ਸੁਖਪਾਲ ਸਿੰਘ ਖਹਿਰਾ ਨਾਲ ਜੇਲ੍ਹ ‘ਚ ਕੀਤੀ ਮੁਲਾਕਾਤ
ਨਾਭਾ/ਬਿਊਰੋ ਨਿਊਜ਼ : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਨਾਭਾ ਜੇਲ੍ਹ ‘ਚ ਬੰਦ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਮੁਲਾਕਾਤ ਕੀਤੀ ਹੈ। ਉਹ ਲਗਪਗ ਇੱਕ ਘੰਟਾ ਉਥੇ ਰੁਕੇ। ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਨਵਜੋਤ ਸਿੱਧੂ ਨੇ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਸਿਸਟਮ ਪੂਰੀ ਤਰ੍ਹਾਂ ਲੜਖੜਾ ਗਿਆ ਹੈ।
ਉਨ੍ਹਾਂ ਕਿਹਾ, ”ਸਰਕਾਰ ਵੱਲੋਂ ਸੁਖਪਾਲ ਖਹਿਰਾ ਨੂੰ ਜਿਸ ਤਰੀਕੇ ਜ਼ਲੀਲ ਕਰਨ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਉਸ ਨਾਲ ਖਹਿਰਾ ਦਾ ਕੁਝ ਨਹੀਂ ਗਿਆ ਪਰ ਉਨ੍ਹਾਂ ਦੋ ਲੱਖ ਲੋਕਾਂ ਦੀ ਹੱਤਕ ਹੋਈ ਹੈ, ਜਿਨ੍ਹਾਂ ਨੇ ਖਹਿਰਾ ਨੂੰ ਆਪਣਾ ਨੁਮਾਇੰਦਾ ਚੁਣਿਆ ਸੀ।”
ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਬਿਨਾ ਵਰਦੀ ਪਹਿਨੇ ਇੱਕ ਵਿਅਕਤੀ ਵੱਲੋਂ ਵਿਧਾਇਕ ਨੂੰ ਖਿੱਚ ਲਿਜਾਣ ਨਾਲ ਸਮੁੱਚੀ ਵਿਧਾਨਪਾਲਿਕਾ ਦਾ ਕਥਿਤ ਅਪਮਾਨ ਹੋਇਆ ਤੇ ਇਹ ਕਾਰਵਾਈ ਪੂਰੇ ਸਿਸਟਮ ‘ਤੇ ਸਵਾਲ ਖੜ੍ਹੇ ਕਰਦੀ ਹੈ। ਕਾਂਗਰਸੀ ਆਗੂ ਸਿੱਧੂ ਨੇ ਕਿਹਾ, ”ਇਸ ਪੂਰੇ ਸਿਸਟਮ ‘ਚ ਤਬਦੀਲੀ ਦੀ ਲੋੜ ਹੈ, ਜਿਹੜਾ 2015 ਦੇ ਕੇਸ ਵਿੱਚ ਹਾਲੇ ਤੱਕ ਚਲਾਨ ਪੇਸ਼ ਨਹੀਂ ਕਰ ਸਕਿਆ ਪਰ ਫਿਰ ਵੀ ਕਿਸੇ ਦੀ ਜਵਾਬਦੇਹੀ ਤੈਅ ਨਹੀਂ। ਬਸ ਸੱਚ ਬੋਲਣ ਵਾਲਿਆਂ ਉੱਪਰ ਤਲਵਾਰ ਦੀ ਤਰ੍ਹਾਂ ਕੇਸ ਲਟਕਾ ਕੇ ਰੱਖੇ ਜਾਂਦੇ ਹਨ।” ਉਨ੍ਹਾਂ ਨੇ ਅਕਾਲੀ ਦਲ ਅਤੇ ‘ਆਪ’ ਸਣੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸੇ ਸਿਸਟਮ ਦਾ ਹਿੱਸਾ ਦੱਸਿਆ। ਇਸ ਮੌਕੇ ਉਨ੍ਹਾਂ ਨੇ ‘ਆਪ’ ਨਾਲ ਗਠਜੋੜ ਬਾਰੇ ਹਾਈ ਕਮਾਨ ਦੇ ਹਰ ਫੈਸਲੇ ਨਾਲ ਰਜ਼ਾਮੰਦੀ ਪ੍ਰਗਟਾਈ ਤੇ ਕਿਹਾ ਕਿ ਹਾਈਕਮਾਨ ਦਾ ਫ਼ੈਸਲਾ ਸੂਬੇ ਦੀ ਲੀਡਰਸ਼ਿਪ ਨੂੰ ਮੰਨਣਾ ਚਾਹੀਦਾ ਹੈ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਨ੍ਹਾਂ ਪੰਚਾਂ (ਪੰਚਾਇਤ ਮੈਂਬਰਾਂ) ਨੂੰ ਬਹੁਤ ਮਾਣ ਦਿੱਤਾ ਜਾਂਦਾ ਹੈ ਉਨ੍ਹਾਂ ਨੂੰ ਅੱਜ ਦੀਆਂ ਸਰਕਾਰਾਂ ਨੇ ‘ਕਠਪੁਤਲੀਆਂ’ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਵੱਲੋਂ ਚੁਣੇ ਗਏ ਪੰਚ ਪਿੰਡਾਂ ਵਾਸੀਆਂ ਨੂੰ ਹੀ ਜਵਾਬਦੇਹ ਹੁੰਦੇ ਹਨ, ਸਰਕਾਰ ਦੇ ਨੁਮਇੰਦਿਆਂ ਨੂੰ ਨਹੀਂ।

