Breaking News
Home / ਪੰਜਾਬ / ਸ਼੍ਰੋਮਣੀ ਕਮੇਟੀ ਵੱਲੋਂ 988 ਕਰੋੜ ਰੁਪਏ ਤੋਂ ਵੱਧ ਦਾ ਬਜਟ ਪਾਸ

ਸ਼੍ਰੋਮਣੀ ਕਮੇਟੀ ਵੱਲੋਂ 988 ਕਰੋੜ ਰੁਪਏ ਤੋਂ ਵੱਧ ਦਾ ਬਜਟ ਪਾਸ

ਆਮਦਨ ਨਾਲੋਂ ਖਰਚੇ ਲਗਪਗ 29.70 ਕਰੋੜ ਰੁਪਏ ਵੱਧ ਹੋਣ ਦੀ ਸੰਭਾਵਨਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿੱਤੀ ਵਰ੍ਹੇ 2022-23 ਵਾਸਤੇ 988 ਕਰੋੜ 15 ਲੱਖ 53,780 ਰੁਪਏ ਦਾ ਅਨੁਮਾਨਿਤ ਬਜਟ ਪਾਸ ਕੀਤਾ ਹੈ ਜੋ ਲਗਪਗ 29 ਕਰੋੜ 70 ਲੱਖ ਰੁਪਏ ਘਾਟੇ ਦਾ ਬਜਟ ਹੈ। ਇਸ ਦੌਰਾਨ ਵਿਰੋਧੀ ਧਿਰ ਨਾਲ ਸਬੰਧਤ ਕੁਝ ਸ਼੍ਰੋਮਣੀ ਕਮੇਟੀ ਮੈਂਬਰ ਬਜਟ ਤੋਂ ਪਹਿਲਾਂ ਬੋਲਣ ਦੀ ਮੰਗ ਪੂਰੀ ਨਾ ਹੋਣ ‘ਤੇ ਬਜਟ ਇਜਲਾਸ ਦਾ ਬਾਈਕਾਟ ਕਰ ਕੇ ਚਲੇ ਗਏ। ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸਾਲਾਨਾ ਬਜਟ ਲਈ ਸੱਦੇ ਗਏ ਜਨਰਲ ਇਜਲਾਸ ਵਿੱਚ ਸ਼੍ਰੋਮਣੀ ਕਮੇਟੀ ਦੇ ਲਗਪਗ 101 ਮੈਂਬਰ ਹਾਜ਼ਰ ਸਨ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਬਜਟ ਮੈਂਬਰਾਂ ਅੱਗੇ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਵਿੱਤੀ ਵਰ੍ਹੇ 2022-23 ਦੌਰਾਨ ਸ਼੍ਰੋਮਣੀ ਕਮੇਟੀ ਨੂੰ ਧਰਮ ਪ੍ਰਚਾਰ ਕਮੇਟੀ, ਸੈਕਸ਼ਨ 85 ਹੇਠ ਆਉਂਦੇ ਗੁਰਦੁਆਰੇ, ਵਿੱਦਿਅਕ ਅਦਾਰਿਆਂ, ਜਨਰਲ ਬੋਰਡ ਫੰਡ, ਪ੍ਰਿੰਟਿੰਗ ਪ੍ਰੈੱਸਾਂ ਆਦਿ ਤੋਂ 958 ਕਰੋੜ 45 ਲੱਖ 34,985 ਰੁਪਏ ਦੀ ਸਾਲਾਨਾ ਆਮਦਨ ਹੋਣ ਦਾ ਅਨੁਮਾਨ ਹੈ ਜਦੋਂਕਿ ਵਿੱਤੀ ਵਰ੍ਹੇ ਦੌਰਾਨ ਕੁੱਲ ਖਰਚੇ 988 ਕਰੋੜ 15 ਲੱਖ 53,780 ਰੁਪਏ ਹੋਣ ਦਾ ਅਨੁਮਾਨ ਹੈ। ਇਸ ਵਰ੍ਹੇ ਖਰਚੇ ਲਗਪਗ 29 ਕਰੋੜ 70 ਲੱਖ 18,780 