Breaking News
Home / ਪੰਜਾਬ / ਪੰਜਾਬ ਪੁਲਿਸ ਨੇ ਯੂਕਰੇਨ ‘ਚੋਂ ਪੰਜਾਬੀ ਮੁੰਡੇ ਬਚਾਏ, ਟਰੈਵਲ ਏਜੰਟ ਗ੍ਰਿਫਤਾਰ

ਪੰਜਾਬ ਪੁਲਿਸ ਨੇ ਯੂਕਰੇਨ ‘ਚੋਂ ਪੰਜਾਬੀ ਮੁੰਡੇ ਬਚਾਏ, ਟਰੈਵਲ ਏਜੰਟ ਗ੍ਰਿਫਤਾਰ

ਜਲੰਧਰ : ਮਾਪਿਆਂ ਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਜਰਮਨੀ ਜਾਣ ਦਾ ਸੁਫਨਾ ਲੈ ਕੇ ਆਪਣੇ ਦੋ ਸਾਥੀਆਂ ਨਾਲ ਪਿਛਲੇ ਸਾਲ 19 ਫਰਵਰੀ ਨੂੰ ਵਿਦੇਸ਼ ਦੀ ਉਡਾਨ ਭਰਨ ਵਾਲੇ ਹਰਦੀਪ ਨੂੰ ਪਤਾ ਨਹੀਂ ਸੀ ਕਿ ਉਹ ਟਰੈਵਲ ਏਜੰਟਾਂ ਦੇ ਮੱਕੜ ਜਾਲ ਕਾਰਨ ਯੂਕਰੇਨ ਵਿਚ ਫਸ ਜਾਣਗੇ। ਯੂਕਰੇਨ ਵਿਚੋਂ ਜਾਨ ਬਚਾ ਕੇ ਆਏ ਹਰਦੀਪ ਤੇ ਉਸ ਦੇ ਸਾਥੀਆਂ ਰਵੀ ਕੁਮਾਰ ਅਤੇ ਗੁਰਪ੍ਰੀਤ ਰਾਮ ਨੂੰ ਉਥੇ ਨਰਕ ਭਰੇ 10 ਮਹੀਨੇ ਕੱਟਣੇ ਪਏ। ਪਿੰਡ ਬਾਜੜਾ ਦੇ ਰਹਿਣ ਵਾਲੇ ਹਰਦੀਪ ਦੱਸਿਆ ਕਿ ਉਹ ਦਿੱਲੀ ਹਵਾਈ ਅੱਡੇ ਪੁੱਜੇ ਤਾਂ ਟਰੈਵਲ ਏਜੰਟ ਨੇ ਜਦੋਂ ਉਨ੍ਹਾਂ ਨੂੰ ਪਾਸਪੋਰਟ ਫੜਾਏ ਤਾਂ ਉਸ ‘ਤੇ ਯੂਕਰੇਨ ਦਾ ਵੀਜ਼ਾ ਸੀ। ਉਨ੍ਹਾਂ ਕਿਹਾ ਕਿ ਉਥੇ 15 ਦਿਨ ਰੁਕਣ ਮਗਰੋਂ ਅੱਗੇ ਟੈਕਸੀ ਰਾਹੀਂ ਜਰਮਨੀ ਪਹੁੰਚਾ ਦਿੱਤਾ ਜਾਵੇਗਾ। ਹਰਦੀਪ ਨੇ ਦੱਸਿਆ ਕਿ ਉਹ ਬਹੁਤ ਹੀ ਖੁਸ਼ ਸਨ, ਕਿਉਂਕਿ ਉਨ੍ਹਾਂ ਨੂੰ ਜਹਾਜ਼ ਚੜ੍ਹਾਉਣ ਤੋਂ ਪਹਿਲਾਂ ਟਰੈਵਲ ਏਜੰਟ ਨੇ ਪੈਸੇ ਨਹੀਂ ਮੰਗੇ ਸਨ। ਉਹ ਆਪਣੇ ਨਾਲ 1500 ਯੂਰੋ ਲੈ ਕੇ ਗਏ ਸਨ। ਉਹ ਜਦੋਂ ਯੂਕਰੇਨ ਉੱਤਰੇ ਤਾਂ ਟਰੈਵਲ ਏਜੰਟ ਦੇ ਦੋ ਬੰਦੇ ਉਨ੍ਹਾਂ ਨੂੰ ਲੈਣ ਆ ਗਏ, ਜਿਨ੍ਹਾਂ ਨੇ ਉਨ੍ਹਾਂ ਕੋਲੋਂ ਪਾਸਪੋਰਟ ਤੇ ਸਾਰੀ ਕਰੰਸੀ ਲੈ ਲਈ ਤੇ ਇਕ ਕਮਰੇ ਵਿਚ ਰਹਿਣ ਲਈ ਕਹਿ ਦਿੱਤਾ। ਉਥੇ ਖਾਣਾ ਵੀ ਠੀਕ ਸੀ ਤੇ ਯੂਕਰੇਨ ਵਿਚ ਉਹ ਘੁੰਮਦੇ ਵੀ ਰਹੇ, ਪਰ ਉਹ 15 ਦਿਨ ਹੀ ਘੁੰਮੇ, ਕਿਉਂਕਿ 