ਬਰੈਂਪਟਨ/ਡਾ. ਝੰਡ : ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਲੰਘੇ ਸੋਮਵਾਰ 11 ਅਕਤੂਬਰ ਨੂੰ ਹੋਈ 26 ਮੀਲ (42 ਕਿਲੋਮੀਟਰ) ਮੈਰਾਥਨ ਦੌੜ ਵਿਚ ਭਾਗ ਲੈ ਕੇ ਅਤੇ ਇਸ ਨੂੰ ਸਫਲਤਾ ਪੂਰਵਕ ਦੌੜ ਕੇ ਬਰੈਂਪਟਨ-ਵਾਸੀਆਂ ਅਤੇ ਸਮੁੱਚੀ ਪੰਜਾਬੀ ਕਮਿਊਨਿਟੀ ਨੂੰ ਚਾਰ ਚੰਨ ਲਾਏ ਹਨ। ਵਿਸਵ ਇਸ ਮਿਆਰੀ ਮੈਰਾਥਨ ਵਿਚ ਵੱਖ-ਵੱਖ ਦੇਸ਼ਾਂ ਤੋਂ ਆਏ 20,000 ਤੋਂ ਵੱਧ ਦੌੜਾਕਾਂ ਨੇ ਹਿੱਸਾ ਲਿਆ ਜਿਸ ਵਿਚ ਬਰੈਂਪਟਨ ਵਿਚ ਪਿਛਲੇ 8-9 ਸਾਲ ਤੋਂ ਸਫ਼ਲਤਾ ਪੂਰਵਕ ਵਿਚਰ ਰਹੀ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀਪੀਏਆਰ ਕਲੱਬ) ਦੇ ਸਰਗਰਮ ਮੈਂਬਰ ਧਿਆਨ ਸਿੰਘ ਸੋਹਲ ਅਤੇ ਬਰੈਂਪਟਨ ਦੇ ਇਕ ਹੋਰ ਮੈਰਾਥਨ ਦੌੜਾਕ ਸਵਰਨ ਸਿੰਘ ਨੇ ਭਾਗ ਲਿਆ। ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਲਈ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਦੋ ਹੋਰ ਮੈਂਬਰ ਜਗਤਾਰ ਸਿੰਘ ਗਰੇਵਾਲ ਤੇ ਅਵਤਾਰ ਸਿੰਘ ਪਿੰਕੀ ਉਨ੍ਹਾਂ ਦੇ ਨਾਲ ਬੋਸਟਨ ਗਏ ਅਤੇ ਅਮਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਟੀਪੀਏਆਰ ਕਲੱਬ ਦੇ ਮੈਂਬਰਾਂ ਵੱਲੋਂ ਜੀਟੀਐੱਮ ਬਰੈਂਪਟਨ ਦੇ ਦਫ਼ਤਰ ਵਿਚ ਇਕੱਠੇ ਹੋ ਕੇ ਸ਼ੁਭ-ਇੱਛਾਵਾਂ ਦਿੱਤੀਆਂ ਗਈਆਂ ਸਨ।
ਬੋਸਟਨ ਤੋਂ ਇਸ ਮਿਆਰੀ ਦੌੜ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਸੰਧੂਰਾ ਬਰਾੜ ਨੇ ਇਸ ਪੱਤਰਕਾਰ ਨੂੰ ਫ਼ੋਨ ‘ਤੇ ਦੱਸਿਆ ਕਿ ਇਸ ਦੌੜ ਵਿਚ ਹਿੱਸਾ ਲੈਣ ਲਈ 20,000 ਤੋਂ ਵਧੇਰੇ ਲੋਕਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੋਈ ਸੀ ਅਤੇ ਉਹ ਬੜੇ ਜੋਸ਼ ਤੇ ਉਤਸ਼ਾਹ ਨਾਲ ਇਸ ਵਿਚ ਦੌੜਨ ਲਈ ਆਏ। 26 ਮੀਲ ਲੰਮੇ ਇਸ ਦੌੜ ਦੇ ਰੂਟ ਦੇ ਦੋਹੀਂ ਪਾਸੀ ਲੱਖਾਂ ਲੋਕਾਂ ਦਾ ਹਜੂਮ ਇਕੱਠਾ ਹੋਇਆ ਸੀ ਜਿਸ ਦੀ ਗਿਣਤੀ ਅਮਰੀਕਾ ਦੇ ਕਈ ਪੱਤਰਕਾਰਾਂ ਵੱਲੋਂ 14-15 ਲੱਖ ਦੱਸੀ ਗਈ ਹੈ। ਦੌੜ ਦਾ ਇਹ ਰਸਤਾ ਕਈ ਥਾਵਾਂ ‘ਤੇ ਕਾਫ਼ੀ ਉੱਚਾ-ਨੀਵਾਂ ਸੀ ਅਤੇ ਉਚਾਈ ਵੱਲ ਜਾਣ ਲਈ ਦੌੜਾਕਾਂ ਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਸੀ। ਇਸ ਤੋਂ ਇਲਾਵਾ ਹਵਾ ਵਿਚ ਨਮੀ ਦੀ ਮਾਤਰਾ ਵੀ ਚੋਖੀ ਹੋਣ ਕਾਰਨ ਉਨ੍ਹਾਂ ਨੂੰ ਸਾਹ ਵੀ ਚੜ੍ਹ ਰਿਹਾ ਸੀ ਅਤੇ ਉਹ ਕਈ ਵਾਰ ਪੈਦਲ ਚੱਲ ਕੇ ਆਪਣੇ ਸਾਹ ਨੂੰ ਸਾਵਾਂ ਕਰ ਰਹੇ ਸਨ।
ਉਨ੍ਹਾਂ ਹੋਰ ਦੱਸਿਆ ਕਿ ਧਿਆਨ ਸਿੰਘ ਸੋਹਲ ਇਨ੍ਹਾਂ 20,000 ਦੌੜਾਕਾਂ ਵਿਚ ਇਕੱਲੇ ਹੀ ਕੇਸਰੀ ਦਸਤਾਰ ਸਜਾਈ ਅਤੇ ਖੁੱਲ੍ਹੀ ਦਾੜ੍ਹੀ ਨਾਲ ਪੂਰੇ ਸਿੱਖੀ ਸਰੂਪ ਵਿਚ ਸ਼ਾਮਲ ਹੋਏ। ਧਿਆਨ ਸਿੰਘ ਦੀ ਇਸ ਦਿਲ-ਖਿੱਚਵੀ ਦਿੱਖ ਨੂੰ ਵੇਖਦਿਆਂ ਹੋਇਆਂ ਸੜਕ ਦੇ ਕਿਨਾਰਿਆਂ ‘ਤੇ ਖੜ੍ਹੇ ਗੋਰੇ ਅਤੇ ਹੋਰ ਕਮਿਊਨਿਟੀਆਂ ਦੇ ਲੋਕ ਆਪਣੀ ਦੀ ਉੱਚੀ ਆਵਾਜ਼ ਵਿਚ ‘ਗੋ ਧਿਆਨ, ਗੋ ਧਿਆਨ’ ਦੇ ਨਾਅਰਿਆਂ ਨਾਲ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰ ਰਹੇ ਸਨ। ਜ਼ਾਹਿਰ ਹੈ ਕਿ ਧਿਆਨ ਸਿੰਘ ਦਾ ਨਾਂ ਉਨ੍ਹਾਂ ਦੀ ਜਰਸੀ ਉੱਪਰ ਮੋਟੇ ਅੱਖਰਾਂ ਵਿਚ ਪ੍ਰਿੰਟ ਹੋਇਆ ਪੜ੍ਹ ਲਿਆ ਹੋਵੇਗਾ। ਇਸ ਜਰਸੀ ਨੂੰ ਫ਼ਲਾਵਰਸਿਟੀ ਬਰੈਂਪਟਨ ਸਮੇਤ ਕਈ ਹੋਰ ਅਦਾਰਿਆਂ ਨੇ ਸਪਾਂਸਰ ਕੀਤਾ ਹੈ। ਧਿਆਨ ਸਿੰਘ ਸੋਹਲ ਨੇ 20 ਮੀਲ ਦਾ ਰਸਤਾ ਦੌੜ ਕੇ ਤੈਅ ਕੀਤਾ ਅਤੇ ਫਿਰ ਬਾਕੀ 6 ਮੀਲ ਉਹ ਕਦੀ ਦੌੜਦੇ ਤੇ ਕਦੀ ਤੁਰਦੇ ਰਹੇ। ਇਸ ਤਰ੍ਹਾਂ ਉਨ੍ਹਾਂ ਨੇ 26 ਮੀਲ ਦੀ ਇਹ ਮੈਰਾਥਨ ਦੌੜ ਸਫ਼ਲਤਾ ਪੂਰਵਕ ਪੂਰੀ ਕੀਤੀ ਅਤੇ ਅਮਰੀਕਾ ਦੀ ਇਸ ਵੱਕਾਰੀ ਦੌੜ ਵਿਚ ਆਪਣਾ ਨਾਂ ਸਫ਼ਲ ਦੌੜਾਕਾਂ ਵਿਚ ਦਰਜ ਕਰਵਾਇਆ ਹੈ। ਉਨ੍ਹਾਂ ਨੂੰ ਕਲੱਬ ਦੇ ਮੈਂਬਰਾਂ, ਦੋਸਤਾਂ-ਮਿੱਤਰਾਂ ਅਤੇ ਸਨੇਹੀਆਂ ਵੱਲੋਂ ਚਾਰੇ ਪਾਸਿਉਂ ਭਰਪੂਰ ਵਧਾਈਆਂ ਮਿਲ ਰਹੀਆਂ ਹਨ।