ਕੇਂਦਰੀ ਜਾਂਚ ਏਜੰਸੀ ਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਨੇ ਹਾਦਸੇ ਵਾਲੀ ਥਾਂ ਦਾ ਕੀਤਾ ਦੌਰਾ
ਨਵੀਂ ਦਿੱਲੀ : ਭਾਰਤ ਦੀ ਕੇਂਦਰੀ ਜਾਂਚ ਏਜੰਸੀ ਨੇ ਬਾਲਾਸੌਰ (ਉੜੀਸਾ) ਰੇਲ ਹਾਦਸੇ ਪਿਛਲੀ ਕਥਿਤ ਅਪਰਾਧਿਕ ਅਣਗਹਿਲੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਨੇ ਬਾਲਾਸੌਰ ਜੀਆਰਪੀ ਵੱਲੋਂ ਦਰਜ ਐੱਫਆਈਆਰ ਕਬਜ਼ੇ ‘ਚ ਲੈਣ ਮਗਰੋਂ ਨਵੇਂ ਸਿਰੇ ਤੋਂ ਕੇਸ ਦਰਜ ਕਰਕੇ ਜਾਂਚ ਦਾ ਅਮਲ ਆਰੰਭਿਆ ਹੈ। ਪਿਛਲੇ ਦਿਨੀਂ ਵਾਪਰੇ ਇਸ ਸਭ ਤੋਂ ਭਿਆਨਕ ਰੇਲ ਹਾਦਸੇ ਵਿੱਚ 278 ਜਾਨਾਂ ਜਾਂਦੀਆਂ ਰਹੀਆਂ ਸਨ ਤੇ 1100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਅਧਿਕਾਰੀਆਂ ਦੀ ਟੀਮ ਫੋਰੈਂਸਿਕ ਮਾਹਿਰਾਂ ਨੂੰ ਨਾਲ ਲੈ ਕੇ ਉੜੀਸਾ ਦੇ ਬਾਲਾਸੌਰ ਪੁੱਜੀ ਤੇ ਨਵੇਂ ਸਿਰਿਓਂ ਐੱਫਆਈਆਰ ਦਰਜ ਕੀਤੇ ਜਾਣ ਤੋਂ ਫੌਰੀ ਮਗਰੋਂ ਤਫ਼ਤੀਸ਼ ਵਿੱਢ ਦਿੱਤੀ ਗਈ ਹੈ। ਕਾਬਿਲੇਗੌਰ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਇਲੈਕਟ੍ਰੌਨਿਕ ਇੰਟਰਲਾਕਿੰਗ ਸਿਸਟਮ ਨਾਲ ਛੇੜਖਾਨੀ ਤੇ ‘ਸਾਬੋਤਾਜ’ ਦਾ ਖ਼ਦਸ਼ਾ ਪ੍ਰਗਟਾਏ ਜਾਣ ਮਗਰੋਂ ਰੇਲ ਮੰਤਰਾਲੇ ਨੇ ਜਾਂਚ ਸੀਬੀਆਈ ਨੂੰ ਸੌਂਪਣ ਦਾ ਫੈਸਲਾ ਕੀਤਾ ਸੀ।