ਟੋਰਾਂਟੋ/ਬਿਊਰੋ ਨਿਊਜ਼ : ਸੋਮਵਾਰ ਸ਼ਾਮ ਨੂੰ ਫਾਇਰ ਪਿੱਟ ਕਾਰਨ ਵਾਪਰੇ ਹਾਦਸੇ ਕਰਕੇ ਦੋ ਬਾਲਗ ਤੇ ਤਿੰਨ ਬੱਚੇ ਝੁਲਸ ਗਏ। ਐਲਗਿਨ ਓਪੀਪੀ ਤੇ ਓਨਟਾਰੀਓ ਫਾਇਰ ਮਾਰਸ਼ਲ ਵੱਲੱ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਾਮੀਂ 6:50 ਦੇ ਨੇੜੇ ਤੇੜੇ ਏਲਮਰ, ਓਨਟਾਰੀਓ ਦੇ ਬੇਅਹੈਮ ਟਾਊਨਸ਼ਿਪ ਵਿੱਚ ਵਿਏਨਾ ਲਾਈਨ ਉੱਤੇ ਸਥਿਤ ਘਰ ਵਿੱਚ ਵਾਪਰੇ ਹਾਦਸੇ ਦੀ ਰਿਪੋਰਟ ਦੇ ਕੇ ਐਮਰਜੰਸੀ ਅਮਲੇ ਨੂੰ ਸੱਦਿਆ ਗਿਆ। ਸੱਤ ਸਾਲਾ ਬੱਚੀ, ਚਾਰ ਸਾਲਾ ਲੜਕੇ ਤੇ ਇੱਕ ਸਾਲਾ ਬੱਚੀ ਨੂੰ ਬੁਰੀ ਤਰ੍ਹਾਂ ਝੁਲਸੀ ਹੋਈ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਇੱਕ 33 ਸਾਲਾ ਵਿਅਕਤੀ ਤੇ 28 ਸਾਲਾ ਮਹਿਲਾ ਨੂੰ ਵੀ ਝੁਲਸੀ ਹੋਈ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਓਪੀਪੀ ਕਾਂਸਟੇਬਲ ਟਰੌਏ ਕਾਰਲਸਨ ਦਾ ਕਹਿਣਾ ਹੈ ਕਿ ਪੰਜੇ ਵਿਅਕਤੀ ਅਜੇ ਵੀ ਹਸਪਤਾਲ ਹੀ ਦਾਖਲ ਹਨ ਤੇ ਉਹ ਗੰਭੀਰ ਰੂਪ ਵਿੱਚ ਝੁਲਸੇ ਹੋਏ ਦੱਸੇ ਜਾਂਦੇ ਹਨ। ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਪੰਜੇ ਵਿਅਕਤੀ ਇੱਕ ਘਰ ਨਾਲ ਸਬੰਧਤ ਹਨ ਪਰ ਉਨ੍ਹਾਂ ਦੇ ਨਾਂਵਾਂ ਦਾ ਰਸਮੀ ਤੌਰ ਉੱਤੇ ਕੋਈ ਐਲਾਨ ਨਹੀਂ ਕੀਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।