15 ਦਿਨਾਂ ਦਾ ਹੀ ਵੀਜ਼ਾ ਸੀ। ਵੀਜ਼ਾ ਖਤਮ ਹੋਣ ‘ਤੇ ਉਨ੍ਹਾਂ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਗਿਆ। ਹਰਦੀਪ ਨੇ ਦੱਸਿਆ ਕਿ ਟਰੈਵਲ ਏਜੰਟ ਨੇ ਤਿੰਨਾਂ ਜਣਿਆਂ ਕੋਲੋਂ ਸਾਢੇ ਦਸ ਲੱਖ ਰੁਪਏ ਹੋਰ ਮੰਗੇ ਤੇ ਕਿਹਾ ਕਿ ਉਨ੍ਹਾਂ ਨੂੰ ਸਰਬੀਆ ਰਾਹੀਂ ਜਰਮਨੀ ਭੇਜ ਦਿੱਤਾ ਜਾਵੇਗਾ। ਉਹ ਬਹੁਤ ਖ਼ਤਰਨਾਕ ਰਸਤਾ ਸੀ, ਕਿਉਂਕਿ ਤੇਲ ਦੇ ਟੈਂਕਰਾਂ ਵਿਚ ਲੁਕੋ ਕੇ ਗ਼ੈਰਕਾਨੂੰਨੀ ਢੰਗ ਨਾਲ ਲੈ ਕੇ ਜਾਣਾ ਸੀ। ਟਰੈਵਲ ਏਜੰਟਾਂ ਨੇ ਉਨ੍ਹਾਂ ਨੂੰ 25 ਨਵੰਬਰ ਨੂੰ ਕਮਰੇ ਵਿਚੋਂ ਬਾਹਰ ਕੱਢ ਦਿੱਤਾ ਤੇ ਉਨ੍ਹਾਂ ਦਾ ਜਰਮਨੀ ਜਾਣ ਦਾ ਸੁਪਨਾ ਟੁੱਟ ਗਿਆ। ਉਨ੍ਹਾਂ ਨੂੰ ਹਾਲਾਤ ਵੇਖ ਕੇ ਲੱਗ ਰਿਹਾ ਸੀ ਕਿ ਉਹ ਉਥੇ ਹੀ ਰਹਿ ਜਾਣਗੇ।ਇਸ ਮਗਰੋਂ ਉਨ੍ਹਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਫੇਸਬੁਕ ‘ਤੇ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ। ਉਥੋਂ ਹੀ ਤਰਨ ਤਾਰਨ ਦੇ ਐੱਸਐੱਸਪੀ ਦਰਸ਼ਨ ਸਿੰਘ ਮਾਨ ਦਾ ਮੋਬਾਈਲ ਨੰਬਰ ਮਿਲਿਆ। ਉਨ੍ਹਾਂ ਐੱਸਐੱਸਪੀ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਥਾਣਾ ਸਦਰ ਦੇ ਐੱਸਐੱਚਓ ਗੁਰਵਿੰਦਰ ਸਿੰਘ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਵਾਪਸ ਲਿਆਂਦਾ ਗਿਆ। ਉਧਰ, ਐੱਸਐੱਸਪੀ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਟਰੈਵਲ ਏਜੰਟ ਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਥਾਣਾ ਸਦਰ ਤਰਨ ਤਾਰਨ ਵਿਚ ਕੇਸ ਦਰਜ ਕੀਤਾ ਹੈ।
ਸਾਊਦੀ ਅਰਬ ਵਿਚ ਫਸੀ ਮੁਟਿਆਰ ਵਾਪਸ ਪੁੱਜੀ
