1.3 C
Toronto
Friday, November 14, 2025
spot_img
Homeਭਾਰਤਉਤਰਾਖੰਡ 'ਚ ਆਮ ਆਦਮੀ ਪਾਰਟੀ ਜਿੱਤੀ ਤਾਂ ਸਭ ਨੂੰ 300 ਯੂਨਿਟ ਬਿਜਲੀ...

ਉਤਰਾਖੰਡ ‘ਚ ਆਮ ਆਦਮੀ ਪਾਰਟੀ ਜਿੱਤੀ ਤਾਂ ਸਭ ਨੂੰ 300 ਯੂਨਿਟ ਬਿਜਲੀ ਮੁਫ਼ਤ: ਕੇਜਰੀਵਾਲ

ਕਿਹਾ – ਬਿਜਲੀ ਦੇ ਪੁਰਾਣੇ ਬਿੱਲ ਵੀ ਕਰਾਂਗੇ ਮੁਆਫ
ਦੇਹਰਾਦੂਨ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉੱਤਰਾਖੰਡ ਦੀ ਜਨਤਾ ਨੂੰ ਤੀਜਾ ਬਦਲ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਜਲੀ ਨਾਲ ਸਬੰਧਤ ਚਾਰ ਅਹਿਮ ਐਲਾਨ ਕੀਤੇ ਅਤੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਸੂਬੇ ‘ਚ ਸੱਤਾ ‘ਚ ਆਈ ਤਾਂ ਸਭ ਨੂੰ 300 ਯੂਨਿਟ ਬਿਜਲੀ ਅਤੇ ਕਿਸਾਨਾਂ ਨੂੰ ਪੂਰੀ ਬਿਜਲੀ ਮੁਫ਼ਤ ਦਿੱਤੀ ਜਾਵੇਗੀ।
ਆਪਣੇ ਇੱਕ ਰੋਜ਼ਾ ਦੌਰੇ ‘ਤੇ ਦੇਹਰਾਦੂਨ ਪਹੁੰਚੇ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੱਤਾ ‘ਚ ਆਉਣ ‘ਤੇ ਬਿਜਲੀ ਦੇ ਪੁਰਾਣੇ ਬਿੱਲ ਵੀ ਮੁਆਫ਼ ਕਰ ਦੇਵੇਗੀ ਅਤੇ ਸੂਬੇ ‘ਚ 24 ਘੰਟੇ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਲਈ ਉਨ੍ਹਾਂ ਸਾਰਾ ਹਿਸਾਬ ਲਾ ਲਿਆ ਹੈ ਜਿਸ ਤਹਿਤ ਉੱਤਰਾਖੰਡ ਦੇ 50 ਹਜ਼ਾਰ ਕਰੋੜ ਰੁਪਏ ਦੇ ਬਜਟ ‘ਚੋਂ ਉਨ੍ਹਾਂ ਦੇ ਐਲਾਨ ਪੂਰੇ ਕਰਨ ਲਈ 1200 ਕਰੋੜ ਰੁਪਏ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਵੀ ਉਨ੍ਹਾਂ ਦੀ ਸਰਕਾਰ ਅਜਿਹੀ ਹੀ ਯੋਜਨਾ ਚਲਾ ਰਹੀ ਹੈ ਜਿੱਥੇ 60 ਹਜ਼ਾਰ ਕਰੋੜ ਰੁਪਏ ਦੇ ਬਜਟ ‘ਚੋਂ ਪੂਰੀ ਦਿੱਲੀ ਲਈ ਸਿਰਫ਼ 2200 ਕਰੋੜ ਰੁਪਏ ਦੀ ਲੋੜ ਪਵੇਗੀ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉੱਤਰਾਖੰਡ ‘ਚ ਮਾਲੀਆ ਵਧਾਉਣ ਲਈ ਇਮਾਨਦਾਰ ਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਲਿਆਏਗੀ ਜਿਸ ਨਾਲ ਟੈਕਸ ਚੋਰੀ ਨਹੀਂ ਹੋਵੇਗੀ ਤੇ ਆਮਦਨ ਵਧੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਖ਼ਬਰ ਆਈ ਸੀ ਕਿ ਉੱਤਰਾਖੰਡ ਦੇ ਊਰਜਾ ਮੰਤਰੀ ਹਰਕ ਸਿੰਘ ਰਾਵਤ ਨੇ ਪਹਿਲੀਆਂ 100 ਯੂਨਿਟਾਂ ਮੁਫ਼ਤ ਤੇ ਉਸ ਤੋਂ ਬਾਅਦ ਸੌ ਯੂਨਿਟ ਬਿਜਲੀ ਅੱਧੀਆਂ ਦਰਾਂ ‘ਤੇ ਦੇਣ ਦਾ ਐਲਾਨ ਕੀਤਾ ਹੈ ਪਰ ਠੀਕ 24 ਘੰਟੇ ਬਾਅਦ ਇੱਥੋਂ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਅਜਿਹੀ ਕੋਈ ਤਜਵੀਜ਼ ਹੀ ਨਹੀਂ ਹੈ। ਕੇਜਰੀਵਾਲ ਨੇ ਕਿਹਾ ‘ਆਪ’ ਜੋ ਕਹਿੰਦੀ ਹੈ ਉਹ ਕਰ ਕੇ ਦਿਖਾਉਂਦੀ ਹੈ ਅਤੇ ਜੁਮਲੇਬਾਜ਼ੀ ਨਹੀਂ ਕਰਦੀ।
ਉਨ੍ਹਾਂ ਦੋਸ਼ ਲਾਇਆ ਕਿ ਉੱਤਰਾਖੰਡ ‘ਚ ਭਾਜਪਾ ਤੇ ਕਾਂਗਰਸ ਦੋਵਾਂ ਨੇ ਮਿਲ ਕੇ ਸੂਬੇ ਨੂੰ ਬਰਬਾਦੀ ਤੱਕ ਪਹੁੰਚਾ ਦਿੱਤਾ ਹੈ ਅਤੇ ਜਨਤਾ ਚੱਕੀ ਦੇ ਇਨ੍ਹਾਂ ਦੋ ਪੁੜਾਂ ਵਿਚਾਲੇ ਪਿਸ ਰਹੀ ਹੈ। ਮਹਿੰਗਾਈ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਆਮ ਆਦਮੀ ਲਈ ਪਰਿਵਾਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ ਅਤੇ ਇਸ ਤੋਂ ਮਹਿਲਾਵਾਂ ਸਭ ਤੋਂ ਵੱਧ ਦੁਖੀ ਹਨ।

 

 

RELATED ARTICLES
POPULAR POSTS