ਵਿਦਿਆਰਥੀਆਂ ਵੱਲੋਂ ਜਬਰਦਸਤ ਹੰਗਾਮਾ, ਪੁਲਿਸ ਨੇ ਕੀਤਾ ਲਾਠੀਚਾਰਜ
ਜਲੰਧਰ/ਬਿਊਰੋ ਨਿਊਜ਼ : ਚੰਡੀਗੜ੍ਹ ਯੂਨੀਵਰਸਿਟੀ ਦਾ ਵੀਡੀਓ ਵਿਵਾਦ ਹਾਲੇ ਠੰਢਾ ਨਹੀਂ ਹੋਇਆ ਸੀ ਪ੍ਰੰਤੂ ਹੁਣ ਜਲੰਧਰ ਦੀ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ’ਚ ਇਕ ਵਿਦਿਆਰਥੀ ਨੇ ਆਤਮ ਹੱਤਿਆ ਕਰ ਲਈ। ਇਹ ਵਿਦਿਆਰਥੀ ਕੇਰਲ ਦਾ ਰਹਿਣ ਵਾਲਾ ਸੀ ਜਿਸ ਦਾ ਨਾਂ ਈਜਨ ਐਸ ਦਿਲੀਪ ਕੁਮਾਰ ਪੁੱਤਰ ਦਲੀਪ ਕੁਮਾਰ ਦੱਸਿਆ ਜਾ ਰਿਹਾ ਹੈ ਅਤੇ ਇਸ ਦੇ ਕਮਰੇ ਵਿਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਪੁਲਿਸ ਨੇ ਹੰਗਾਮਾ ਕਰ ਰਹੇ ਵਿਦਿਆਰਥੀਆਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਵਿਦਿਆਰਥੀ ਨਹੀਂ ਮੰਨੇ। ਜਦੋਂ ਵਿਦਿਆਰਥੀ ਜ਼ਿਆਦਾ ਹੰਗਾਮਾ ਕਰਨ ਲੱਗੇ ਤਾਂ ਪੁਲਿਸ ਵੱਲੋਂ ਵਿਦਿਆਰਥੀਆਂ ’ਤੇ ਲਾਠੀਚਾਰਜ ਵੀ ਕੀਤਾ ਗਿਆ। ਜਿਸ ਦੌਰਾਨ ਕਈ ਵਿਦਿਆਰਥੀਆਂ ਨੂੰ ਸੱਟਾਂ ਵੀ ਲੱਗੀਆਂ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਆਤਮ ਹੱਤਿਆ ਕਰਨ ਵਾਲੇ ਵਿਦਿਆਰਥੀ ਦੀ ਜਾਨ ਬਚ ਸਕਦੀ ਜੇਕਰ ਐਂਬੂਲੈਂਸ ਸਮੇਂ ਸਿਰ ਪਹੁੰਚੀ ਹੁੰਦੀ। ਉਥੇ ਹੀ ਵਿਦਿਆਰਥੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਮਿ੍ਰਤਕ ਵੱਲੋਂ ਲਿਖੇ ਗਏ ਸੁਸਾਈਡ ਨੋਟ ਨੂੰ ਜਨਤਕ ਕੀਤਾ ਜਾਵੇ। ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦੀ ਮਿ੍ਰਤਕ ਦੇਹ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਚ ਰੱਖਿਆ ਗਿਆ ਹੈ।