1.7 C
Toronto
Tuesday, December 23, 2025
spot_img
Homeਭਾਰਤਉੜੀਸਾ ਵਿੱਚ ਮੁਕਾਬਲਾ: 24 ਮਾਓਵਾਦੀ ਹਲਾਕ

ਉੜੀਸਾ ਵਿੱਚ ਮੁਕਾਬਲਾ: 24 ਮਾਓਵਾਦੀ ਹਲਾਕ

logo-2-1-300x105-3-300x105ਆਂਧਰਾ ਨਾਲ ਲੱਗਦੀ ਸਰਹੱਦ ਨੇੜੇ ਹੋਇਆ ਮੁਕਾਬਲਾ
ਮਲਕਾਨਗਿਰੀ (ਉੜੀਸਾ)/ਬਿਊਰੋ ਨਿਊਜ਼
ਆਂਧਰਾ ਪ੍ਰਦੇਸ਼ ਦੀ ਸਰਹੱਦ ਨਾਲ ਲਗਦੇ ਉੜੀਸਾ ਦੇ ਜ਼ਿਲ੍ਹਾ ਮਲਕਾਨਗਿਰੀ ਵਿੱਚ ਸੁਰੱਖਿਆ ਦਸਤਿਆਂ ਨਾਲ ਹੋਏ ਗਹਿਗੱਚ ਮੁਕਾਬਲੇ ਵਿੱਚ 24 ਨਕਸਲੀ  ਮਾਰੇ ਗਏ। ਮਰਨ ਵਾਲਿਆਂ ਵਿੱਚ ਮਾਓਵਾਦੀਆਂ ਦੇ ਚੋਟੀ ਦੇ ਦੋ ਕਮਾਂਡਰ ਸ਼ਾਮਲ ਹੋਣ ਦਾ ਸ਼ੱਕ ਹੈ। ਮਲਕਾਨਗਿਰੀ ਦੇ ਐਸਪੀ ਮਿੱਤਰਾਭਾਨੂ ਮਹਾਪਾਤਰਾ ਨੇ ਦੱਸਿਆ ਕਿ ਆਂਧਰਾ-ਉੜੀਸਾ ਸਰਹੱਦ ਉਤੇ ਦੂਰ ਦੁਰਾਡੇ ਪੈਂਦੇ ਚਿਤਰਾਕੋਂਡਾ ਇਲਾਕੇ ਵਿੱਚ ਹੋਏ ਇਸ ਮੁਕਾਬਲੇ ਵਿੱਚ ਮਰਨ ਵਾਲਿਆਂ ਵਿੱਚ ਮਹਿਲਾ ਕਾਰਕੁਨ ਵੀ ਸ਼ਾਮਲ ਹਨ। ਇਹ ਕਾਰਵਾਈ ਆਂਧਰਾ ਪ੍ਰਦੇਸ਼ ਦੇ ਨਕਸਲ ਵਿਰੋਧੀ ਵਿਸ਼ੇਸ਼ ਦਸਤੇ ‘ਗਰੇਅਹਾਊਂਡ’ ਅਤੇ ਉੜੀਸਾ ਪੁਲਿਸ ਵੱਲੋਂ ਸਾਂਝੇ ਤੌਰ ਉਤੇ ਕੀਤੀ ਗਈ।
ਇਸ ਦੌਰਾਨ ਕਈ ਮਾਓਵਾਦੀ ਫਰਾਰ ਵੀ ਹੋ ਗਏ। ਪੁਲਿਸ ਨੇ ਕਿਹਾ ਕਿ ਸ਼ੱਕ ਹੈ ਕਿ ਪਨਾਸਪਤ ਗ੍ਰਾਮ ਪੰਚਾਇਤ ਅਧੀਨ ਬੇਜਿੰਗ ਅਤੇ ਮੁਛੀਪਟਮ ਵਿਚਾਲੇ ਪੈਂਦੇ ਇਸ ਪਹਾੜੀ ਜੰਗਲੀ ਇਲਾਕੇ ਵਿੱਚ ਹੋਏ ਮੁਕਾਬਲੇ ਵਿੱਚ ਮਰਨ ਵਾਲਿਆਂ ਵਿੱਚ ਮਾਓਵਾਦੀਆਂ ਦੇ ਚੋਟੀ ਦੇ ਕਮਾਂਡਰ ਗਜਾਰਲਾ ਰਵੀ ਅਤੇ ਚਲਾਪਤੀ ਸ਼ਾਮਲ ਹਨ।
ਦੋਵਾਂ ਉਤੇ 20-20 ਲੱਖ ਰੁਪਏ ਦਾ ਇਨਾਮ ਹੈ। ਮ੍ਰਿਤਕਾਂ ਵਿੱਚ ਮਾਓਵਾਦੀਆਂ ਦੇ ਚੋਟੀ ਦੇ ਆਗੂ ਰਾਮਾਕ੍ਰਿਸ਼ਨ ਦਾ ਪੁੱਤਰ ਮੁੰਨਾ ਵੀ ਸ਼ਾਮਲ ਹੈ। ਉੜੀਸਾ ਦੇ ਡੀਜੀਪੀ ਕੇਬੀ ਸਿੰਘ ਨੇ ਦੱਸਿਆ ਕਿ ਮੌਕੇ ਤੋਂ 10 ਰਾਈਫਲਾਂ, ਚਾਰ ਏਕੇ-47, ਤਿੰਨ ਐਸਐਲਆਰ, ਕਿੱਟ ਬੈਗ ਅਤੇ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਹੋਇਆ। ਉਨ੍ਹਾਂ ਕਿਹਾ ਕਿ ਗੁਪਤ ਜਾਣਕਾਰੀ ਮਿਲੀ ਸੀ ਕਿ ਆਂਧਰਾ-ਉੜੀਸਾ ਸਰਹੱਦੀ ਵਿਸ਼ੇਸ਼ ਜ਼ੋਨਲ ਕਮੇਟੀ ਦੇ ਮਾਓਵਾਦੀ ਇਸ ਇਲਾਕੇ ਵਿੱਚ ਮੌਜੂਦ ਹਨ। ਉੜੀਸਾ ਦੀਆਂ ਪੁਲਿਸ ਟੀਮਾਂ ਨੇ ਵੀ ਪੁਸ਼ਟੀ ਕੀਤੀ ਕਿ ਇੱਥੇ ਨਕਸਲੀ ਕੈਂਪ ਚਲਦੇ ਹਨ। ਕੇਬੀ ਸਿੰਘ ਨੇ ਦੱਸਿਆ ਕਿ ਇਹ ਇਲਾਕਾ ਦੋ ਰਾਜਾਂ ਦੀ ਸਰਹੱਦ ਉਤੇ ਦੂਰ-ਦੁਰਾਡੇ ਹੋਣ ਕਾਰਨ ਇਸ ਵਿੱਚ ‘ਗਰੇਅਹਾਊਂਡ’ ਦਸਤੇ ਦੀ ਮਦਦ ਲਈ ਗਈ, ਜਿਨ੍ਹਾਂ ਇਸ ਕਾਰਵਾਈ ਦੀ ਅਗਵਾਈ ਕੀਤੀ।
ਇਸ ਦੌਰਾਨ ਐਸਪੀ ਮਹਾਪਾਤਰਾ ਨੇ ਕਿਹਾ ਕਿ ਮਾਓਵਾਦੀਆਂ ਦੀਆਂ ਲਾਸ਼ਾਂ ਨੂੰ ਹੈਲੀਕਾਪਟਰ ਰਾਹੀਂ ਲੈ ਜਾਣ ਦੇ ਪ੍ਰਬੰਧ ਕੀਤੇ ਗਏ ਹਨ। ਫਰਾਰ ਹੋਏ ਮਾਓਵਾਦੀਆਂ ਦੀ ਭਾਲ ਲਈ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲਾਸ਼ਾਂ ਤੇ ਜ਼ਖ਼ਮੀਆਂ ਨੂੰ ਸਿਰਫ਼ ਹੈਲੀਕਾਪਟਰ ਦੀ ਮਦਦ ਨਾਲ ਹੀ ਕੱਢਿਆ ਜਾ ਸਕਦਾ ਹੈ ਕਿਉਂਕਿ ਇਸ ਇਲਾਕੇ ਨੂੰ ਸੜਕੀ ਰਸਤਾ ਸਿਰਫ਼ ਆਂਧਰਾ ਪ੍ਰਦੇਸ਼ ਰਾਹੀਂ ਲਗਦਾ ਹੈ।

RELATED ARTICLES
POPULAR POSTS