ਤਰਨਤਾਰਨ : ਟਰੈਵਲ ਏਜੰਟਾਂ ਦੇ ਝਾਂਸੇ ਵਿਚ ਆ ਕੇ ਸਾਊਦੀ ਅਰਬ ਗਈ ਇਲਾਕੇ ਦੇ ਕਸਬਾ ਚੋਹਲਾ ਸਾਹਿਬ ਦੀ 27 ਸਾਲਾ ਲੜਕੀ ਨੂੰ ਉਥੇ ਕਈ ਥਾਈਂ ਵੇਚਿਆ ਗਿਆ ਤੇ ਏਜੰਟਾਂ ਨੇ ਉਸ ਦਾ ਪਾਸਪੋਰਟ ਵੀ ਗਾਇਬ ਕਰ ਦਿੱਤਾ। ਪੀੜਤ ਲੜਕੀ ਕੁਝ ਰਹਿਮ ਦਿਲ ਵਿਅਕਤੀਆਂ ਦੀ ਮਦਦ ਨਾਲ ਉਥੇ ਭਾਰਤੀ ਸਫ਼ਾਰਤਖਾਨੇ ਪੁੱਜੀ, ਜਿੱਥੋਂ ਉਸ ਨੂੰ ਪੇਪਰ ਪਾਸਪੋਰਟ ਰਾਹੀਂ ਭਾਰਤ ਵਾਪਸ ਭੇਜਿਆ ਗਿਆ। ਲੜਕੀ ਦੀ ਸ਼ਿਕਾਇਤ ਮਗਰੋਂ ਐੱਸਐੱਸਪੀ ਵੱਲੋਂ ਜਾਰੀ ਹੁਕਮਾਂ ‘ਤੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਦੋ ਮੁਲਜ਼ਮਾਂ ਖ਼ਿਲਾਫ਼ ਧਾਰਾ 13 (ਪੰਜਾਬ ਮਨੁੱਖੀ ਤਸਕਰੀ ਐਕਟ-2012) ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਰਬਜੀਤ ਲਾਲ ਵਾਸੀ ਗੁਰਾਇਆ ਅਤੇ ਨੀਤੂ ਵਾਸੀ ਦਿੱਲੀ ਵਜੋਂ ਹੋਈ ਹੈ। ਪੀੜਤ ਲੜਕੀ ਨੇ ਹੱਡ-ਬੀਤੀ ਬਿਆਨ ਕਰਦੇ ਹੋਏ ਦੱਸਿਆ ਕਿ ਕਰੀਬ ਢਾਈ ਸਾਲ ਪਹਿਲਾਂ ਉਸ ਦੀ ਇਕ ਰਿਸ਼ਤੇਦਾਰ ਨੇ ਉਸ ਨੂੰ ਵਿਦੇਸ਼ ਭੇਜਣ ਲਈ ਆਪਣੇ ਜਾਣੂੰ ਸਰਬਜੀਤ ਲਾਲ ਵਾਸੀ ਗੁਰਾਇਆ ਨਾਲ ਮਿਲਾਇਆ, ਜਿਹੜਾ ਉਸ ਨੂੰ ਦਿੱਲੀ ਦੀ ਨੀਤੂ ਕੋਲ ਲੈ ਗਿਆ। ਲੜਕੀ ਨੇ ਦੱਸਿਆ ਕਿ ਏਜੰਟਾਂ ਨੇ ਉਸ ਨੂੰ ਸਿੰਗਾਪੁਰ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 32,000 ਰੁਪਏ ਲਏ, ਪਰ ਉਸ ਨੂੰ ਸਿੰਗਾਪੁਰ ਦੀ ਥਾਂ ਸਾਊਦੀ ਅਰਬ ਭੇਜ ਦਿੱਤਾ, ਜਿੱਥੇ ਉਸ ਨਾਲ ਗ਼ੈਰ-ਮਨੁੱਖੀ ਵਿਵਹਾਰ ਕੀਤਾ ਗਿਆ। ਉਸ ਨੂੰ ਸਾਊਦੀ ਅਰਬ ਵਿਚ ਤਿੰਨ ਥਾਵਾਂ ‘ਤੇ ਵੇਚਿਆ ਗਿਆ। ਇਸ ਮਗਰੋਂ ਉਹ ਭਾਰਤੀ ਸਫ਼ਾਰਤਖਾਨੇ ਦੇ ਸੰਪਰਕ ‘ਚ ਆਈ, ਜਿੱਥੋਂ ਉਸ ਨੂੰ ਪੇਪਰ ਪਾਸਪੋਰਟ ਜਾਰੀ ਕਰ ਕੇ ਭਾਰਤ ਭੇਜਿਆ ਗਿਆ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …