Breaking News
Home / ਪੰਜਾਬ / ਮਨਪ੍ਰੀਤ ਵਲੋਂ 12539 ਕਰੋੜ ਰੁਪਏ ਦੇ ਘਾਟੇ ਵਾਲਾ ਬਜਟ ਪੇਸ਼

ਮਨਪ੍ਰੀਤ ਵਲੋਂ 12539 ਕਰੋੜ ਰੁਪਏ ਦੇ ਘਾਟੇ ਵਾਲਾ ਬਜਟ ਪੇਸ਼

ਆਰਥਿਕਤਾ ਲੀਹ ‘ਤੇ ਲਿਆਉਣ ਦੇ ਦਾਅਵੇ, ਬਜਟ ਠੋਸ ਪਹਿਲਕਦਮੀਆਂ ਤੋਂ ਸੱਖਣਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਧਾਨ ਸਭਾ ਵਿੱਚ ਕਾਂਗਰਸ ਸਰਕਾਰ ਦੇ ਪੇਸ਼ ਕੀਤੇ ਦੂਜੇ ਬਜਟ ਵਿੱਚ ਸੂਬੇ ਦੀ ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਦੇ ਦਾਅਵੇ ਤਾਂ ਕੀਤੇ ਹਨ ਪਰ ਬਜਟ ਠੋਸ ਪਹਿਲਕਦਮੀਆਂ ਤੋਂ ਸੱਖਣਾ ਹੀ ਦਿਖਾਈ ਦੇ ਰਿਹਾ ਹੈ। ਵਿੱਤ ਮੰਤਰੀ ਨੇ 12539 ਕਰੋੜ ਰੁਪਏ ਦੇ ਘਾਟੇ ਵਾਲਾ ਬਜਟ ਪੇਸ਼ ਕੀਤਾ ਹੈ। ਪੰਜਾਬ ਦੇ ਬਜਟ ਵਿੱਚ ਪੇਸ਼ੇਵਰ ਤੇ ਨੌਕਰੀਪੇਸ਼ਾ ਵਿਅਕਤੀਆਂ ਉੱਤੇ 200 ਰੁਪਏ ਪ੍ਰਤੀ ਮਹੀਨਾ ‘ਵਿਕਾਸ ਟੈਕਸ’ ਲਾ ਦਿੱਤਾ ਹੈ। ਸਰਕਾਰ ਨੂੰ ਇਸ ਨਵੇਂ ਕਰ ਤੋਂ ਸਾਲਾਨਾ 150 ਕਰੋੜ ਰੁਪਏ ਮਾਲੀਆ ਆਉਣ ਦੀ ਉਮੀਦ ਹੈ ਜਦੋਂ ਕਿ ਵਿੱਤ ਮੰਤਰੀ ਨੇ ਆਗਾਮੀ ਵਿੱਤੀ ਵਰ੍ਹੇ ਦੌਰਾਨ 1500 ਕਰੋੜ ਰੁਪਏ ਦਾ ਵਾਧੂ ਮਾਲੀਆ ਜੁਟਾਉਣ ਦਾ ਟੀਚਾ ਮਿੱਥਿਆ ਹੈ। ਸਰਕਾਰ ਵੱਲੋਂ ਆਗਾਮੀ ਵਿੱਤੀ ਵਰ੍ਹੇ ਦੌਰਾਨ ਖਰਚਿਆਂ ਅਤੇ ਆਮਦਨ ਦਾ ਪਾੜਾ ਪੂਰਨ ਲਈ 15545 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਜਾਣਾ ਹੈ ਤੇ ਕਰਜ਼ਾ ਚੁੱਕ ਕੇ ਵੀ ਮਾਲੀ ਘਾਟੇ ਦਾ ਖੱਪਾ ਪੂਰਿਆ ਨਹੀਂ ਜਾ ਰਿਹਾ। ਮਨਪ੍ਰੀਤ ਬਾਦਲ ਨੇ ਭਾਵੇਂ ਰਾਜ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਵਾਧਾ ਪੇਸ਼ ਕਰਦਿਆਂ ਆਰਥਿਕਤਾ ਨੂੰ ਪਟੜੀ ‘ਤੇ ਲਿਆਉਣ ਦੀ ਗੱਲ ਤਾਂ ਕਹੀ ਪਰ ਸਰਕਾਰ ਸਿਰ 31 ਮਾਰਚ 2019 ਤੱਕ ਕਰਜ਼ੇ ਦੀ ਪੰਡ ਦਾ ਭਾਰ 2 ਲੱਖ 11 ਹਜ਼ਾਰ 523 ਕਰੋੜ ਰੁਪਏ ਹੋਣਾ ਸੂਬੇ ਦੀ ਆਰਥਿਕਤਾ ਲਈ ਮਾਰੂ ਸੰਕੇਤ ਵੀ ਮੰਨਿਆ ਜਾ ਰਿਹਾ ਹੈ।
ਆਗਾਮੀ ਵਿਤੀ ਵਰ੍ਹੇ ਦੌਰਾਨ ਵੀ ਤਨਖਾਹਾਂ, ਪੈਨਸ਼ਨਾਂ, ਵਿਆਜ, ਕਰਜ਼ੇ ਦੀਆਂ ਕਿਸ਼ਤਾਂ ਅਤੇ ਸਬਸਿਡੀਆਂ ਉੱਤੇ ਕੁੱਲ ਆਮਦਨ ਦਾ 88 ਫੀਸਦੀ ਖ਼ਰਚ ਹੋਣ ਦਾ ਅਨੁਮਾਨ ਹੈ। ਇਨ੍ਹਾਂ ਤੱਥਾਂ ਤੋਂ ਵਿੱਤੀ ਹਾਲਤ ਸਪੱਸ਼ਟ ਹੋ ਜਾਂਦੀ ਹੈ।
ਵਿੱਤ ਮੰਤਰੀ ਨੇ ਕੈਪਟਨ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ ਨੂੰ ਜਾਰੀ ਰੱਖਣ ਦਾ ਸੰਕੇਤ ਦਿੰਦਿਆਂ 4250 ਕਰੋੜ ਰੁਪਏ ਦਾ ਬਜਟ ਇਸ ਕਾਰਜ ਲਈ ਰੱਖਿਆ ਹੈ। ਖੇਤੀ ਖੇਤਰ, ਗਰੀਬਾਂ ਅਤੇ ਉਦਯੋਗਾਂ ਨੂੰ ਬਿਜਲੀ ਸਬਸਿਡੀ ਦੇਣ ਲਈ ਬਜਟ ਵਿੱਚ 12950 ਕਰੋੜ ਰੁਪਏ ਦੇਣ ਦੀ ਵਿਵਸਥਾ ਕੀਤੀ ਗਈ ਹੈ। ਖੇਤੀ ਖੇਤਰ ਲਈ ਕੁੱਲ ਬਜਟ 14737 ਕਰੋੜ ਰੁਪਏ ਰੱਖਿਆ ਗਿਆ ਹੈ। ਵਿਭਾਗਾਂ ਨੂੰ ਦਿੱਤੇ ਗਏ ਬਜਟ ‘ਤੇ ਝਾਤ ਮਾਰੀਏ ઠਤਾਂ ਪਤਾ ਲੱਗਦਾ ਹੈ ਕਿ ਸਿੱਖਿਆ ਖੇਤਰ ਲਈ 11357 ਕਰੋੜ ਰੁਪਏ, ਸਹਿਕਾਰਤਾ ਲਈ 426 ਕਰੋੜ ਰੁਪਏ, ਸਿਹਤ ਤੇ ਪਰਿਵਾਰ ਭਲਾਈ ਲਈ 4015 ਕਰੋੜ ਰੁਪਏ ਦੀ ਵਿਵਸਥਾ ਹੈ।
ਉਦਯੋਗਾਂ ਲਈ 1676 ਕਰੋੜ ਰੁਪਏ, ਸਿੰਜਾਈ ਤੇ ਬਿਜਲੀ ਲਈ 5121 ਕਰੋੜ ਰੁਪਏ, ਲੋਕ ਨਿਰਮਾਣ ਤੇ ਜਲ ਸਪਲਾਈ ਸੈਨੀਟੇਸ਼ਨ ਲਈ 3137 ਕਰੋੜ ਰੁਪਏ, ਪੰਚਾਇਤ ਵਿਭਾਗ ਲਈ 3020 ਕਰੋੜ ਰੁਪਏ, ਸਮਾਜਿਕ ਸੁਰੱਖਿਆ ਤੇ ਭਲਾਈ ਸਕੀਮਾਂ ਲਈ 3806 ਕਰੋੜ ਰੁਪਏ, ਸੈਰ ਸਪਾਟਾ ਵਿਭਾਗ ਲਈ 424 ਕਰੋੜ ਰੁਪਏ, ਗ੍ਰਹਿ ਵਿਭਾਗ, ਪੁਲਿਸ ਆਦਿ ਲਈ ਲਈ 7066 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਵਿੱਤ ਮੰਤਰੀ ਨੇ ਹਰ ਬਲਾਕ ਵਿੱਚ ਇੱਕ ਸਰਕਾਰੀ ਸਕੂਲ ਨੂੰ ਅਧੁਨਿਕ ਸਹੂਲਤਾਂ ਦੇ ਕੇ ਸਮਾਰਟ ਸਕੂਲ ਬਨਾਉਣ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਸਥਾਨਕ ਸਰਕਾਰਾਂ ਵਿਭਾਗ ਅਧੀਨ ਸਮਾਰਟ ਸਿਟੀ ਪ੍ਰਾਜੈਕਟ ਤਹਿਤ 500 ਕਰੋੜ ਰੁਪਏ, ਅਮਰੁਤ ਯੋਜਨਾ ਤਹਿਤ 500 ਕਰੋੜ ਰੁਪਏ ਰੱਖੇ ਹਨ।
ਇਸੇ ਤਰ੍ਹਾਂ 122 ਸ਼ਹਿਰਾਂ ਵਿੱਚ ਜਲ ਸਪਲਾਈ ਅਤੇ ਸੀਵਰੇਜ ਦੀ ਸਮੱਸਿਆ ਲਈ ਹੁਡਕੋ ਤੋਂ 1540 ਕਰੋੜ ਰੁਪਏ ਦੀ ਮਦਦ ਲੈਣ ਦਾ ਐਲਾਨ ਵੀ ਕੀਤਾ ਹੈ। ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਗੁਰਦਾਸਪੁਰ, ਰਾਮਪੁਰਾ ਫੂਲ, ਗਿੱਦੜਬਾਹਾ, ਮੋਰਿੰਡਾ ਅਤੇ ਸੁਜਾਨਪੁਰ ਵਿਖੇ ਰੇਲ ਅੰਡਰ ਬਰਿੱਜ ਬਣਾਏ ਜਾਣਗੇ। ਜਦੋਂ ਕਿ ਢੱਕੀ, ਮੰਡੀ ਗੋਬਿੰਦਗੜ੍ਹ, ਮਲੇਰਕੋਟਲਾ, ਦੀਨਾਨਗਰ, ਜਲੰਧਰ ਵਿਚ ਰੇਲਵੇ ਓਵਰ ਬਰਿੱਜ ਬਣਨਗੇ ਤੇ ਤਲਵਾੜਾ ਜੱਟਾਂ (ਪਠਾਨਕੋਟ) ਵਿੱਚ ਹਾਈ ਲੈਵਲ ਬਰਿੱਜਾਂ ਦੀ ਉਸਾਰੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਤਲੁਜ ਦਰਿਆ ਉੱਤੇ ਪੁਲਾਂ ਦੀ ਉਸਾਰੀ ਲਈ ਵੀ ਬਜਟ ਵਿੱਚ ਪੈਸਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲ 2018-19 ਦੌਰਾਨ 7000 ਕਿਸਾਨਾਂ ਦੀ ਸਹਾਇਤਾ ਅਤੇ 10000 ਏਕੜ ਕਾਸ਼ਤਯੋਗ ਰਕਬੇ ਨੂੰ ਫ਼ਸਲੀ ਵਿਭਿੰਨਤਾ ਅਧੀਨ ਲਿਆਉਣ ਦਾ ਉਦੇਸ਼ ਹੈ।ਵਿੱਤ ਮੰਤਰੀ ਨੇ ਦੱਸਿਆ ਕਿ ਸਾਲ 2019 ਦੌਰਾਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀਆਂ ਤਿਆਰੀਆਂ ਲਈ ਸਾਲ 2018-19 ਦੇ ਬਜਟ ਵਿੱਚ 100 ਕਰੋੜ ਰੁਪਏ ਰਾਖਵੇਂ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸੁਲਤਾਨਪੁਰ ਲੋਧੀ ਲਈ 10 ਕਰੋੜ ਰੁਪਏ ਅਤੇ ਡੇਰਾ ਬਾਬਾ ਨਾਨਕ ਲਈ 10 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਦਿੱਤੀ ਜਾਵੇਗੀ। ਬੇਅੰਤ ਸਿੰਘ ਦੀ ਯਾਦਗਾਰ ਲਈ ਵੀ 2 ਕਰੋੜ ਰੁਪਏ ਤੇ ਸਾਰਾਗੜ੍ਹੀ ਦੀ ਯਾਦਗਾਰ ਲਈ 1 ਕਰੋੜ ਰੁਪਏ ਰੱਖੇ ਗਏ ਹਨ। ਬਜਟ ਵਿੱਚ ਜ਼ਿਆਦਤਰ ਉਨ੍ਹਾਂ ਯੋਜਨਾਵਾਂ ਨੂੰ ਪ੍ਰਚਾਰਿਆ ਗਿਆ ਹੈ ਜੋ ਕਈ ਸਾਲਾਂ ਤੋਂ ਚੱਲ ਰਹੀਆਂ ਹਨ। ਮਨਪ੍ਰੀਤ ਸਿੰਘ ਬਾਦਲ ਦਾ ਦੱਸਣਾ ਹੈ ਕਿ ਸਾਲ 2018-19 ਲਈ ਕੁਲ ਬਜਟ 129698 ਕਰੋੜ ਰੁਪਏ ਹੈ ਪਰ ਅਸਲ ਆਕਾਰ 102198 ਕਰੋੜ (ਕਰੀਬ1022 ਅਰਬ) ਰੁਪਏ ਹੈ ਕਿਉਂ ਜੋ ਇਸ ਰਕਮ ਵਿੱਚ ਮੌਜੂਦ ਉਪਾਅ ਤੇ ਸਾਧਨ ਲੈਣ-ਦੇਣ ਲਈ 27500 ਕਰੋੜ ਰੁਪਏ ਦਾ ਬਜਟ ਉਪਬੰਧ ਸ਼ਾਮਲ ਹੈ।
86351 ਕਰੋੜ ਰੁਪਏ ਕਿੱਥੇ ਖ਼ਰਚੇ ਜਾਣਗੇ੩
ਤਨਖਾਹਾਂ ਦਾ ਭੁਗਤਾਨ 25708.54 ਕਰੋੜ ਰੁਪਏ, ਪੈਨਸ਼ਨਾਂ ਦਾ ਭੁਗਤਾਨ 10304.50 ਕਰੋੜ ਰੁਪਏ, ਵਿਆਜ਼ ਅਦਾਇਗੀਆਂ 16260.09 ਕਰੋੜ ਰੁਪਏ, ਬਿਜਲੀ ਸਬਸਿਡੀ 12950 ਕਰੋੜ ਰੁਪਏ, ਪੇਂਡੂ ਤੇ ਸ਼ਹਿਰੀ ਸੰਸਥਾਵਾਂ ਨੂੰ ਸਪੁਰਦਗੀ 4268.67 ਕਰੋੜ ਰੁਪਏ ਅਤੇ ਹੋਰ ਫੁਟਕਲ ਤੇ ਮਾਲੀ ਖ਼ਰਚ 16859.47 ਕਰੋੜ ਰੁਪਏ ਸ਼ਾਮਲ ਹੈ। ਇਸ ਤਰ੍ਹਾਂ ਨਾਲ ਆਮਦਨ ਨਾਲੋਂ ਖ਼ਰਚ ਵਧਣ ਕਰਕੇ 12539 ਕਰੋੜ ਰੁਪਏ ਦੇ ਘਾਟੇ ਵਾਲਾ ਬਜਟ ਹੈ। ਸਰਕਾਰ ਵੱਲੋਂ ਡੰਗ ਟਪਾਉਣ ਲਈ 15545 ਕਰੋੜ ਰੁਪਏ ਦਾ ਕਰਜ਼ਾ ਵੀ ਲਿਆ ਜਾਣਾ ਹੈ। ਇਹ ਕਰਜ਼ਾ ਵੀ ਨਿੱਤ ਦਿਨ ਦੇ ਖ਼ਰਚੇ ਹੀ ਪੂਰੇ ਕਰ ਸਕੇਗਾ।
ਬਜਟ ਦੇ ਮੁੱਖ ਨੁਕਤੇ
: ਕਿਸਾਨਾਂ, ਉਦਯੋਗਾਂ ਤੇ ਗਰੀਬਾਂ ਨੂੰ ਬਿਜਲੀ ਸਬਸਿਡੀ ਲਈ 12970 ਕਰੋੜ ਰੁਪਏ
: ਕਰਜ਼ਾ ਰਾਹਤ ਲਈ 4250 ਕਰੋੜ ਰੁਪਏ
: ਗੰਨਾ ਉਤਪਾਦਕਾਂ ਦੀ ਸਹਾਇਤਾ ਲਈ 180 ਕਰੋੜ
ਫ਼ਸਲੀ ਰਹਿੰਦ ਖੂੰਹਦ ਪ੍ਰਬੰਧਨ ਲਈ 100 ਕਰੋੜ ਰੁਪਏ
: ਪਟਿਆਲਾ ਵਿਖੇ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਦਾ ਐਲਾਨ
: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਲਈ 25 ਕਰੋੜ ਰੁਪਏ।
: ਪੰਜਾਬ ਯੂਨੀਵਰਸਿਟੀ ਲਈ 42.62 ਕਰੋੜ ਰੁਪਏ ਦੀ ਗਰਾਂਟ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਲਈ 50 ਕਰੋੜ ਰੁਪਏ ਦੀ ਵਾਧੂ ਯਕਮੁਸ਼ਤ ਗਰਾਂਟ।
: ਦੋਰਾਹਾ ਅਤੇ ਘਨੌਰ ਵਿਖੇ ਦੋ ਨਵੇਂ ਹਸਪਤਾਲ, ਸਿਵਲ ਹਸਪਤਾਲ ਬਠਿੰਡਾ ਦੀ ਅਪਗ੍ਰੇਡੇਸ਼ਨ।
73812 ਕਰੋੜ ਰੁਪਏ ਕਿੱਥੋਂ ਜੁਟਾਏ ਜਾਣਗੇ
ਰਾਜ ਸਰਕਾਰ ਦੀ ਆਪਣੇ ਸਰੋਤਾਂ ਤੋਂ ਆਮਦਨ 41064.31 ਕਰੋੜ ਰੁਪਏ ਹੋਵੇਗੀ।(ਇਸ ਵਿੱਚ ਜੀਐਸਟੀ 21440 ਕਰੋੜ ਰੁਪਏ, ਵੈਟ 6333 ਕਰੋੜ ਰੁਪਏ, ਸ਼ਰਾਬ ਤੋਂ 6000 ਕਰੋੜ ਰੁਪਏ, ਅਸ਼ਟਾਮ ਤੇ ਰਜਿਸਟਰੀਆਂ ਤੋਂ 2500 ਕਰੋੜ ਰੁਪਏ, ਵਾਹਨਾਂ ਉੱਤੇ ਕਰ 2140 ਕਰੋੜ, ਬਿਜਲੀ ‘ਤੇ ਕਰ 2500 ਕਰੋੜ ਰੁਪਏ, ਹੋਰ 150 ਕਰੋੜ ਰੁਪਏ) ਇਸੇ ਤਰ੍ਹਾਂ ਗੈਰ ਕਰਾਂ ਵਿੱਚ ਫੁਟਕਲ ਪ੍ਰਾਪਤੀਆਂ 6831 ਕਰੋੜ ਰੁਪਏ, ਪੰਜਾਬ ਰੋਡਵੇਜ਼ 258.81 ਕਰੋੜ ਰੁਪਏ, ਸ਼ਹਿਰੀ ਵਿਕਾਸ 116.03 ਕਰੋੜ ਰੁਪਏ, ਹੋਰ 3042 ਕਰੋੜ ਜੋ ਕਿ ਕੁੱਲ 10248 ਕਰੋੜ ਰੁਪਏ ਬਣਦਾ ਹੈ। ਕੇਂਦਰੀ ਕਰਾਂ ਤੋਂ ਹਿੱਸਾ 12428 ਕਰੋੜ ਰੁਪਏ, ਕੇਂਦਰ ਤੋਂ ਗਰਾਂਟਾਂ 8570 ਕਰੋੜ ਰੁਪਏ, ਵਾਧੂ ਵਸੀਲੇ 1500 ਕਰੋੜ ਰੁਪਏ ਜੁਟਾਏ ਜਾਣਗੇ। ਇਹ ਕੁੱਲ ਆਮਦਨ 73812 ਕਰੋੜ ਰੁਪਏ ਬਣਦੀ ਹੈ।
ਕੈਪਟਨ ਅਮਰਿੰਦਰ ਵਲੋਂ ਬਜਟ ਦੀ ਸ਼ਲਾਘਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਜਟ ਨੂੰ ਸਹੀ ਦਿਸ਼ਾ ਵਾਲਾ, ਵਿਕਾਸਮੁਖੀ ਤੇ ਸੰਤੁਲਤ ਦੱਸਿਆ ਹੈ ਪਰ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਸੂਬੇ ਦੀ ਵਿਗੜੀ ਹੋਈ ਵਿੱਤੀ ਹਾਲਤ ਦੇ ਮੱਦੇਨਜ਼ਰ ਮਾਲੀ ਹਾਲਤ ਸੁਧਾਰਨ ਲਈ ਹੋਰ ਕਦਮ ਚੁੱਕਣ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਜਟ ਵੱਖ-ਵੱਖ ਸੈਕਟਰਾਂ ਦੇ ਵਿਕਾਸ ਉੱਤੇ ਕੇਂਦਰਤ ਹੈ ਤੇ ਬਜਟ ਸੂਬੇ ਨੂੰ ਉੱਚ ਵਿਕਾਸ ਦੇ ਰਾਹ ‘ਤੇ ਤੋਰੇਗਾ।
ਬਜਟ ਦਿਸ਼ਾਹੀਣ ਤੇ ਅਰਥਹੀਣ : ਬਾਦਲ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿਚ ਪੇਸ਼ ਬਜਟ ਨੂੰ ‘ਦਿਸ਼ਾਹੀਣ, ਅਰਥਹੀਣ ਅਤੇ ਦ੍ਰਿਸ਼ਟੀ ਤੋਂ ਸੱਖਣਾ’ ਕਰਾਰ ਦਿੱਤਾ ਹੈ। ਬਾਦਲ ਨੇ ਬਜਟ ਨੂੰ ਸਰਕਾਰ ਵੱਲੋਂ ਕਿਸਾਨਾਂ, ਦਲਿਤਾਂ, ਗਰੀਬਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਲਾਚਾਰ ਸੀਨੀਅਰ ਨਾਗਰਿਕਾਂ ਨਾਲ ਕੀਤੇ ‘ਧੋਖੇ’ ਦਾ ਦਸਤਾਵੇਜ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਪੱਖ ਤੋਂ ਆਰਥਿਕ ਦਸਤਾਵੇਜ਼ ਨਹੀਂ ਲੱਗਦਾ।
ਬਜਟ ਪੰਜਾਬ ਵਾਸੀਆਂ ਨਾਲ ਨਿਰਾ ਧੋਖਾ : ਖਹਿਰਾ
‘ਆਪ’ ਆਗੂ ਸੁਖਪਾਲ ਖਹਿਰਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਵੱਲੋਂ ਪੇਸ਼ ਕੀਤਾ ਬਜਟ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਨੇ ਪਿੱਛਲੇ ਬਜਟ ‘ਚ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ 1500 ਕਰੋੜ ਰੁਪਏ ਰਖ ਕੇ ਝੂਠ ਬੋਲਿਆ ਸੀ ਕਿਉਂਕਿ ਸਰਕਾਰ ਨੇ ਇਸ ਰਾਸ਼ੀ ਵਿਚੋਂ 370 ਕਰੋੜ ਰੁਪਏ ਹੀ ਜਾਰੀ ਕੀਤੇ ਹਨ। ਕੰਵਰ ਸੰਧੂ ਨੇ ਕਿਹਾ ਕਿ ਸਰਕਾਰ ਦਾ ਦਿਮਾਗ ਖਾਲੀ ਹੋ ਗਿਆ ਹੈ।
ਗੁਮਰਾਹ ਕਰਨ ਵਾਲਾ ਬਜਟ : ਸਾਂਪਲਾ
ਪੰਜਾਬ ਭਾਜਪਾ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਬਜਟ ਦਿਸ਼ਾਹੀਣ, ਲੋਕ ਵਿਰੋਧੀ, ਲੋਕ ਮਾਰੂ ਅਤੇ ਗੁੰਮਰਾਹ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਬਜਟ ਵਿਚ ਕਿਸਾਨਾਂ ਦੇ ਸਾਰੇ ਕਰਜ਼ਾ ਮੁਆਫ਼ੀ ਲਈ 90 ਹਜ਼ਾਰ ਕਰੋੜ ਨਾ ਰੱਖ ਕੇ ਸਿਰਫ 4250 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਹੈ।
