Breaking News
Home / ਕੈਨੇਡਾ / ਭਾਰੀ ਠੰਡ ਦੇ ਬਾਵਜੂਦ ਹੈਮਿਲਟਨ ਵਿਚ ਹੋਈ ਬਾਕਸਿੰਗ-ਡੇਅ

ਭਾਰੀ ਠੰਡ ਦੇ ਬਾਵਜੂਦ ਹੈਮਿਲਟਨ ਵਿਚ ਹੋਈ ਬਾਕਸਿੰਗ-ਡੇਅ

10 ਮੀਲ ਦੌੜ ਵਿਚ ਸੰਜੂ ਗੁਪਤਾ ਨੇ ਲਿਆ ਹਿੱਸਾ
ਬਰੈਂਪਟਨ/ਡਾ. ਝੰਡ : ਕੈਨੇਡਾ ਦੇ ਉੱਤਰ-ਦੱਖਣੀ ਹਿੱਸੇ ਪਿਛਲੇ ਹਫਤੇ ਸਨੋਅ-ਸਟੋਰਮ ਦੇ ਆਉਣ ਨਾਲ ਮੌਸਮ ਦਾ ਮਿਜਾਜ਼ ਕਾਫ਼ੀ ਵਿਗੜ ਗਿਆ। ਨਤੀਜੇ ਵਜੋਂ, ਮੌਸਮੀ ਥਰਮਾਮੀਟਰ ਦਾ ਪਾਰਾ ਮਨਫ਼ੀ ਵਾਲੇ ਪਾਸੇ ਕਾਫ਼ੀ ਥੱਲੇ ਚਲੇ ਗਿਆ ਅਤੇ ਇਸ ਸਮੇਂ ਠੰਢ ਵਿੱਚ ਚੋਖਾ ਵਾਧਾ (ਮਨਫ਼ੀ 16 ਸੈਂਟੀਗਰੇਡ ਤੱਕ) ਹੋ ਗਿਆ। ਪਰ ਜਿਵੇਂ ਕਿਹਾ ਜਾਂਦਾ ਕਿ ਕਾਫ਼ਲੇ ਤੂਫ਼ਾਨਾਂ ਵਿੱਚ ਵੀ ਚੱਲਦੇ ਰਹਿੰਦੇ ਹਨ , ਬਿਲਕੁਲ ਓਸੇ ਤਰ੍ਹਾਂ ਹੈਮਿਲਟਨ ਵਿਚ ਹੋਣ ਵਾਲੀ 10 ਮੀਲ (16 ਕਿਲੋਮੀਟਰ) ਦੌੜ ਜੋ ਪਿਛਲੇ ਕਈ ਸਾਲਾਂ ਤੋਂ ਬਾਕਸਿੰਗ-ਡੇਅ ਵਾਲੇ ਦਿਨ 26 ਦਸੰਬਰ ਨੂੰ ਕਰਵਾਈ ਜਾਂਦੀ ਹੈ, ਦੇ ਪ੍ਰਬੰਧਕਾਂ ਵੱਲੋਂ ਨਿਸਚਿਤ ਬਾਕਸਿੰਗ ਡੇਅ ਵਾਲੇ ਦਿਨ ਲੰਘੇ ਸੋਮਵਾਰ 26 ਦਸੰਬਰ ਨੂੰ ਕਰਵਾਈ ਗਈ। ਬਰੈਂਪਟਨ ਵਿਚ ਰਹਿੰਦੇ ਸੰਜੂ ਗੁਪਤਾ ਜੋ ਇਸ ਮਿਆਰੀ ਦੌੜ ਵਿਚ ਪਹਿਲਾਂ ਵੀ ਚਾਰ ਵਾਰ ਭਾਗ ਲੈ ਚੁੱਕਾ ਹੈ, ਨੇ ਇਸ ਵਿਚ ਪੰਜਵੀਂ ਵਾਰ ਬੜੇ ਉਤਸ਼ਾਹ ਨਾਲ ਸਫ਼ਲਤਾ-ਪੂਰਵਕ ਹਿੱਸਾ ਲਿਆ। ਸੰਸਾਰ-ਭਰ ਵਿਚ ਫੈਲੀ ਕਰੋਨਾ-ਮਹਾਂਮਾਰੀ ਨੇ ਜੀਵਨ ਦੇ ਹਰੇਕ ਪਹਿਲੂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਹੈਮਿਲਟਨ ਦੀ ਵੱਕਾਰੀ ਦੌੜ ਦਾ ਇਹ ਈਵੈਂਟ ਵੀ ਇਸ ਦੌਰਾਨ ਇਸ ਦੇ ਮਾਰੂ ਅਸਰ ਤੋਂ ਬਚ ਨਹੀਂ ਸਕਿਆ। 