ਰੁਪਏ ਵਧੇਰੇ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਇਹ ਖਰਚੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਵਿੱਚ ਰੱਖੇ ਏਡਿਡ ਅਮਲੇ ਦੇ ਫੰਡ ਅਤੇ ਵਿਦਿਆਰਥੀਆਂ ਦੀ ਐੱਸਸੀ ਸਕਾਲਰਸ਼ਿਪ ਦੀ ਰਾਸ਼ੀ ਨਾ ਮਿਲਣ ਕਾਰਨ ਵਧਿਆ ਹੈ।
ਉਨ੍ਹਾਂ ਦੱਸਿਆ ਕਿ ਇਕੱਲੇ ਵਿੱਦਿਅਕ ਅਦਾਰਿਆਂ ਦਾ ਖਰਚ ਆਮਦਨ ਨਾਲੋਂ ਲਗਪਗ 28 ਕਰੋੜ 23 ਲੱਖ 18,795 ਰੁਪਏ ਵੱਧ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਪ੍ਰਿੰਟਿੰਗ ਪ੍ਰੈੱਸਾਂ ਦਾ ਖਰਚਾ ਵੀ ਆਮਦਨ ਨਾਲੋਂ ਵਧੇਰੇ ਹੈ। ਇਸ ਵਰ੍ਹੇ ਪ੍ਰਿੰਟਿੰਗ ਪ੍ਰੈੱਸਾਂ ਤੋਂ ਆਮਦਨ ਨਾਲੋਂ ਖਰਚਾ ਲਗਪਗ 1 ਕਰੋੜ 47 ਲੱਖ ਰੁਪਏ ਵਧੇਰੇ ਹੋਣ ਦਾ ਅਨੁਮਾਨ ਹੈ ਜਿਸ ਕਾਰਨ ਕੁੱਲ ਆਮਦਨ ਨਾਲੋਂ ਖਰਚਾ ਲਗਪਗ 29 ਕਰੋੜ 70 ਲੱਖ ਰੁਪਏ ਵਧ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਜਟ ਦੇ ਪਹਿਲੇ ਭਾਗ ਵਿੱਚ ਜਨਰਲ ਬੋਰਡ ਫੰਡ, ਟਰੱਸਟ ਫੰਡ, ਵਿੱਦਿਆ ਫੰਡ ਅਤੇ ਪ੍ਰਿੰਟਿੰਗ ਪ੍ਰੈੱਸਾਂ ਦੀ ਆਮਦਨ ਅਤੇ ਖਰਚ ਦੱਸਿਆ ਗਿਆ ਹੈ ਜਦਕਿ ਦੂਜੇ ਭਾਗ ਵਿੱਚ ਧਰਮ ਪ੍ਰਚਾਰ ਕਮੇਟੀ ਦੀ ਆਮਦਨ 11 ਕਰੋੜ 12 ਲੱਖ ਰੁਪਏ ਅਤੇ ਖਰਚ ਵੀ ਲਗਪਗ ਇੰਨਾ ਹੀ ਦੱਸਿਆ ਗਿਆ ਹੈ। ਸੈਕਸ਼ਨ 85 ਦੇ ਗੁਰਦੁਆਰਿਆਂ ਦੇ ਬਜਟ ਵਿੱਚ ਸਮੂਹ ਗੁਰਦੁਆਰਿਆਂ ਤੋਂ ਆਮਦਨ 7 ਅਰਬ 18 ਕਰੋੜ 70 ਲੱਖ ਰੁਪਏ ਦੱਸੀ ਗਈ ਹੈ ਅਤੇ ਨਿਰੋਲ ਖਰਚਾ ਵੀ ਇੰਨਾ ਹੀ ਦੱਸਿਆ ਗਿਆ ਹੈ ਜਦੋਂਕਿ ਵਿੱਦਿਅਕ ਅਦਾਰਿਆਂ ਦੀ ਕੁੱਲ ਆਮਦਨ ਦੋ ਅਰਬ 3 ਕਰੋੜ 60 ਲੱਖ 65, 385 ਰੁਪਏ ਦੱਸੀ ਹੈ, ਪਰ ਕੁੱਲ ਖਰਚਾ ਦੋ ਅਰਬ 31 ਕਰੋੜ 83 ਲੱਖ 84,180 ਰੁਪਏ ਦੱਸਿਆ ਗਿਆ ਹੈ। ਇਸੇ ਤਰ੍ਹਾਂ ਪ੍ਰਿੰਟਿੰਗ ਪ੍ਰੈੱਸਾਂ ਦੀ ਕੁੱਲ ਆਮਦਨ ਛੇ ਕਰੋੜ 20 ਲੱਖ 25 ਹਜ਼ਾਰ ਰੁਪਏ ਅਤੇ ਖਰਚਾ 7 ਕਰੋੜ 67 ਲੱਖ 25 ਹਜ਼ਾਰ ਰੁਪਏ ਦੱਸਿਆ ਗਿਆ ਹੈ।
