ਕੋਟਫੱਤਾ ਦੀ ਅਵਾਜ਼ ਸ਼ਿਕਾਇਤ ਕਰਤਾ ਵੱਲੋਂ ਵਿਜੀਲੈਂਸ ਨੂੰ ਸੌਂਪੇ ਗਏ ਨਮੂਨੇ ਨਾਲ ਕੀਤੀ ਮੈਚ
ਚੰਡੀਗੜ੍ਹ/ਬਿਊਰੋ ਨਿਊਜ਼ : ਵਿਕਾਸ ਫੰਡ ਜਾਰੀ ਕਰਨ ਬਦਲੇ ਰਿਸ਼ਵਤ ਲੈਣ ਦੇ ਆਰੋਪ ਵਿਚ ਗਿ੍ਰਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਵਿਧਾਇਕ ਅਮਿਤ ਰਤਨ ਕੋਟਫੱਤਾ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ। ਕਿਉਂਕਿ ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਅਵਾਜ਼ ਸ਼ਿਕਾਇਤਕਰਤਾ ਵੱਲੋਂ ਵਿਜੀਲੈਂਸ ਨੂੰ ਸੌਂਪੀ ਗਈ ਰਿਕਾਰਡਿੰਗ ਨਾਲ ਮੈਚ ਕਰਦਾ ਹੋਇਆ ਪਾਇਆ ਗਿਆ ਹੈ। ਇਸ ਦੀ ਪੁਸ਼ਟੀ ਫੋਰੈਂਸਿਕ ਲੈਬ ਮੋਹਾਲੀ ਨੇ ਵਿਜੀਲੈਂਸ ਰੇਂਜ ਬਠਿੰਡਾ ਨੂੰ ਭੇਜੇ ਗਏ ਇਕ ਪੱਤਰ ਵਿਚ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਜਮਾਨਤ ਲਈ 22 ਮਈ ਨੂੰ ਹੋਣ ਵਾਲੀ ਸੁਣਵਾਈ ਮੌਕੇ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਫੋਰੈਂਸਿਕ ਲੈਬੀ ਵੱਲੋਂ ਭੇਜੀ ਗਈ ਇਸ ਰਿਪੋਰਟ ਨੂੰ ਕੋਰਟ ਵਿਚ ਪੇਸ਼ ਕਰ ਸਕਦੇ ਹਨ। ਜਿਸ ਤੋਂ ਬਾਅਦ ਪਟਿਆਲਾ ਜੇਲ੍ਹ ’ਚ ਬੰਦ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਹੋ ਸਕਦਾ ਹੈ। ਜਦਕਿ ਇਸ ਤੋਂ ਪਹਿਲਾਂ ਵਿਧਾਇਕ ਵੱਲੋਂ ਜਾਣਬੱਝ ਕੇ ਉਨ੍ਹਾਂ ਨੂੰ ਫਸਾਉਣ ਦੀ ਗੱਲ ਆਖੀ ਜਾ ਰਹੀ ਸੀ ਪ੍ਰੰਤੂ ਸ਼ਿਕਾਇਤਕਰਤਾ ਵੱਲੋਂ ਸੌਂਪੀ ਗਈ ਰਿਕਾਰਡਿੰਗ ਵਿਚ ਵਿਧਾਇਕ ਪੈਸਿਆਂ ਦੇ ਲੈਣ-ਦੇਣ ਦੀ ਗੱਲ ਕਰਦੇ ਹੋਈ ਸੁਣਾਈ ਦੇ ਰਹੇ ਹਨ, ਜਿਸ ਦੇ ਚਲਦਿਆਂ ਵਿਜੀਲੈਂਸ ਵੱਲੋਂ ਲਗਾਤਾਰ ’ਤੇ ਕੋਟਫੱਤਾ ’ਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ ਅਤੇ ਅਵਾਜ਼ ਦੇ ਨਮੂਨੇ ਦੀ ਰਿਪੋਰਟ ਸਬੂਤ ਵਜੋਂ ਅਦਾਲਤ ਵਿਚ ਕਾਫ਼ੀ ਅਹਿਮ ਮੰਨੀ ਜਾਵੇਗੀ, ਜਿਸ ਤੋਂ ਬਾਅਦ ਕੋਟਫੱਤਾ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ।