Breaking News
Home / ਭਾਰਤ / ਚੰਡੀਗੜ੍ਹ ਬਾਰੇ ਮਤੇ ‘ਤੇ ਰਾਜ ਸਭਾ ‘ਚ ਚਰਚਾ ਕਰਵਾਉਣ ਤੋਂ ਭੱਜੀ ਸਰਕਾਰ

ਚੰਡੀਗੜ੍ਹ ਬਾਰੇ ਮਤੇ ‘ਤੇ ਰਾਜ ਸਭਾ ‘ਚ ਚਰਚਾ ਕਰਵਾਉਣ ਤੋਂ ਭੱਜੀ ਸਰਕਾਰ

ਨਾਇਡੂ ਨੇ ਦੀਪੇਂਦਰ ਹੁੱਡਾ ਵੱਲੋਂ ਦਿੱਤਾ ਨੋਟਿਸ ਕੀਤਾ ਅਪ੍ਰਵਾਨ
ਨਵੀਂ ਦਿੱਲੀ : ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕੱਈਆ ਨਾਇਡੂ ਨੇ ਚੰਡੀਗੜ੍ਹ ‘ਤੇ ਦਾਅਵੇਦਾਰੀ ਨੂੰ ਲੈ ਕੇ ਪੰਜਾਬ ਅਸੈਂਬਲੀ ਵਿੱਚ ਪਾਸ ਮਤੇ ‘ਤੇ ਸਦਨ ਵਿੱਚ ਚਰਚਾ ਕਰਵਾਉਣ ਤੋਂ ਨਾਂਹ ਕਰ ਦਿੱਤੀ। ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਨੋਟਿਸ ਦੇ ਕੇ ਸਿਫਰ ਕਾਲ ਦੌਰਾਨ ਇਸ ਮੁੱਦੇ ‘ਤੇ ਚਰਚਾ ਦੀ ਮੰਗ ਕੀਤੀ ਸੀ।
ਨਾਇਡੂ ਨੇ ਕਿਹਾ ਕਿ ਮੈਨੂੰ ਦੀਪੇਂਦਰ ਸਿੰਘ ਹੁੱਡਾ ਵੱਲੋਂ ਨੋਟਿਸ ਪ੍ਰਾਪਤ ਹੋਇਆ ਹੈ, ਜਿਸ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਪੰਜਾਬ ਨੂੰ ਦੇਣ ਸਬੰਧੀ (ਪੰਜਾਬ) ਅਸੈਂਬਲੀ ਵਿੱਚ ਪਾਸ ਮਤੇ ‘ਤੇ ਵਿਚਾਰ ਚਰਚਾ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਮੰਗ ਨੂੰ ਅਸਵੀਕਾਰ ਕੀਤਾ ਜਾਂਦਾ ਹੈ। ਨਾਇਡੂ ਨੇ ਡੀਐੱਮਕੇ ਮੈਂਬਰ ਤਿਰੁਚੀ ਸ਼ਿਵਾ ਤੇ ਕਾਂਗਰਸ ਪਾਰਟੀ ਦੇ ਕੇ.ਸੀ.ਵੇਣੂਗੋਪਾਲ ਵੱਲੋਂ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਕੀਮਤਾਂ ਵਿੱਚ ਵਾਧੇ ਦੇ ਮੁੱਦੇ ‘ਤੇ ਚਰਚਾ ਲਈ ਦਿੱਤੇ ਨੋਟਿਸ ਨੂੰ ਵੀ ਰੱਦ ਕਰ ਦਿੱਤਾ। ਵਿਰੋਧੀ ਧਿਰਾਂ ਵਧਦੀਆਂ ਤੇਲ ਕੀਮਤਾਂ ਦੇ ਮੁੱਦੇ ‘ਤੇ ਨਿਯਮ 267 ਤਹਿਤ ਚਰਚਾ ਕਰਵਾਉਣ ਦੀ ਆਪਣੀ ਮੰਗ ‘ਤੇ ਅੜੀਆਂ ਰਹੀਆਂ। ਮੈਂਬਰਾਂ ਨੇ ਸਦਨ ਦੇ ਐਨ ਵਿਚਾਲੇ ਆ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੁਝ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਰੌਲੇ-ਰੱਪੇ ਕਾਰਨ ਉਨ੍ਹਾਂ ਦੀ ਆਵਾਜ਼ ਦੱਬ ਕੇ ਰਹਿ ਗਈ। ਇਸ ਤੋਂ ਪਹਿਲਾਂ ਛੇ ਨਵੇਂ ਰਾਜ ਸਭਾ ਮੈਂਬਰਾਂ, ਜਿਨ੍ਹਾਂ ਵਿਚੋਂ ਦੋ ਭਾਜਪਾ ਤੇ ਇਕ ਕਾਂਗਰਸ ਦਾ ਹੈ, ਨੇ ਹਲਫ਼ ਲਿਆ।

 

Check Also

ਇੰਡੀਆ ਗੱਠਜੋੜ ਦੇ ਸੱਤਾ ’ਚ ਆਉਣ ’ਤੇ ਗਰੀਬਾਂ ਨੂੰ ਮੁਫਤ ਮਿਲਦਾ ਰਾਸ਼ਨ ਦੁੱਗਣਾ ਕਰ ਦਿਆਂਗੇ : ਖੜਗੇ

ਲਖਨਊ/ਬਿਊਰੋ ਨਿਊਜ਼ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲਖਨਊ ’ਚ ਐਲਾਨ ਕੀਤਾ ਕਿ ਜੇ ਇੰਡੀਆ ਗੱਠਜੋੜ …