Breaking News
Home / ਭਾਰਤ / ਪ੍ਰਧਾਨ ਮੰਤਰੀ ਮੋਦੀ ਵੱਲੋਂ 41,000 ਕਰੋੜ ਰੁਪਏ ਦੇ ਰੇਲ ਪ੍ਰਾਜੈਕਟਾਂ ਦਾ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਵੱਲੋਂ 41,000 ਕਰੋੜ ਰੁਪਏ ਦੇ ਰੇਲ ਪ੍ਰਾਜੈਕਟਾਂ ਦਾ ਉਦਘਾਟਨ

ਪ੍ਰਾਜੈਕਟ ‘ਚ ਪੰਜਾਬ ਦੇ ਤਿੰਨ ਸਟੇਸ਼ਨ- ਬਿਆਸ ਜੰਕਸ਼ਨ, ਜਲੰਧਰ ਸਿਟੀ ਜੰਕਸ਼ਨ ਅਤੇ ਮੋਗਾ ਵੀ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ 41,000 ਕਰੋੜ ਰੁਪਏ ਦੀ ਲਾਗਤ ਵਾਲੇ ਰੇਲਵੇ ਪ੍ਰਾਜਕੈਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਅਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ 553 ਸਟੇਸ਼ਨਾਂ ਦੇ ਨਵੀਨੀਕਰਨ ਲਈ ਨੀਂਹ ਪੱਥਰ ਵੀ ਰੱਖਿਆ। ਰੇਲਵੇ ਪ੍ਰਾਜੈਕਟਾਂ ਦੇ ਉਦਘਾਟਨ/ਨੀਂਹ ਪੱਥਰਾਂ ਲਈ ਰੱਖੇ ਵਰਚੁਅਲ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਤੀਜਾ ਕਾਰਜਕਾਲ ਜੂਨ ਵਿਚ ਸ਼ੁਰੂ ਹੋਵੇਗਾ ਪਰ ਜਿਸ ਪੱਧਰ ‘ਤੇ ਅਤੇ ਰਫ਼ਤਾਰ ਨਾਲ ਇਹ ਨਵੇਂ ਪ੍ਰਾਜੈਕਟ ਸ਼ੁਰੂ ਹੋਏ ਹਨ ਉਹ ਬੇਮਿਸਾਲ ਹਨ ਤੇ ਉਸ ਨੇ ਸਾਰਿਆਂ ਨੂੰ ਚੱਕਰ ਵਿਚ ਪਾ ਦਿੱਤਾ ਹੈ।
ਦੱਸ ਦੇਈਏ ਕਿ ਅਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਹੁਣ ਤੱਕ 1318 ਸਟੇਸ਼ਨਾਂ ਦੀ ਚੋਣ ਕੀਤੀ ਗਈ ਹੈ। ਸ਼ੁਰੂਆਤ ਵਿਚ ਇਨ੍ਹਾਂ ਵਿਚੋਂ 553 ਰੇਲਵੇ ਸਟੇਸ਼ਨਾਂ ਦਾ 19,000 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾਣਾ ਹੈ। ਇਨ੍ਹਾਂ ਵਿਚ ਪੰਜਾਬ ਦੇ ਤਿੰਨ ਸਟੇਸ਼ਨ- ਬਿਆਸ ਜੰਕਸ਼ਨ, ਜਲੰਧਰ ਸਿਟੀ ਜੰਕਸ਼ਨ ਤੇ ਮੋਗਾ ਵੀ ਸ਼ਾਮਲ ਹਨ।
ਮੋਦੀ ਨੇ ਅਗਾਮੀ ਲੋਕ ਸਭਾ ਚੋਣਾਂ ਮਗਰੋਂ ਲਗਾਤਾਰ ਤੀਜੀ ਵਾਰ ਸੱਤਾ ਵਿਚ ਆਉਣ ਦਾ ਭਰੋਸਾ ਜ਼ਾਹਿਰ ਕਰਦਿਆਂ ਕਿਹਾ ਕਿ ਸ਼ੁਰੂ ਕੀਤੇ ਪ੍ਰਾਜੈਕਟ ਭਾਰਤ ਦੇ ਨਵੇਂ ਕੰਮ ਸਭਿਆਚਾਰ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ, ”ਭਾਰਤ ਅੱਜ ਜੋ ਕੁਝ ਕਰ ਰਿਹਾ ਹੈ ਉਹ ਬੇਮਿਸਾਲ ਰਫ਼ਤਾਰ ਅਤੇ ਪੱਧਰ ‘ਤੇ ਹੋ ਰਿਹਾ ਹੈ। ਅਸੀਂ ਵੱਡੇ ਸੁਪਨੇ ਲੈਂਦੇ ਹਾਂ ਤੇ ਇਨ੍ਹਾਂ ਨੂੰ ਹਕੀਕੀ ਰੂਪ ਦੇਣ ਲਈ ਅਣਥੱਕ ਮਿਹਨਤ ਕਰਦੇ ਹਾਂ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਤ ਭਾਰਤ ਨੌਜਵਾਨਾਂ ਦੇ ਸੁਪਨਿਆਂ ਦਾ ਭਾਰਤ ਹੈ ਤੇ ਉਨ੍ਹਾਂ (ਨੌਜਵਾਨਾਂ) ਨੂੰ ਇਹ ਫੈਸਲਾ ਕਰਨ ਦਾ ਪੂਰਾ ਅਧਿਕਾਰ ਹੈ ਕਿ ਭਵਿੱਖ ਵਿਚ ਦੇਸ਼ ਕਿਵੇਂ ਆਕਾਰ ਲਏਗਾ।
ਅਮ੍ਰਿਤ ਭਾਰਤ ਸਕੀਮ ਤਹਿਤ ਚੁਣੇ ਸਟੇਸ਼ਨਾਂ ਨੂੰ ਸਿਟੀ ਸੈਂਟਰ ਵਜੋਂ ਡਿਜ਼ਾਈਨ ਕੀਤਾ ਜਾਵੇਗਾ ਜਿੱਥੇ ਫੂਡ ਕੋਰਟ, ਬੱਚਿਆਂ ਦੇ ਖੇਡਣ ਲਈ ਥਾਂ ਤੇ ਮੌਲ ਜਿਹੀਆਂ ਹੋਰ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ, ”ਭਾਰਤੀ ਰੇਲਵੇ ਪਹਿਲਾਂ ਸਿਆਸਤ ਦਾ ਸ਼ਿਕਾਰ ਸੀ ਪਰ ਹੁਣ ਇਹ ਯਾਤਰਾ ਦੀ ਸੌਖ ਦਾ ਮੁੱਖ ਆਧਾਰ ਹੈ ਤੇ ਰੁਜ਼ਗਾਰ ਦਾ ਵੱਡਾ ਵਸੀਲਾ ਹੈ।” ਮੋਦੀ ਨੇ ਲੋਕਾਂ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਜੇਕਰ ਘੁਟਾਲਿਆਂ ਕਾਰਨ ਮਾਲੀਆ ਲੀਕ ਹੁੰਦਾ ਹੈ ਤਾਂ ਦੇਸ਼ ਦੇ ਵਧਦੇ ਅਰਥਚਾਰੇ ਕਾਰਨ ਬਜਟ ਵਿਚ ਵਾਧੇ ਦਾ ਜ਼ਮੀਨ ‘ਤੇ ਕੋਈ ਅਸਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਰੇਲਵੇ ਵਿਚ ਵਿੱਤੀ ਘਾਟਾ ਆਮ ਗੱਲ ਸੀ ਪਰ ਕੌਮੀ ਟਰਾਂਸਪੋਰਟਰ ਹੁਣ ਨਵੀਨੀਕਰਨ ਦੀ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਅਗਾਮੀ ਅਮ੍ਰਿਤ ਭਾਰਤ ਸਟੇਸ਼ਨ ਵਿਕਾਸ ਤੇ ਵਿਰਾਸਤ ਦੇ ਪ੍ਰਤੀਕ ਹੋਣਗੇ।
ਉਨ੍ਹਾਂ ਕਿਹਾ ਕਿ ਉੜੀਸਾ ਵਿਚ ਬਾਲਾਸੌਰ ਸਟੇਸ਼ਨ ਨੂੰ ਪੁਰੀ ਦੇ ਜਗਨਨਾਥ ਮੰਦਰ ਦੇ ਥੀਮ ‘ਤੇ ਡਿਜ਼ਾਈਨ ਕੀਤਾ ਗਿਆ ਹੈ। ਸਿੱਕਿਮ ਦੇ ਰੰਗਪੁਰ ਸਟੇਸ਼ਨ ‘ਚੋਂ ਸਥਾਨਕ ਵਸਤੂ ਕਲਾ ਦੀ ਝਲਕ ਮਿਲਦੀ ਹੈ, ਰਾਜਸਥਾਨ ਦਾ ਸੈਂਗਰ 16ਵੀਂ ਸਦੀ ਦੀ ਹੈਂਡ-ਬਲਾਕ ਪ੍ਰਿੰਟਿੰਗ ਤੇ ਤਾਮਿਲ ਨਾਡੂ ਦਾ ਕੁੰਬਾਕੋਨਮ ਸਟੇਸ਼ਨ ਚੋਲਾ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ।

Check Also

ਰਾਹੁਲ ਗਾਂਧੀ ਰਾਏਬਰੇਲੀ ਤੋਂ ਲੜਨਗੇ  ਚੋਣ

ਪਿ੍ਰਅੰਕਾ ਗਾਂਧੀ ਨੇ ਚੋਣ ਲੜਨ ਤੋਂ ਵੱਟਿਆ ਪਾਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੇ ਸੀਨੀਅਰ …