ਪੰਜੋਲੀ ਨੇ ਸੁਝਾਅ ਦਿੱਤਾ ਕਿ ਵਿੱਦਿਅਕ ਅਦਾਰਿਆਂ ਦਾ ਆਪਸੀ ਰਲੇਵਾਂ ਕਰਕੇ ਇਨ੍ਹਾਂ ਦੀ ਗਿਣਤੀ ਘਟਾਈ ਜਾਵੇ ਅਤੇ ਖਰਚਿਆਂ ‘ਤੇ ਕਾਬੂ ਪਾਇਆ ਜਾਵੇ। ਉਨ੍ਹਾਂ ਦੱਸਿਆ ਕਿ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਸੰਸਥਾ ਵੱਲੋਂ ਦੋ ਕਰੋੜ 54 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ। ਇਸੇ ਤਰ੍ਹਾਂ ਲੋਕ ਭਲਾਈ ਕਾਰਜਾਂ ਲਈ ਲਗਪਗ ਇੱਕ ਕਰੋੜ 66 ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਗਈ ਹੈ। ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦਾ ਵਿਸ਼ੇਸ਼ ਸਨਮਾਨ ਕਰਦਿਆਂ ਹੌਸਲਾਅਫਜ਼ਾਈ ਲਈ ਖਿਡਾਰੀਆਂ ਨੂੰ 90 ਲੱਖ 86 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਗਏ ਹਨ।
ਵਿਰੋਧੀ ਧਿਰ ਦੇ ਕੁਝ ਮੈਂਬਰਾਂ ਵੱਲੋਂ ਇਜਲਾਸ ਦਾ ਬਾਈਕਾਟ
ਇਸ ਮੌਕੇ ਵਿਰੋਧੀ ਧਿਰ ਨਾਲ ਸਬੰਧਤ ਲਗਪਗ ਦਰਜਨ ਮੈਂਬਰ ਇਜਲਾਸ ਦੇ ਸ਼ੁਰੂ ਹੁੰਦਿਆਂ ਹੀ ਬਾਈਕਾਟ ਕਰਕੇ ਚਲੇ ਗਏ। ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਅਤੇ ਗੁਰਪ੍ਰੀਤ ਸਿੰਘ ਰੰਧਾਵਾ ਆਦਿ ਨੇ ਕਿਹਾ ਕਿ ਉਨ੍ਹਾਂ ਸੁਝਾਅ ਦਿੱਤਾ ਸੀ ਕਿ ਬਜਟ ਭਾਸ਼ਣ ਤੋਂ ਪਹਿਲਾਂ ਸੁਝਾਅ ਸੁਣੇ ਜਾਣ ਅਤੇ ਉਨ੍ਹਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਪਰ ਅਜਿਹਾ ਨਹੀਂ ਹੋਇਆ ਜਿਸ ਕਾਰਨ ਉਨ੍ਹਾਂ ਬਜਟ ਸਮਾਗਮ ਦਾ ਬਾਈਕਾਟ ਕੀਤਾ।

ਜਥੇਦਾਰ ਵਲੋਂ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਬਣਾਉਣ ਦੇ ਨਿਰਦੇਸ਼
ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕਰਨ ਵਾਲੇ ਇੱਕ ਨਿੱਜੀ ਚੈਨਲ ਦੇ ਪ੍ਰਬੰਧਕਾਂ ਖਿਲਾਫ ਲੱਗੇ ਗੰਭੀਰ ਆਰੋਪਾਂ ਦਾ ਮਾਮਲਾ ਐਸਜੀਪੀਸੀ ਦੇ ਬਜਟ ਇਜਲਾਸ ਦੌਰਾਨ ਭਖਿਆ ਰਿਹਾ। ਮੈਂਬਰਾਂ ਨੇ ਗੁਰਬਾਣੀ ਦੇ ਪ੍ਰਸਾਰਨ ਲਈ ਆਪਣਾ ਨਿੱਜੀ ਚੈਨਲ ਬਣਾਉਣ ਦੀ ਮੰਗ ਕੀਤੀ। ਜਥੇਦਾਰ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਨਿੱਜੀ ਟੀਵੀ ਚੈਨਲ ਖਿਲਾਫ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ। ਭਾਵੇਂ ਉਨ੍ਹਾਂ ਸ਼ਿਕਾਇਤਾਂ ਅਤੇ ਆਰੋਪਾਂ ਦਾ ਜ਼ਿਕਰ ਨਹੀਂ ਕੀਤਾ ਪਰ ਉਨ੍ਹਾਂ ਮੈਂਬਰਾਂ ਦੀ ਮੰਗ ਕਬੂਲਦਿਆਂ ਸ਼੍ਰੋਮਣੀ ਕਮੇਟੀ ਨੂੰ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਲਈ ਆਪਣਾ ਨਿੱਜੀ ਚੈਨਲ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਗੁਰਬਾਣੀ ਦੇ ਪ੍ਰਸਾਰਨ ਲਈ ਨਿੱਜੀ ਚੈਨਲ ਸਥਾਪਤ ਕਰਨ ਵਾਸਤੇ ਲਗਪਗ 200 ਕਰੋੜ ਰੁਪਏ ਦੀ ਲੋੜ ਹੈ ਜਦੋਂਕਿ ਸ਼੍ਰੋਮਣੀ ਕਮੇਟੀ ਇਸ ਵੇਲੇ ਵਿੱਤੀ ਸੰਕਟ ‘ਚੋਂ ਲੰਘ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਸ ਸਬੰਧੀ ਕੋਈ ਆਦੇਸ਼ ਦਿੱਤਾ ਗਿਆ ਹੈ ਤਾਂ ਕਮੇਟੀ ਉਹ ਆਦੇਸ਼ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਇਸੇ ਤਰ੍ਹਾਂ ਇਜਲਾਸ ਦੌਰਾਨ ਬਲਵਿੰਦਰ ਸਿੰਘ ਬੈਂਸ ਨੇ ਵੀ ਮੰਗ ਰੱਖੀ ਕਿ ਗੁਰਬਾਣੀ ਦੇ ਪ੍ਰਸਾਰਨ ਦੇ ਹੱਕ ਕਿਸੇ ਵਿਸ਼ੇਸ਼ ਚੈਨਲ ਦੀ ਥਾਂ ਇਸ ਸਬੰਧੀ ਸ਼ਰਤਾਂ ਪੂਰੀਆਂ ਕਰਦੇ ਹੋਰ ਚੈਨਲਾਂ ਨੂੰ ਵੀ ਦਿੱਤੇ ਜਾਣ। ਉਧਰ ਦੂਜੇ ਪਾਸੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਭੇਜ ਕੇ ਇਸ ਨਿੱਜੀ ਚੈਨਲ ਰਾਹੀਂ ਗੁਰਬਾਣੀ ਦਾ ਪ੍ਰਸਾਰਨ ਕਰਨ ‘ਤੇ ਰੋਕ ਲਾਉਣ ਦੀ ਮੰਗ ਕੀਤੀ ਹੈ।

 

 

 

 

 

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …