ਕਿਸਾਨੀ ਮੁੱਦਿਆਂ ’ਤੇ ਹੋਈ ਡੰੂਘੀ ਚਰਚਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਅੱਜ ਨਵੇਂ ਮੰਤਰੀ ਮੰਡਲ ਦੀ ਬੈਠਕ ਹੋਈ। ਇਸ ਮੀਟਿੰਗ ਦੌਰਾਨ ਕਿਸਾਨਾਂ ਨਾਲ ਇੱਕਜੁੱਟਤਾ ਪ੍ਰਗਟ ਕੀਤੀ ਗਈ ਅਤੇ ਜ਼ਿਆਦਾਤਰ ਕਿਸਾਨੀ ਮੁੱਦਿਆਂ ਬਾਰੇ ਹੀ ਚਰਚਾ ਕੀਤੀ ਗਈ। ਹੁਣ ਕੈਬਨਿਟ ਦੀ ਮੀਟਿੰਗ 1 ਅਕਤੂਬਰ ਨੂੰ ਹੋਵੇਗੀ। ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮ ਹਦਾਇਤ ਕੀਤੀ ਹੈ ਕਿ ਉਹ ਪਿੰਡਾਂ ਦੇ ਸਰਪੰਚਾਂ ਤੇ ਕੌਂਸਲਰਾਂ ਦੇ ਆਈਕਾਰਡ ਬਣਾਉਣ, ਜਿਨ੍ਹਾਂ ਨਾਲ ਉਹ ਸਰਕਾਰੀ ਦਫ਼ਤਰਾਂ ਤੇ ਸਿਵਲ ਸਕੱਤਰੇਤ ਚੰਡੀਗੜ੍ਹ ਦੇ ਦਫ਼ਤਰ ਵਿਚ ਐਂਟਰੀ ਲੈ ਸਕਣਗੇ। ਧਿਆਨ ਰਹੇ ਕਿ ਪਹਿਲਾਂ ਸਿਰਫ਼ ਵੱਡੇ ਅਧਿਕਾਰੀਆਂ ਅਤੇ ਵੀਆਈਪੀਜ਼ ਤੇ ਸਕੱਤਰੇਤ ਦੇ ਮੁਲਾਜ਼ਮਾਂ ਦੀ ਐਂਟਰੀ ਹੀ ਸਿਵਲ ਸਕੱਤਰੇਤ ਵਿਚ ਹੁੰਦੀ ਹੈ। ਮੀਟਿੰਗ ਸ਼ੁਰੂ ਹੋਣ ਵੇਲੇ ਮੁੱਖ ਮੰਤਰੀ ਨੇ ਸਾਰੇ ਨਵੇਂ ਕੈਬਨਿਟ ਸਹਿਯੋਗੀਆਂ ਅਤੇ ਅਧਿਕਾਰੀਆਂ ਦਾ ਸਵਾਗਤ ਕੀਤਾ। ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ ਅਤੇ ਹਰ ਪੰਜਾਬੀ ਲਈ ਖੁਸ਼ਹਾਲੀ ਅਤੇ ਖੁਸ਼ਹਾਲੀ ਪ੍ਰਾਪਤ ਕਰਨ ਲਈ ਇੱਕ ਰੋਡ ਮੈਪ ਤਿਆਰ ਕਰਨ ਦੀ ਜ਼ਰੂਰਤ ਹੈ।