ਕਿਹਾ : ਦੇਸ਼ ਦੀ ਰਖਵਾਲੀ ਲਈ ਕਿਸੇ ਵੀ ਹੱਦ ਤੱਕ ਜਾਵਾਂਗੇ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਰੂਸ-ਯੂਕਰੇਨ ਜੰਗ ਦੇ ਚੱਲਦਿਆਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਵਿਚ ਸੈਨਿਕਾਂ ਦੀ ਤੈਨਾਤੀ ਵਧਾਉਣ ਦੀ ਗੱਲ ਕਹੀ ਹੈ। ਇਸਦੇ ਤਹਿਤ ਰੂਸ ਤਿੰਨ ਲੱਖ ਰਿਜ਼ਰਵ ਸੈਨਿਕਾਂ ਨੂੰ ਇਕੱਠਾ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੱਛਮੀ ਦੇਸ਼ਾਂ ’ਤੇ ‘ਨਿੳੂਕਲੀਅਰ ਬਲੈਕਮੇਲ’ ਦਾ ਆਰੋਪ ਵੀ ਲਗਾਇਆ। ਉਨ੍ਹਾਂ ਕਿਹਾ ਕਿ ਨਾਟੋ ਦੇ ਕੁਝ ਵੱਡੇ ਆਗੂ ਰੂਸ ਦੇ ਖਿਲਾਫ ਐਟਮੀ ਹਥਿਆਰ ਇਸਤੇਮਾਲ ਕਰਨ ਦੀ ਧਮਕੀ ਦੇ ਰਹੇ ਹਨ। ਪੂਤਿਨ ਨੇ ਕਿਹਾ ਕਿ ਜੇਕਰ ਪੱਛਮੀ ਦੇਸ਼ ਪ੍ਰਮਾਣੂ ਹਥਿਆਰਾਂ ਨੂੰ ਲੈ ਕੇ ਬਲੈਕਮੇਲ ਕਰਨਗੇ ਤਾਂ ਰੂਸ ਵੀ ਆਪਣੀ ਪੂਰੀ ਤਾਕਤ ਨਾਲ ਜਵਾਬ ਦੇਵੇਗਾ। ਰੂਸ ਦੇ ਰਾਸ਼ਟਰਪਤੀ ਪੂਤਿਨ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ। ਪੂਤਿਨ ਨੇ ਰੂਸ ਦੀ ਮਿਲਟਰੀ ਪਾਵਰ ਨੂੰ ਵਧਾਉਣ ਦੇ ਨਾਲ ਯੂਕਰੇਨ ਦੇ ਡੋਨਬਾਸ ’ਤੇ ਆਪਣਾ ਕਬਜ਼ਾ ਜਮਾਉਣ ਦੀ ਤਿਆਰੀ ਤੇਜ਼ ਕਰ ਦਿੱਤੀ ਹੈ। ਡੋਨਬਾਸ ਤੋਂ ਇਲਾਵਾ ਰੂਸ ਯੂਕਰੇਨ ਦੇ ਖੇਰਸੌਨ ਅਤੇ ਜਯੋਰਿਜਿਆ ਨੂੰ ਆਪਣਾ ਹਿੱਸਾ ਬਣਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ।