ਹਾਈਕੋਰਟ ਵੱਲੋਂ ਸੀਬੀਆਈ ਨੂੰ 15 ਦਿਨਾਂ ‘ਚ ਮੁੱਢਲੀ ਜਾਂਚ ਮੁਕੰਮਲ ਕਰਨ ਲਈ ਕਿਹਾ
ਮੁੰਬਈ/ਬਿਊਰੋ ਨਿਊਜ਼
ਮੁੰਬਈ ਦੇ ਸਾਬਕਾ ਪੁਲਿਸ ਮੁਖੀ ਪਰਮਬੀਰ ਸਿੰਘ ਵੱਲੋਂ ਲਾਏ ਭ੍ਰਿਸ਼ਟਾਚਾਰ ਦੇ ਆਰੋਪਾਂ ਕਰਕੇ ਚਾਰੇ ਪਾਸਿਓਂ ਘਿਰੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਚੇਤੇ ਰਹੇ ਕਿ ਅੱਜ ਸਵੇਰੇ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਪਰਮਬੀਰ ਸਿੰਘ ਵੱਲੋਂ ਲਾਏ ਆਰੋਪਾਂ ਦੀ ਮੁੱਢਲੀ ਜਾਂਚ 15 ਦਿਨਾਂ ਅੰਦਰ ਮੁਕੰਮਲ ਕਰਨ ਦੀ ਤਾਕੀਦ ਕੀਤੀ ਸੀ। ਮੁੰਬਈ ਪੁਲਿਸ ਦੇ ਸਾਬਕਾ ਮੁਖੀ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਲਿਖੇ ਇਕ ਪੱਤਰ ਵਿੱਚ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ‘ਤੇ ਜਬਰੀ ਵਸੂਲੀ ਲਈ ਪੁਲਿਸ ਅਧਿਕਾਰੀਆਂ ‘ਤੇ ਦਬਾਅ ਪਾਉਣ ਦਾ ਆਰੋਪ ਲਾਇਆ ਸੀ। ਚੀਫ਼ ਜਸਟਿਸ ਦੀਪਾਂਕਰ ਦੱਤਾ ਤੇ ਜਸਟਿਸ ਗਿਰੀਸ਼ ਕੁਲਕਰਨੀ ਨੇ ਕਿਹਾ ਕਿ ਪਟੀਸ਼ਨਰ ਵੱਲੋਂ ਲਾਏ ਗਏ ਆਰੋਪ ‘ਅਸਧਾਰਨ’ ਤੇ ‘ਨਿਵੇਕਲੇ’ ਹਨ, ਜਿਸ ਦੀ ਨਿਰਪੱਖ ਜਾਂਚ ਕਰਵਾਉਣੀ ਬਣਦੀ ਹੈ। ਜ਼ਿਕਰਯੋਗ ਹੈ ਕਿ ਹੁਣ ਦਲੀਪ ਪਾਟਿਲ ਮਹਾਰਾਸ਼ਟਰ ਦੇ ਨਵੇਂ ਗ੍ਰਹਿ ਮੰਤਰੀ ਹੋਣਗੇ।