ਗੁੰਡਾਗਰਦੀ ਨਾਲ ਦੇਸ਼ ਤਰੱਕੀ ਨਹੀਂ ਕਰ ਸਕਦਾ : ਅਰਵਿੰਦ ਕੇਜਰੀਵਾਲ
ਨਵੀ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ’ਤੇ ਹੋਏ ਹਮਲੇ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਇਸ ਹਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਭਾਜਪਾ ’ਤੇ ਨਿਸ਼ਾਨਾ ਸਾਧਿਆ ਹੈ। ਘਰ ’ਤੇ ਹੋਏ ਹਮਲੇ ਦੀ ਘਟਨਾ ਤੋਂ ਬਾਅਦ ਅੱਜ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਅਹਿਮ ਨਹੀਂ, ਮੈਂ ਬਹੁਤ ਛੋਟਾ ਆਦਮੀ ਹਾਂ, ਦੇਸ਼ ਲਈ ਜਾਨ ਵੀ ਹਾਜ਼ਰ ਹੈ, ਪਰ ਅਜਿਹੀ ਗੁੰਡਾਗਰਦੀ ਨਾਲ ਦੇਸ਼ ਤਰੱਕੀ ਨਹੀਂ ਕਰ ਸਕਦਾ। 21ਵੀਂ ਸਦੀ ਦੇ ਭਾਰਤ ਲਈ ਸਾਨੂੰ ਪਿਆਰ ਨਾਲ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਗੰਦੀ ਰਾਜਨੀਤੀ ਅਤੇ ਗੁੰਡਾਗਰਦੀ ਨੇ ਦੇਸ਼ ਦੇ 75 ਸਾਲ ਬਰਬਾਦ ਕਰ ਦਿੱਤੇ। ਉਨ੍ਹਾਂ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਦੇਸ਼ ਦੀ ਸੱਤਾਧਾਰੀ ਪਾਰਟੀ ਰਾਜਧਾਨੀ ’ਚ ਇਸ ਤਰ੍ਹਾਂ ਗੁੰਡਾਗਰਦੀ ਕਰਦੀ ਹੈ ਤਾਂ ਇਸ ਦਾ ਨੌਜਵਾਨਾਂ ਅੰਦਰ ਕੀ ਸੰਦੇਸ਼ ਜਾਵੇਗਾ। ਧਿਆਨ ਰਹੇ ਕਿ ਲੰਘੇ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ ਸੀ, ਜਿਸ ਦੌਰਾਨ ਸੀਸੀਟੀਵੀ ਕੈਮਰਿਆਂ ਅਤੇ ਸੁਰੱਖਿਆ ਬੈਰੀਕੇਡਾਂ ਦੀ ਭੰਨਤੋੜ ਕੀਤੀ ਗਈ ਸੀ। ਆਮ ਆਦਮੀ ਪਾਰਟੀ ਦਾ ਆਰੋਪ ਸੀ ਇਹ ਹਮਲਾ ਭਾਰਤੀ ਜਨਤਾ ਪਾਰਟੀ ਦੇ ਕਾਰਕੁੰਨਾ ਵੱਲੋਂ ਕੀਤਾ ਗਿਆ ਹੈ।