26 ਦਸੰਬਰ 2020 ਨੂੰ ਦੌੜ ਦੇ ਇਸ ਈਵੈਂਟ ਦੀ ਪ੍ਰਬੰਧਕਾਂ ਵੱਲੋਂ 100 ਵੀਂ ਵਰ੍ਹੇਗੰਢ ਮਨਾਈ ਜਾਣੀ ਸੀ ਜੋ ਕਰੋਨਾ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ ਅਤੇ ਇਹ ਇਸ ਦੇ ਅਗਲੇ ਸਾਲ ਵੀ ਜਾਰੀ ਰਹਿਣ ਕਾਰਨ 26 ਦਸੰਬਰ 2021 ਨੂੰ ਨਾ ਮਨਾਈ ਜਾ ਸਕੀ। ਈਵੈਂਟ ਦੇ ਇਸ ਮਾਣਮੱਤੇ ਸੌਵੇਂ ਸਾਲ ਨੂੰ ਇਸ ਸਾਲ ਮਨਾਉਣ ਦਾ ਪ੍ਰਬੰਧਕਾਂ ਅਤੇ ਦੌੜਾਕਾਂ ਵਿੱਚ ਬੜਾ ਜੋਸ਼ ਅਤੇ ਉਤਸ਼ਾਹ ਸੀ। ਦੌੜਾਕ ਵੱਡੀ ਗਿਣਤੀ ਵਿਚ ਇਸ ਵਿਚ ਹਿੱਸਾ ਲੈਣ ਲਈ ਪਹੁੰਚੇ ਅਤੇ ਪ੍ਰਬੰਧਕਾਂ ਵੱਲੋਂ ਇਸ ਦੇ ਲੋੜੀਂਦੇ ਪ੍ਰਬੰਧ ਬਹੁਤ ਵਧੀਆ ਹੀ ਤਰੀਕੇ ਨਾਲ ਕੀਤੇ ਗਏ।
ਸੰਜੂ ਗੁਪਤਾ ਲਈ ਇਸ ਦੌੜ ਵਿਚ ਭਾਗ ਲੈਣ ਦਾ ਪੰਜਵਾਂ ਮੌਕਾ ਸੀ। ਪਹਿਲੀ ਵਾਰ ਉਸ ਨੇ 26 ਦਸੰਬਰ 2016 ਨੂੰ ਇਸ ਵਿਚ ਹਿੱਸਾ ਲਿਆ ਅਤੇ ਉਸ ਦੇ ਵੱਲੋਂ ਇਹ ਸਿਲਸਿਲਾ 26 ਦਸੰਬਰ 2019 ਤੱਕ ਨਿਰਵਿਘਨ ਚੱਲਦਾ ਰਿਹਾ। ਕਰੋਨਾ ਦੇ ਮਾਰੂ ਪ੍ਰਭਾਵ ਕਰਕੇ ਪਿਛਲੇ ਦੋ ਸਾਲ ਇਹ ਈਵੈਂਟ ਨਾ ਹੋ ਸਕਣ ਕਾਰਨ ਉਹ ਹੋਰ ਦੌੜਾਕਾਂ ਦੇ ਨਾਲ ਇਸ ਸਾਲ ਪੰਜਵੀ ਵਾਰ 26 ਦਸੰਬਰ ਨੂੰ ਇਸ ਵਿਚ ਭਾਗ ਲੈ ਸਕਿਆ। ਦੌੜ ਤੇ ਵਾੱਕ ਦੇ ਇਸ ਈਵੈਂਟ ਵਿਚ ਦੋ ਤਰ੍ਹਾਂ ਦੀਆਂ ਦੌੜਾਂ ਸ਼ਾਮਲ ਸਨ। ਪਹਿਲੀ 10 ਮੀਲ ਦੀ ਅਤੇ ਦੂਸਰੀ 2 ਮੀਲ ਦੀ। ਇਹ ਦੋਵੇਂ ਦੌੜਾਂ ਵਾਈ.ਐੱਮ.ਸੀ.ਏ. ਹਾਲ ਦੇ ਨੇੜੇ ਹੱਗਸਨ ਸਟਰੀਟ ਤੇ ਦੋ ਵੱਖ-ਵੱਖ ਥਾਵਾਂ ਤੋਂ ਠੀਕ 12.00 ਵਜੇ ਆਰੰਭ ਹੋਈਆਂ। ਸੰਜੂ ਗੁਪਤਾ ਨੇ ਦਸ ਮੀਲ ਦੀ ਦੌੜ 2 ਘੰਟੇ 11 ਮਿੰਟਾਂ ਵਿਚ ਸਫ਼ਲਤਾ-ਪੂਰਵਕ ਪੂਰੀ ਕੀਤੀ ਅਤੇ ਇਸ ਦੌੜ ਦੇ ਜੇਤੂਆਂ ਵਿਚ ਆਪਣਾ ਨਾਂ ਦਰਜ ਕਰਵਾਇਆ। ਬਾਅਦ ਦੁਪਹਿਰ ਦੋ ਵਜੇ ਸਥਾਨਕ ਮੇਨ-ਜਿਮਨੇਜ਼ੀਅਮ ਹਾਲ ਵਿਚ ਹੋਏ ਇਨਾਮ-ਵੰਡ ਸਮਾਗ਼ਮ ਵਿਚ ਸਮੂਹ ਜੇਤੂਆਂ ਨੂੰ 3,200 ਡਾਲਰ ਦੇ ਨਕਦ ਇਨਾਮ ਅਤੇ ਵੱਖ-ਵੱਖ ਉਮਰ-ਵਰਗਾਂ ਦੇ ਜੇਤੂਆਂ ਨੂੰ ਸਨੋਅ-ਮੈਨ ਬੈੱਲਟ ਬੱਕਲ ਐਵਾਰਡ ਪ੍ਰਦਾਨ ਕੀਤੇ ਗਏ। ਇਸ ਤਰ੍ਹਾਂ ਇਹ ਵੱਕਾਰੀ ਈਵੈਂਟ ਸਫ਼ਲਤਾ ਪੂਰਵਕ ਸੰਪੰਨ ਹੋਇਆ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …