ਦੀਵਾਲੀ ਤੋਂ ਅਗਲੇ ਦਿਨ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ‘ਖ਼ਰਾਬ’ ਰਹੀ। ਇਸੇ ਦੌਰਾਨ ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਦੇ ਪੰਜ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਵਿੱਚ ਇਸ ਸਾਲ ਦੀਵਾਲੀ ਦੇ ਦਿਨਾਂ ਦੌਰਾਨ ਏਕਿਊਆਈ ਦਾ ਪੱਧਰ 2022 ਅਤੇ 2021 ਦੇ ਇਸੇ ਸਮੇਂ ਦੇ ਮੁਕਾਬਲੇ ਘੱਟ ਦਰਜ ਕੀਤਾ ਗਿਆ ਹੈ। ਇਸ ਦੀਵਾਲੀ ‘ਤੇ ਪੰਜਾਬ ਦਾ ਏਕਿਊਆਈ 207 ਸੀ ਜਦੋਂ ਕਿ 2022 ਵਿੱਚ ਇਹ 224 ਅਤੇ 2021 ਵਿੱਚ 268 ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਾਲ ਸਭ ਤੋਂ ਵੱਧ ਏਕਿਊਆਈ ਅੰਮ੍ਰਿਤਸਰ (235) ਵਿੱਚ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਵੀ ਸਭ ਤੋਂ ਵੱਧ ਏਕਿਊਆਈ ਅੰਮ੍ਰਿਤਸਰ (262) ‘ਚ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਸਾਲ 2021 ਵਿੱਚ ਸਭ ਤੋਂ ਵੱਧ ਏਕਿਊਆਈ ਜਲੰਧਰ 327 (ਬਹੁਤ ਖ਼ਰਾਬ) ਵਿੱਚ ਦਰਜ ਕੀਤਾ ਗਿਆ ਸੀ। ਇਸ ਸਾਲ ਸਭ ਤੋਂ ਘੱਟ ਏਕਿਊਆਈ ਮੰਡੀ ਗੋਬਿੰਦਗੜ੍ਹ (153) ਵਿੱਚ ਦਰਜ ਕੀਤਾ ਗਿਆ ਹੈ। ਬੀਤੇ ਦੋ ਸਾਲਾਂ 2022 ਅਤੇ 2021 ਵਿੱਚ ਇੱਥੇ ਇਹ ਕ੍ਰਮਵਾਰ 188 ਅਤੇ 220 ਦਰਜ ਕੀਤਾ ਗਿਆ ਸੀ। ਇਸ ਸਾਲ ਏਕਿਊਆਈ ਵਿੱਚ ਸਭ ਤੋਂ ਵੱਧ ਕਮੀ ਮੰਡੀ ਗੋਬਿੰਦਗੜ੍ਹ (18.6 ਫ਼ੀਸਦੀ) ਵਿੱਚ ਦਰਜ ਕੀਤੀ ਗਈ ਹੈ। ਉਧਰ ਹਰਿਆਣਾ ਦੇ ਕਈ ਹਿੱਸਿਆਂ ਵਿਚ ਵੀ ਹਵਾ ਦੀ ਗੁਣਵੱਤਾ ‘ਖਰਾਬ’ ਤੋਂ ‘ਬਹੁਤ ਖ਼ਰਾਬ’ ਰਹੀ। ਹਰਿਆਣਾ ਦੇ ਫਰੀਦਾਬਾਦ ਵਿਚਲੇ ਬੱਲਬਗੜ੍ਹ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 275, ਗੁਰੂਗ੍ਰਾਮ ਵਿੱਚ 351, ਜੀਂਦ ਵਿੱਚ 270, ਕੁਰੂਕਸ਼ੇਤਰ ਵਿੱਚ 263 ਅਤੇ ਪੰਚਕੂਲਾ ਵਿੱਚ 183 ਦਰਜ ਕੀਤਾ ਗਿਆ ਸੀ।