ਬਜਟ ਸਮਾਜਿਕ ਭਲਾਈ ‘ਤੇ ਕੇਂਦਰਿਤ : ਜਾਖੜ
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਦੇ ਦੂਜੇ ਬਜਟ ਨੂੰ ਕਿਸਾਨ ਪੱਖੀ ਬਜਟ ਦੱਸਦਿਆਂ ਕਿਹਾ ਕਿ ਇਹ ਬਜਟ ਸੂਬੇ ਦੇ ਸਰਬ ਪੱਖੀ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਵਿਚ ਸਹਾਈ ਹੋਵੇਗਾ। ਜਾਖੜ ਨੇ ਕਿਹਾ ਕਿ ਪਿਛਲੀ ਸਰਕਾਰ ਵਲੋਂ ਜਿਸ ਬੇਰਹਿਮੀ ਨਾਲ ਸੂਬੇ ਨੂੰ ਆਰਥਿਕ ਮੰਦਹਾਲੀ ਵਿਚ ਪਾਇਆ ਗਿਆ ਸੀ, ਉਸ ‘ਚੋਂ ਕੱਢਣ ਲਈ ਇਹ ਬਜਟ ਮਹੱਤਵਪੂਰਨ ਭੂਮਿਕਾ ਨਿਭਾਏਗਾ।ઠ
ਆਮ ਆਦਮੀ ਪਾਰਟੀ ਨੇ ਦਲਿਤ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਵਿੱਚੋਂ ਕੀਤਾ ਵਾਕਆਊਟ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਦਲਿਤਾਂ ਦੇ ਮੁੱਦੇ ਉਭਾਰੇ ਜਦੋਂ ਉਨ੍ਹਾਂ ਦੀ ਕੋਈ ਗੱਲ ਸਰਕਾਰ ਨੇ ਨਾ ਸੁਣੀ ਤਾਂ ਇਸ ਮਸਲੇ ਨੂੰ ਲੈ ਕੇ ਉਨ੍ਹਾਂ ਵਿਧਾਨ ਸਭਾ ਵਿੱਚੋਂ ਵਾਕਆਊਟ ਕਰ ਦਿੱਤਾ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਨਾ ਹੀ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਮੰਨੀਆਂ ਜਾ ਰਹੀਆਂ ਹਨ ਤੇ ਨਾ ਹੀ ਸਭ ਲਈ ਸਿੱਖਿਆ ਦਾ ਅਧਿਕਾਰ ઠਕਾਨੂੰਨ ਤਹਿਤ ਗਰੀਬ ਬੱਚਿਆਂ ਨੂੰ ਸਕੂਲਾਂ ਵਿੱਚ ਦਾਖ਼ਲਾ ਦਿੱਤਾ ਜਾ ਰਿਹਾ ਹੈ । ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਜਾ ਰਹੇ । ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਹੈ। ਉਨ੍ਹਾਂ ਲੁਧਿਆਣਾ ਵਿੱਚ ਅਧਿਆਪਕਾਂ ‘ਤੇ ਕੀਤੇ ਲਾਠੀਚਾਰਜ ਦੀ ਨਿੰਦਾ ਵੀ ਕੀਤੀ।
ਬੈਂਸ ਭਰਾਵਾਂ ਨੇ ਵਿਧਾਨ ਸਭਾ ਦੇ ਬਾਹਰ ਲਾਇਆ ‘ਰੇਤ ਸਟੋਰ’
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਾਹਰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਅਤੇ ਬਲਵਿੰਦਰ ਬੈਂਸ ਨੇ ਰੇਤ ਮਾਫੀਆ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਬੈਂਸ ਭਰਾਵਾਂ ਨੇ ਵਿਧਾਨ ਸਭਾ ਦੇ ਬਾਹਰ ‘ਰਾਜਾ ਰੇਤ ਸਟੋਰ’ ਦੇ ਨਾਂ ਤੋਂ ਦੁਕਾਨ ਲਾ ਲਈ। ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਵਿਚ ਸਭ ਤੋਂ ਜ਼ਿਆਦਾ ਰੇਤ ਮਹਿੰਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਹੈਲੀਕਾਪਟਰ ਰਾਹੀਂ ਮਾਰੀ ਗਈ ਰੇਡ ਤੋਂ ਪਹਿਲਾਂ ਰੇਤ ਸਸਤੀ ਸੀ ਅਤੇ ਹੁਣ ਮਹਿੰਗੀ ਕਿਉਂ ਹੋ ਗਈ। ਬੈਂਸ ਭਰਾਵਾਂ ਨੇ ਇਕ ਬੋਰਡ ‘ਤੇ ਵੱਖ-ਵੱਖ ਸ਼ਹਿਰਾਂ ਵਿਚ ਰੇਤ ਦੇ ਭਾਅ ਵੀ ਲਿਖ ਦਿੱਤੇ। ਸਿਮਰਜੀਤ ਬੈਂਸ ਨੇ ਕਿਹਾ ਕਿ ਜਦੋਂ ਰੇਤ ਮਾਫੀਆ ਦਾ ਪਹਿਲਾਂ ਰੌਲਾ ਪੈ ਰਿਹਾ ਸੀ ਉਦੋਂ ਪੰਜਾਬ ਵਿੱਚ ਰੇਤ ਦੇ ਇਕ ਟਰੱਕ ਦਾ ਰੇਟ 34 ਹਜ਼ਾਰ ਰੁਪਏ ਸੀ ਤੇ ਹੁਣ ਉਹ ਵਧ ਕੇ 40 ਹਜ਼ਾਰ ਤੋਂ ਲੈ ਕੇ 44 ਹਜ਼ਾਰ ਰੁਪਏ ਤੱਕ ਦਾ ਹੋ ਗਿਆ ਹੈ।
ਮੁਲਾਜ਼ਮਾਂ ਨਾਲ ‘ਪ੍ਰੀਤ’ ਨਾ ਨਿਭਾ ਸਕੇ ਮਨਪ੍ਰੀਤ
ਚੰਡੀਗੜ੍ਹ : ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਜਟ ਵਿਚ 7 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ઠਡੀਏ ਦੀਆਂ ਤਿੰਨ ਕਿਸ਼ਤਾਂ ਦੇਣ ਤੋਂ ਨਾਂਹ ਕਰ ਦਿੱਤੀ। ਨਾਲ ਹੀ ਮੁਲਾਜ਼ਮਾਂ ਸਮੇਤ ਤਨਖ਼ਾਹਦਾਰਾਂ ਉਪਰ ਵਿਕਾਸ ਕਰ ਥੋਪ ਦਿੱਤਾ ਹੈ। ਸਰਕਾਰ ਨੇ ਪੰਜਾਬ ਦੇ 6ਵੇਂ ਤਨਖ਼ਾਹ ਕਮਿਸ਼ਨ ਨੂੰ ਵੀ ਖੂਹ-ਖਾਤੇ ਪਾ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪੂਰੀ ਤਰ੍ਹਾਂ ਅੰਗੂਠਾ ਦਿਖਾ ਦਿੱਤਾ ਹੈ। ਵਿੱਤੀ ਸੰਕਟ ਕਾਰਨ ਨਵੀਂ ਭਰਤੀ ਕਰਨ ਦੀ ਥਾਂ ਮੁਲਾਜ਼ਮਾਂ ਦੀ ਸੇਵਾਮੁਕਤੀ ਵਿੱਚ ਦੋ ਸਾਲ ਦਾ ਵਾਧਾ ਜਾਰੀ ਰੱਖਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ਸਰਕਾਰ ਨੇ ਠੇਕੇ ਦੇ ਆਧਾਰ ‘ਤੇ ਕੰਮ ਕਰਦੇ ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਪੂਰੀਆਂ ਤਨਖ਼ਾਹਾਂ ਵਿੱਚ ਰੈਗੂਲਰ ਕਰਨ ਦੇ ਮੁੱਦੇ ਉਪਰ ਵੀ ਖਾਮੋਸ਼ੀ ਧਾਰ ਲਈ ਹੈ। ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਦੇ ਰਾਹ ਪਏ ਮੁਲਾਜ਼ਮਾਂ ਨੂੰ ਬਜਟ ਤੋਂ ਢੇਰ ਆਸਾਂ ਸਨ ਪਰ ਮਨਪ੍ਰੀਤ ਬਾਦਲ ਵੱਲੋਂ ਪੇਸ਼ ਕੀਤੇ ਗਏ 61 ਪੰਨ੍ਹਿਆਂ ਦੇ ਬਜਟ ਵਿੱਚ ਉਨ੍ਹਾਂ ਦੀਆਂ ਮੰਗਾਂ ਬਾਰੇ ਇਕ ਵੀ ਸ਼ਬਦ ਅੰਕਿਤ ਨਹੀਂ ਕੀਤਾ ਗਿਆ। ਬਜਟ ਪੇਸ਼ ਕਰਨ ਮਗਰੋਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਬਕਾਇਆ ਰਹਿੰਦੀਆਂ ਡੀਏ ਦੀਆਂ ਤਿੰਨ ਕਿਸ਼ਤਾਂ ਅਤੇ ਪੁਰਾਣੀਆਂ ਕਿਸ਼ਤਾਂ ਦੇ 22 ਮਹੀਨਿਆਂ ਦੇ ਬਕਾਏ ਜਾਰੀ ਕਰਨ ਲਈ ਸਰਕਾਰ ਦੀ ਵਿੱਤੀ ਹਾਲਤ ਇਜਾਜ਼ਤ ਨਹੀਂ ਦਿੰਦੀ ਅਤੇ ਜਦੋਂ ਸਰਕਾਰ ਆਰਥਿਕਤਾ ਪੱਖੋਂ ਸਮਰੱਥ ਹੋਵੇਗੀ ਤਾਂ ਉਨ੍ਹਾਂ ਦਾ ਭੁਗਤਾਨ ਕਰ ਦਿੱਤਾ ਜਾਵੇਗਾ। ਖਜ਼ਾਨਾ ਮੰਤਰੀ ਨੇ ਕਿਹਾ ਕਿ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਤਿਆਰ ਕਰਕੇ ਉਸ ਨੂੰ ਲਾਗੂ ਕਰਨ ਦੀ ਅਜੇ ਕੋਈ ਮਨਸ਼ਾ ਨਹੀਂ ਹੈ। ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਅਸੂਲੀ ਤੌਰ ‘ਤੇ ਮੁਲਾਜ਼ਮਾਂ ਦੀ ਸੇਵਾਮੁਕਤੀ ਵਿੱਚ ਵਾਧਾ ਕਰਨ ਦੀ ਥਾਂ ਨਵੀਂ ਭਰਤੀ ਕਰਕੇ ਬੇਰੁਜ਼ਗਾਰੀ ਦੂਰ ਕਰਨੀ ਬਣਦੀ ਹੈ ਪਰ ਵਿੱਤੀ ਸੰਕਟ ਕਾਰਨ ਸਰਕਾਰ ਸੇਵਾਮੁਕਤੀ ਦੀ ਉਮਰ ਵਿੱਚ ਕੀਤੇ ਦੋ ਸਾਲ ਦੇ ਵਾਧੇ ਨੂੰ ਮੌਜੂਦਾ ਹਾਲਾਤ ਕਰਕੇ ਵਾਪਸ ਲੈਣ ਦੇ ਅਸਮਰੱਥ ਹੈ। ਬਾਦਲ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਦੋ ਸਾਲ ਪਹਿਲਾਂ ਸੇਵਾਮੁਕਤ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੀਆਂ ਕਰੋੜਾਂ ਰੁਪਏ ਦੀਆਂ ਅੰਤਮ ਅਦਾਇਗੀਆਂ ਰਿਲੀਜ਼ ਕਰਨ ਦੇ ਵੀ ਸਰਕਾਰ ਸਮਰੱਥ ਨਹੀਂ ਹੈ। ਸਰਕਾਰ ਨੇ ਮੁਲਾਜ਼ਮਾਂ ਉਪਰ 200 ਰੁਪਏ ਪ੍ਰਤੀ ਮਹੀਨਾ ਟੈਕਸ ਥੋਪ ਦਿੱਤਾ ਹੈ ਅਤੇ ਸਾਰੇ ਪੱਕੇ ਮੁਲਾਜ਼ਮ ਆਮਦਨ ਕਰ ਦੇ ਘੇਰੇ ਵਿੱਚ ਆਉਂਦੇ ਹਨ। ਪਹਿਲਾਂ ਵਿਧਾਨ ਸਭਾ ਵਿੱਚ ਪ੍ਰਸ਼ਨਕਾਲ ਦੌਰਾਨ ਜਦੋਂ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਐਸਐਸਏ ਤੇ ਰਮਸਾ ਸਕੀਮਾਂ ਅਧੀਨ ਠੇਕੇ ਦੇ ਆਧਾਰ ‘ਤੇ ਕੰਮ ਕਰਦੇ ਅਧਿਆਪਕਾਂ, ਮੁਲਾਜ਼ਮਾਂ ਅਤੇ ਕੰਪਿਊਟਰ ਟੀਚਰਾਂ ਆਦਿ ਦੀਆਂ ਤਨਖ਼ਾਹਾਂ ਕੱਟ ਕੇ ਮੁੱਢਲੇ 10,300 ਰੁਪਏ ਦੇ ਸਕੇਲ ਵਿਚ ਰੈਗੂਲਰ ਕਰਨ ਦੀ ਤਜਵੀਜ਼ ਬਾਰੇ ਸਪਲੀਮੈਂਟਰੀ ਸਵਾਲ ਕੀਤਾ ਤਾਂ ਮੰਤਰੀ ਨੇ ਇਸ ਸਵਾਲ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਇਸ ਮੁੱਦੇ ਦਾ ਸਵਾਲ ਨਾਲ ਕੋਈ ਸਬੰਧ ਨਹੀਂ ਹੈ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …