ਮੁੜ ਪ੍ਰਧਾਨਗੀ ਹਾਸਲ ਕਰਨ ਲਈ ਕਾਂਗਰਸ ਹਾਈ ਕਮਾਂਡ ‘ਤੇ ਬਣਾ ਰਹੇ ਨੇ ਦਬਾਅ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਵਜੋਤ ਸਿੱਧੂ ਤੋਂ ਅਸਤੀਫ਼ਾ ਲੈ ਲਿਆ ਸੀ, ਜਿਸ ਤੋਂ ਬਾਅਦ ਨਵਜੋਤ ਸਿੱਧੂ ਨੇ ਪਾਰਟੀ ਸਬੰਧੀ ਬਿਲਕੁਲ ਚੁੱਪੀ ਧਾਰੀ ਹੋਈ ਸੀ ਪ੍ਰੰਤੂ ਉਹ ਹੁਣ ਮੌਜੂਦਾ ਤੇ ਸਾਬਕਾ ਵਿਧਾਇਕਾਂ ਨਾਲ ਮੀਟਿੰਗਾਂ ਜ਼ਰੂਰ ਕਰ ਰਹੇ ਹਨ। ਮੰਗਲਵਾਰ ਨੂੰ ਨਵਜੋਤ ਸਿੱਧੂ ਨੇ ਲੁਧਿਆਣਾ ‘ਚ ਕਾਂਗਰਸ ਦੇ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਮੀਟਿੰਗ ਕੀਤੀ। ਇਸ ਮੀਟਿੰਗ ‘ਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸ਼ੇਰ ਸਿੰਘ ਘੁਬਾਇਆ, ਸੁਰਿੰਦਰ ਡਾਬਰ, ਪਿਰਮਲ ਸਿੰਘ, ਮਹਿੰਦਰ ਸਿੰਘ ਕੇਪੀ ਸਮੇਤ ਵੱਡੀ ਗਿਣਤੀ ਆਗੂ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਮੀਟਿੰਗ ਨੂੰ ਕਿਸੇ ਧੜੇ ਨਾਲ ਜੋੜ ਕੇ ਨਾ ਦੇਖਿਆ ਜਾਵੇ। ਉਨ੍ਹਾਂ ਕਿਹਾ ਸਿੱਧੂ ਨੇ ਅਸਤੀਫ਼ਾ ਦਿੱਤਾ ਹੋਇਆ ਹੈ ਪ੍ਰੰਤੂ ਕਾਂਗਰਸ ਹਾਈ ਕਮਾਂਡ ਨੇ ਫਿਲਹਾਲ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ। ਜਿਸ ਦੇ ਚਲਦਿਆਂ ਉਹ ਹਾਲੇ ਵੀ ਪਾਰਟੀ ਪ੍ਰਧਾਨ ਹਨ ਜਿਸ ਕਰਕੇ ਉਨ੍ਹਾਂ ਵੱਲੋਂ ਇਹ ਮੀਟਿੰਗ ਸੱਦੀ ਗਈ ਸੀ। ਮੀਟਿੰਗ ਦੌਰਾਨ ਚੰਡੀਗੜ੍ਹ ‘ਚ ਕੇਂਦਰੀ ਨਿਯਮ ਲਾਗੂ ਕਰਨ ਸਮੇਤ ਹੋਰ ਕਈ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਚੋਣ ਲੜੇ ਨਵਤੇਜ ਸਿੰਘ ਚੀਮਾ ਦੇ ਗ੍ਰਹਿ ਵਿਖੇ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ ਸੀ। ਰਾਜਨੀਤੀ ਮਾਹਿਰਾਂ ਦਾ ਇਹ ਮੰਨਣਾ ਹੈ ਸਿੱਧੂ ਵੱਲੋਂ ਇਹ ਮੀਟਿੰਗਾਂ ਮੁੜ ਪ੍ਰਧਾਨਗੀ ਹਾਸਲ ਕਰਨ ਲਈ ਕਾਂਗਰਸ ਹਾਈ ਕਮਾਂਡ ‘ਤੇ ਦਬਾਅ ਬਣਾਉਣ ਲਈ ਕੀਤੀਆਂ ਜਾ ਰਹੀਆਂ ਹਨ।
ਇਸ ਮੀਟਿੰਗ ਵਿਚ ਮਹਿੰਦਰ ਸਿੰਘ ਕੇ.ਪੀ. ਜਲੰਧਰ, ਅਸ਼ਵਨੀ ਸੇਖੜੀ ਬਟਾਲਾ, ਬਲਵਿੰਦਰ ਸਿੰਘ ਧਾਲੀਵਾਲ ਫਗਵਾੜਾ, ਨਵਤੇਜ ਸਿੰਘ ਚੀਮਾ ਸਾਬਕਾ ਵਿਧਾਇਕ ਸੁਲਤਾਨਪੁਰ ਲੋਧੀ, ਕਮਲਜੀਤ ਸਿੰਘ ਬਰਾੜ ਬਾਘਾਪੁਰਾਣਾ, ਸਾਬਕਾ ਵਿਧਾਇਕ ਸੁਨੀਲ ਦੱਤੀ ਅੰਮ੍ਰਿਤਸਰ, ਸਾਬਕਾ ਸੰਸਦ ਮੈਂਬਰ ਡਾ. ਮੋਹਨ ਸਿੰਘ ਫਲੀਆਂਵਾਲਾ, ਅਜੈਪਾਲ ਸਿੰਘ ਕੋਟਕਪੂਰਾ, ਜਗਵਿੰਦਰ ਪਾਲ ਸਿੰਘ ਜੱਗਾ ਮਜੀਠਾ, ਪਿਰਮਲ ਸਿੰਘ ਧਨੌਲਾ ਭਦੌੜ, ਦਵਿੰਦਰ ਸਿੰਘ ਘੁਬਾਇਆ ਫਾਜ਼ਿਲਕਾ, ਸੁਖਵਿੰਦਰ ਸਿੰਘ ਜੰਡਿਆਲਾ ਗੁਰੂ, ਨਾਜ਼ਰ ਸਿੰਘ ਮਾਨਸ਼ਾਹੀਆ, ਹਰਵਿੰਦਰ ਸਿੰਘ ਲਾਡੀ ਬਠਿੰਡਾ ਦਿਹਾਤੀ, ਆਸ਼ੂ ਬੰਗੜ ਫਿਰੋਜ਼ਪੁਰ ਦਿਹਾਤੀ, ਰੁਪਿੰਦਰ ਕੌਰ ਰੂਬੀ ਮਲੋਟ, ਸੁਰਜੀਤ ਸਿੰਘ ਧੀਮਾਨ ਅਮਰਗੜ੍ਹ, ਜਗਦੇਵ ਸਿੰਘ ਕਮਾਲੂ ਅਮਰੀਕ ਸਿੰਘ ਢਿੱਲੋਂ ਸਮਰਾਲਾ, ਹਰਮਿੰਦਰ ਸਿੰਘ ਗਿੱਲ ਪੱਟੀ, ਸੁਰਿੰਦਰ ਡਾਬਰ ਲੁਧਿਆਣਾ ਕੇਂਦਰੀ, ਸ਼ੇਰ ਸਿੰਘ ਘੁਬਾਇਆ, ਨਿਰਮਲ ਸਿੰਘ ਸ਼ੁਤਰਾਣਾ ਅਤੇ ਤਰਲੋਚਨ ਸੂੰਢ ਬੰਗਾ ਨੇ ਵੀ ਸ਼ਮੂਲੀਅਤ ਕੀਤੀ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …