ ਆਸ ਨਾਲ਼ ਜਿਤਾਇਆ ਗਿਆ ਸੀ ਕਿ ਮੈਂ ਸਿਟੀ ਹਾਲ ਵਿੱਚ ਬਦਲਾਓ ਨਾਲ਼ ਸੁਥਰੀਆਂ-ਸੁਖਾਵੀਆਂ ਨੀਤੀਆਂ ਅਤੇ ਗਤੀਵਿਧੀਆਂ ਲਿਆ ਕੇ ਪਬਲਿਕ ਦਾ ਭਰੋਸਾ ਜਿੱਤ ਸਕਾਂ। ਮੈਂ ਦਫ਼ਤਰ ਦਾ ਕਾਰਜ ਸੰਭਾਲ਼ਦਿਆਂ ਹੀ ਕਰੜੀ ਘਾਲਣਾ ਆਰੰਭ ਕਰ ਦਿੱਤੀ ਅਤੇ ਸਿਟੀ ਹਾਲ ਵਿੱਚ ਜਵਾਬਦੇਹੀ, ਖੁੱਲ੍ਹੇਪਨ ਅਤੇ ਪਾਰਦਰਸ਼ਤਾ ਸਥਾਪਤ ਕਰਨ ਲਈ ਦਿਨ ਰਾਤ ਇੱਕ ਕਰ ਦਿੱਤਾ।
ਮੈਂ ਉਨਟਾਰੀਓ ਦੇ ਪਹਿਲੇ ਅਡੀਟਰ ਜਨਰਲ, ਜਿਮ ਮੈੱਕਕਾਰਟਰ, ਨੂੰ ਲਿਆਉਣ ਅਤੇ ਉਸ ਰਾਹੀਂ ਬਰੈੰਪਟਨ ਦੀ ਆਰਥਿਕ ਸਥਿਤੀ ਦੀ ਘੋਖ ਪੜਤਾਲ਼ ਕਰਾਉਣ ਦਾ ਪ੍ਰਬੰਧ ਕੀਤਾ। ਉਸਦੀ ਪਰਖ-ਪੜਚੋਲ ਨੇ ਬਹੁਤ ਹੀ ਢੁਕਵੇਂ ਤੇ ਮਹੱਤਵ ਪੂਰਨ ਇਲਾਜ ਸਾਡੇ ਸਾਹਮਣੇ ਰੱਖੇ ਅਤੇ ਪਹਿਲੇ ਪ੍ਰਬੰਧਕਾਂ ਦੇ ਕੰਮ ਕਰਨ ਦੇ ਵਿਧੀ ਵਿਧਾਨ ਉੱਤੇ ਬਹੁਤ ਸਾਰੇ ਲਾਲ ਝੰਡਿਆਂ ਦੇ ਨਿਸ਼ਾਨ ਲਾਏ। ਅਸੀਂ ਉਸਦੀਆਂ ਸਲਾਹਾਂ ਨੂੰ ਧਿਆਨ ਨਾਲ਼ ਵਾਚਿਆ ਤੇ ਸਵੀਕਾਰਿਆ ਅਤੇ ਅਖੀਰਲੇ ਤਿੰਨ ਬੱਜਟ ਸਾਈਕਲਾਂ ਵਿੱਚ ਉਸਦੀਆਂ ਸਾਰੀਆਂ ਸਿਫਾਰਸਾਂ ਨੂੰ ਲਾਗੂ ਕਰ ਦਿੱਤਾ। ਸੱਚ ਤਾਂ ਇਹ ਹੈ ਕਿ ਵਧੀਆ ਬੱਜਟ ਤਿਆਰ ਕਰਨ ਲਈ ਕੈਨੇਡਾ ਅਤੇ ਯੂਨਾਇਟਡ ਸਟੇਟਸ ਦੇ ਸਾਰੇ ਸ਼ਹਿਰਾਂ ਵਿੱਚੋਂ ਸਰਬੋਤਮ ਸਨਮਾਨ ਸਾਡੇ ਸ਼ਹਿਰ ਨੂੰ ਪ੍ਰਾਪਤ ਹੋਇਆ। ਇਸ ਦੇ ਨਾਲ਼-ਨਾਲ਼ ਮੇਰੇ ਮੇਅਰ ਦੇ ਦਫਤਰ ਵਿੱਚ ਆਉਣ ਨਾਲ਼ ਸਾਡੀ ਕਰੈਡਿਟ ਰੇਟਿੰਗ ਵਿੱਚ ਬਹੁਤ ਸੁਧਾਰ ਹੋਇਆ ਜਿਸ ਕਰਕੇ ਸਾਡਾ ਉਧਾਰ ਮੁੱਲ ਥੱਲੇ ਆ ਗਿਆ ਅਤੇ ਜਿਸ ਨਾਲ਼ ਤੁਹਾਡੇ ਧਨ ਵਿੱਚ ਬੱਚਤ ਹੁੰਦੀ ਹੈ।
ਮੈਂ ਇਹ ਯਕੀਨ ਕਰਨ ਦਾ ਨਿਰੰਤਰ ਯਤਨ ਕਰਦੀ ਰਹੀ ਹਾਂ ਕਿ ਟੈਕਸ ਦਾਤਿਆਂ ਦਾ ਧਨ ਮਹਿੰਗੇ ਅਤੇ ਅਲੱਗ-ਥਲੱਗ ਮੁੱਦਿਆਂ ਉੱਤੇ ਐਵੇਂ ਬਰਬਾਦ ਨਾ ਕੀਤਾ ਜਾਵੇ। ਜਿਵੇਂ ਨਿੱਜੀ ਮਲਕੀਅਤ ਦੀਆਂ ਸਪੋਰਟਸ ਟੀਮਾਂ ਨੂੰ ਸਹਾਇਤਾ ਆਦਿ ਦੇਕੇ। ਮੈਂ ਸਦਾ ਯਤਨ ਕੀਤਾ ਹੈ ਕਿ ਯਕੀਨਨ ਇਹੋ ਜਿਹੇ ਨਿਰਣੇ ਹੀ ਲਏ ਜਾਣ ਜੋ ਸਾਰਥਕ ਵੀ ਹੋਣ ਅਤੇ ਪ੍ਰਮਾਣਿਤ ਵੀ ਹੋਣ, ਜੋ ਬਰੈੰਪਟਨ ਦੀ ਉਸਾਰੀ ਵਿੱਚ ਸਹਾਇਕ ਅਤੇ ਲਾਭਦਾਇਕ ਸਿੱਧ ਹੋਣ।
ਸਾਰੇ ਬਰੈੰਪਟਨ ਸ਼ਹਿਰ ਦੀ ਸੋਚ ਵਿੱਚ ਢੁਕਵੇਂ ਤੇ ਜ਼ਰੂਰੀ ਬਦਲਾਓ ਲਿਆਉਣ ਲਈ ਸਮਾਂ ਚਾਹੀਦਾ ਹੈ – ਨਿਰਸੰਦੇਹ ਅੱਗੇ ਵੱਲ ਅਸੀਂ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ ਪਰ ਅਜੇ ਹੋਰ ਵੀ ਬੜਾ ਕੁੱਝ ਕਰਨਾ ਬਾਕੀ ਹੈ। ਇਸੇ ਤਰ੍ਹਾਂ ਇਹ ਯਤਨ ਹੋਰ ਵੀ ਹਿੰਮਤ ਅਤੇ ਜੋਰ ਨਾਲ਼ ਨਿਰੰਤਰ ਚੱਲਦੇ ਰਹਿਣੇ ਚਾਹੀਦੇ ਹਨ। ਰਤਾ ਭਰ ਵੀ ਅਵੇਸਲ਼ੇ ਹੋਣ ਨਾਲ਼ ਅਸੀਂ ਪਿੱਛੇ ਵੱਲ ਖਿਸਕ ਜਾਵਾਂਗੇ ਅਤੇ ਪ੍ਰਾਪਤ ਕੀਤੀ ਤਰੱਕੀ ਵੀ ਗੁਆ ਬੈਠਾਂਗੇ। ਅਗਲੀ ਮਿਆਦ ਵਿੱਚ ਆਪਣੀਆਂ ਨੀਤੀਆਂ ਵਿੱਚ ਮੈਂ ਹੋਰ ਵੀ ਸੁਧਾਰ ਅਤੇ ਹੁਲਾਰ ਲਿਆਉਣ ਦੀ ਇੱਛਾ ਰੱਖਦੀ ਹਾਂ, ਜਿਸ ਨਾਲ਼ ਸਿਟੀ ਦਾ ਧਨ ਖਰਚਣ ਵਿੱਚ ਜਵਾਬਦੇਹੀ ਦੀ ਭਾਵਨਾ, ਪਾਰਦਰਸ਼ਤਾ ਅਤੇ ਖੁੱਲ੍ਹਾਪਨ ਹੋਰ ਵੀ ਯਕੀਨੀ ਬਣ ਜਾਵੇ। ਸ਼ਹਿਰ ਵਿੱਚ ਯੂਨੀਵਰਸਿਟੀ ਦਾ ਲਿਆਉਣਾ, ਤੁਹਾਡੀ ਸੋਚ ਅਨੁਸਾਰ ਬਹੁਤ ਹੀ ਮਹੱਤਵ ਪੂਰਨ ਕਾਰਜ ਸੀ।
ਇੱਕ ਸ਼ਹਿਰ ਵਜੋਂ, ਅਸੀਂ ਅੱਜ ਤਬਦੀਲੀ-ਮੋੜ ਉੱਤੇ ਖੜ੍ਹੇ ਹਾਂ। ਸਾਡੇ ਸਾਹਸੀ, ਹੁਲਾਰੇ ਕਦਮ ਨਵੀਨਤਾ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਮੋਹਰੀ ਬਣ ਜਾਣ ਦੇ ਉਤਸ਼ਾਹ ਦੀ ਸਿਖਰ ਉੱਤੇ ਅੱਗੇ ਵੱਲ ਵਧਣ ਲਈ ਉਤਾਵਲੇ ਹਨ। ਤਕਨਾਲੋਜੀ, ਸਿਹਤ ਤੇ ਜੀਵਨ ਸਾਇੰਸਾਂ ਅਤੇ ਖੋਜੀਆਂ, ਪ੍ਰੋਫੈੱਸਰਾਂ, ਵਿਦਵਾਨਾਂ ਆਦਿ ਤੇ ਵੱਡੇ ਵਪਾਰੀਆਂ ਦੇ ਸੁਪਨਿਆਂ ਦੀਆਂ ਅੱਖਾਂ ਸਾਡੇ ਉੱਤੇ ਲੱਗੀਆਂ ਹੋਈਆਂ ਹਨ ਕਿ ਬਰੈਂਪਟਨ ਹੈ ਅੱਜ ਧਨ ਲਾਉਣ ਅਤੇ ਵਧਾਉਣ ਦੀ ਸਭ ਤੋਂ ਚੰਗੀ ਥਾਂ। ਇਹੋ ਹੀ ਸਮਾਂ ਹੈ ਕਿ ਸਾਡੇ ਸ਼ਹਿਰ ਨੂੰ ਇੱਕ ਸਥਿਰ ਤੇ ਸਮਰੱਥ ਲੀਡਰਸ਼ਿੱਪ ਚਾਹੀਦੀ ਹੈ। ਸੋ, ‘ਸਥਿਰਤਾ ਦੇਵੋ, ਸਫਲਤਾ ਮਾਣੋ’!
ਦੇਖ ਰਹੇ ਹਾਂ ਕਿ ਸਾਡੇ ਲਈ ਆਵਾਜਾਈ ਅਤੇ ਢੋਆ-ਢੁਆਈ ਦੇ ਸੁਧਾਰਾਂ ਦਾ ਸਭ ਤੋਂ ਜ਼ਰੂਰੀ ਪਹਿਲਾ ਅਤੇ ਵੱਡਾ ਮੁੱਦਾ ਹੈ। ਮੈਂ ਇਸ ਸਮੱਸਿਆ ਦਾ ਹੱਲ ਲੱਭਣ ਅਤੇ ਦੂਰ ਕਰਨ ਲਈ ਯਤਨ ਨਿਰੰਤਰ ਜ਼ਾਰੀ ਰੱਖਾਂਗੀ ਤਾਂ ਕਿ ਸਾਡੇ ਸ਼ਹਿਰੀ ਆਪਣੇ ਕਾਰੋਬਾਰ ਨਿਪੁੰਨਤਾ ਨਾਲ਼ ਚਾਰ ਚੁਫੇਰੇ ਕਰਦੇ ਰਹਿਣ। ਸਾਰੇ ਜਾਣਦੇ ਹਨ ਕਿ ਸਾਡਾ ਸਿਟੀ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚ ਨੌਵੇਂ ਨੰਬਰ ਉੱਤੇ ਅਤੇ ਤੇਜ਼ੀ ਨਾਲ਼ ਵਧਣ ਵਾਲ਼ੇ ਸ਼ਹਿਰਾਂ ਵਿੱਚ ਦੂਜੇ ਸਥਾਨ ਉੱਤੇ ਹੈ। ਇਸ ਲਈ ਸਾਡੀ ਆਬਾਦੀ ਦੇ ਵਾਧੇ ਅਨੁਸਾਰ ਹੀ ਸਾਨੂੰ ਲੋੜੀਂਦੇ ਫੰਡ ਮਿਲਣੇ ਚਾਹੀਦੇ ਹਨ, ਖਾਸ ਕਰਕੇ ਸਿਹਤ ਸੰਭਾਲ ਦੇ ਸਬੰਧ ਵਿੱਚ। ਸਾਨੂੰ ਸਿਟੀ ਲਈ ਆਪਣਾ ਬਣਦਾ ਹਿੱਸਾ ਲੈਣ ਲਈ ਗੰਭੀਰਤਾ ਨਾਲ਼ ਤਕੜੇ ਅਤੇ ਲਗਾਤਾਰ ਯਤਨ ਕਰਨੇ ਹੋਣਗੇ ਨਹੀਂ ਤਾਂ ਅਸੀਂ ਹੋਰ ਵੀ ਪਿੱਛੇ ਪੈ ਜਾਵਾਂਗੇ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …