2.1 C
Toronto
Friday, November 14, 2025
spot_img
Homeਕੈਨੇਡਾਪੰਜਾਬ ਭਵਨ ਸਰੀ ਵੱਲੋਂ ਚਿੱਤਰਕਾਰ ਜਰਨੈਲ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ

ਪੰਜਾਬ ਭਵਨ ਸਰੀ ਵੱਲੋਂ ਚਿੱਤਰਕਾਰ ਜਰਨੈਲ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ

ਸਮਾਗਮ ਮੌਕੇ ਸਾਹਿਤਕਾਰ, ਪੱਤਰਕਾਰ ਤੇ ਹੋਰ ਸ਼ਖ਼ਸੀਅਤਾਂ ਪੁੱਜੀਆਂ
ਸਰੀ/ਬਿਊਰੋ ਨਿਊਜ਼ : ਪੰਜਾਬ ਭਵਨ ਸਰੀ ‘ਚ ਕਰਵਾਏ ਗਏ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਦੀ ਯਾਦ ‘ਚ ਸ਼ਰਧਾਂਜਲੀ ਸਮਾਗਮ ਦੌਰਾਨ ਜਿਥੇ ਵੱਖ-ਵੱਖ ਬੁਲਾਰਿਆਂ ਨੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ, ਉਥੇ ਜਰਨੈਲ ਸਿੰਘ ਦੀ ਯਾਦ ‘ਚ ਵਿਸ਼ੇਸ਼ ਐਵਾਰਡ ਵੀ ਸ਼ੁਰੂ ਕਰਨ ਜਾਂ ਯਾਦਗਾਰ ਉਸਾਰਨ ਦੇ ਸੁਝਾਅ ਵੀ ਦਿੱਤੇ। ਇਸੇ ਦੌਰਾਨ ਅਖੀਰ ‘ਚ ਬੋਲਦਿਆਂ ਸਮਾਗਮ ਦੇ ਮੁੱਖ ਪ੍ਰਬੰਧਕ ਸੁੱਖੀ ਬਾਠ ਨੇ ਚਿੱਤਰਕਾਰ ਜਰਨੈਲ ਸਿੰਘ ਦੀ ਯਾਦ ‘ਚ ਉਠਾਏ ਜਾਣ ਵਾਲੇ ਕਿਸੇ ਵੀ ਕਦਮ ਲਈ 10 ਹਜ਼ਾਰ ਡਾਲਰ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਜਰਨੈਲ ਸਿੰਘ ਚਿੱਤਰਕਾਰੀ ਦਾ ਉਹ ‘ਜਰਨੈਲ’ ਸੀ, ਜਿਸ ਨੇ ਪੂਰੀ ਜ਼ਿੰਦਗੀ ਸਿੱਖ ਇਤਿਹਾਸ, ਪੰਜਾਬੀ ਸੱਭਿਆਚਾਰ ਅਤੇ ਸਾਡੇ ਆਲੇ ਦੁਆਲੇ ਪਏ ਸੂਖਮ ਭਾਵਾਂ ‘ਚ ਰੰਗ ਭਰੇ ਹਨ। ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਇਕ ਅਜਿਹੀ ਸਖ਼ਸੀਅਤ ਸਨ, ਜਿਨ੍ਹਾਂ ਦੀ ਚੁੱਪੀ ਵੀ ਬੋਲਦੀ ਸੀ ਅਤੇ ਉਹ ਸ਼ਾਂਤ ਸੁਭਾਅ ਰਹਿੰਦਿਆਂ ਵੀ ਗੁਣਾਂ ਦਾ ਵਗਦਾ ਦਰਿਆ ਸਨ ਤੇ ਨੈਤਿਕਤਾ ਉਨ੍ਹਾਂ ਦੇ ਗੁਣਾਂ ਦਾ ਇਕ ਗਹਿਣਾ ਸੀ। ਬਾਠ ਨੇ ਉਨ੍ਹਾਂ ਦੀਆਂ ਪੰਜਾਬ ਭਵਨ ਲਈ ਸੇਵਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਚਿੱਤਰਕਾਰ ਜਰਨੈਲ ਸਿੰਘ ਦੇ ਪਰਿਵਾਰ ਦੀ ਕੈਨੇਡਾ ਵਾਪਸੀ ਤੇ ਉਨ੍ਹਾਂ ਦਾ ਚਿੱਤਰ ਪੰਜਾਬ ਭਵਨ ‘ਚ ਸਥਾਪਤ ਕਰਨ ਦੀ ਜਾਣਕਾਰੀ ਦਿੱਤੀ।
ਇਸ ਮੌਕੇ ਬਾਠ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੇਰੇ ਲਈ ਜਰਨੈਲ ਸਿੰਘ ਦੀ ਯਾਦ ਹਮੇਸ਼ਾ ਅਭੁੱਲ ਰਹੇਗੀ ਤੇ ਪੰਜਾਬ ਭਵਨ ਦੀ ਸਥਾਪਤੀ ਲਈ ਪਾਇਆ ਉਨ੍ਹਾਂ ਦਾ ਯੋਗਦਾਨ ਨਵੀਆਂ ਪੀੜੀਆਂ ਨੂੰ ਆਪਣੇ ਵਿਰਸੇ ਤੇ ਵਿਰਾਸਤ ਨਾਲ ਜੋੜਦਾ ਰਹੇਗਾ। ਸ਼ਰਧਾਂਜਲੀ ਸਮਾਰੋਹ ਦੀ ਸ਼ੁਰੂਆਤ ਕਰਦਿਆਂ ਲੇਖਕ ਅਮਰੀਕ ਪਲਾਹੀ ਨੇ ਚਿੱਤਰਕਾਰ ਜਰਨੈਲ ਸਿੰਘ ਦੀ ਜੀਵਨੀ ‘ਤੇ ਝਾਤ ਪਾਈ ਅਤੇ ਦੱਸਿਆ ਕਿ ਜਰਨੈਲ ਨੂੰ ਚਿੱਤਰ ਕਲਾ ਵਿਰਾਸਤ ‘ਚ ਮਿਲੀ ਸੀ ਤੇ ਉਨ੍ਹਾਂ ਦੇ ਪਿਤਾ ਕਿਰਪਾਲ ਸਿੰਘ ਵੀ ਇਕ ਨਾਮੀ ਚਿੱਤਰਕਾਰ ਸਨ। ਉਨ੍ਹਾਂ ਚਿੱਤਰਕਾਰ ਜਰਨੈਲ ਸਿੰਘ ਨੂੰ ਮਿਲੇ ਅਹਿਮ ਐਵਾਰਡਾਂ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਡਾ. ਸਰਨ ਸਿੰਘ ਨੇ ਕਿਹਾ ਕਿ ਜਰਨੈਲ ਸਿੰਘ ਇਕ ਚੰਗੇ ਚਿੱਤਰਕਾਰ ਦੇ ਨਾਲ ਖੂਬਸੂਰਤ ਇਨਸਾਨ ਵੀ ਸਨ, ਜਿਨ੍ਹਾਂ ‘ਚ ਕਲਾਤਮਿਕ ਜਜ਼ਬਾ ਸਿਖਰ ਤੱਕ ਭਰਿਆ ਹੋਇਆ ਸੀ। ਲੇਖਕ ਪ੍ਰਿਤਪਾਲ ਸਿੰਘ ਸੋਹੀ ਨੇ ਕਿਹਾ ਕਿ ਜਰਨੈਲ ਸਿੰਘ ਦੀਆਂ ਬਣਾਈਆਂ ਤਸਵੀਰਾਂ ਹਮੇਸ਼ਾ ਸਾਨੂੰ ਉਨ੍ਹਾਂ ਦੀ ਯਾਦ ਨਾਲ ਜੋੜੀ ਰੱਖਣਗੀਆਂ ਤੇ ਉਨ੍ਹਾਂ ਦੇ ਪਾਏ ਪੂਰਨੇ ਨਵੀਆਂ ਪੀੜੀਆਂ ਲਈ ਆਦਰਸ ਹੋਣਗੇ। ਉੱਘੇ ਪੱਤਰਕਾਰ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਜਰਨੈਲ ਸਿੰਘ ਚਿੱਤਰਕਾਰੀ ਦਾ ਉਹ ਜਰਨੈਲ ਸੀ, ਜਿਸ ਵਲੋਂ ਚਿੱਤਰਾਂ ਰਾਹੀਂ ਸਿਰਜਿਆ ਇਤਿਹਾਸ ਨਵੀਆਂ ਪੀੜੀਆਂ ਨੂੰ ਵਿਰਾਸਤ ਨਾਲ ਜੋੜੇਗਾ। ਉਨ੍ਹਾਂ ਦੱਸਿਆ ਕੈਨੇਡਾ ‘ਚ ਪੰਜਾਬੀ ਪ੍ਰੈਸ ਕਲੱਬ ਖੜ੍ਹੀ ਕਰਨ ‘ਚ ਉਨ੍ਹਾਂ ਦਾ ਅਹਿਮ ਰੋਲ ਸੀ।
ਲੇਖਕ ਕਵਿੰਦਰ ਚਾਂਦ ਨੇ ਕਿਹਾ ਕਿ ਸਾਹਿਤਕ ਪੱਖ ਤੋਂ ਸੁਰਜੀਤ ਪਾਤਰ ਅਤੇ ਕਲਾ ਦੇ ਪੱਖ ਤੋਂ ਜਰਨੈਲ ਸਿੰਘ ਸਾਡੇ ਕੋਲੋਂ ਅਲਵਿਦਾ ਹੋ ਗਿਆ। ਉਨ੍ਹਾਂ ਕਿਹਾ ਕਿ ਜਰਨੈਲ ਨੂੰ ਹੁਣ ਅਸੀਂ ਚਿੱਤਰਾਂ ‘ਚੋਂ ਦੇਖਿਆ ਕਰਾਂਗੇ। ਇਸ ਮੌਕੇ ਸੁੱਖੀ ਬਾਠ ਦੀ ਪੁੱਤਰੀ ਜੀਵਨ ਬਾਠ ਨੇ ਸਮਾਗਮ ਦੇ ਪ੍ਰਬੰਧ ਦੀ ਦੇਖ ਰੇਖ ਕੀਤੀ।

 

RELATED ARTICLES
POPULAR POSTS